ਸਪੀਕਰ ਵਲੋਂ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧਾਂ ਸੰਬੰਧੀ ਬਿੱਲ 'ਤੇ ਵਿਧਾਨ ਸਭਾ ਦੇ ਫ਼ੈਸਲੇ ਅਨੁਸਾਰ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ, 19 ਜੁਲਾਈ (ਬਿਊਰੋ ਚੀਫ਼)-ਪੰਜਾਬ ਵਿਧਾਨ ਸਭਾ 'ਚ ਪੇਸ਼ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਲਈ ਬਿੱਲ 'ਤੇ ਹੋਰ ਵਿਚਾਰ ਲਈ ਵਿਧਾਨ ਸਭਾ ਦੀ 'ਸਿਲੈੱਕਟ' ਕਮੇਟੀ ਬਣਾਉਣ ਸੰਬੰਧੀ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਅਨੁਸਾਰ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵਲੋਂ ਅੱਜ 'ਆਪ' ਵਿਧਾਇਕ ਤੇ ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ 'ਚ ਇਕ 15 ਮੈਂਬਰੀ ਕਮੇਟੀ ਦਾ ਗਠਨ ਕਰਨ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ, ਜਿਸ ਨੂੰ 6 ਮਹੀਨੇ 'ਚ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ | ਇਸ ਬਿੱਲ ਨਾਲ ਜੁੜੇ ਕਾਨੂੰਨੀ ਮੁੱਦਿਆਂ ਸੰਬੰਧੀ ਰਾਜ ਦੇ ਐਡਵੋਕੇਟ ਜਨਰਲ ਨੂੰ ਇਸ ਕਮੇਟੀ ਦਾ 'ਐਕਸ ਆਫ਼ੀਸਰ ਮੈਂਬਰ' ਨਾਮਜ਼ਦ ਕੀਤਾ ਗਿਆ ਹੈ | ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ 15 ਜੁਲਾਈ, 2025 ਨੂੰ ਇਸ ਬਿੱਲ 'ਤੇ ਹੋਈ ਬਹਿਸ ਦੌਰਾਨ ਵਿਰੋਧੀ ਧਿਰ ਵਲੋਂ ਬਿੱਲ 'ਚ ਕਈ ਤਰੁੱਟੀਆਂ ਦਾ ਹਵਾਲਾ ਦਿੰਦਿਆਂ ਇਸ ਬਿੱਲ 'ਤੇ ਹੋਰ ਵਿਚਾਰ ਲਈ ਵਿਧਾਨ ਸਭਾ ਦੀ ਕਮੇਟੀ ਦੀ ਮੰਗ ਕੀਤੀ ਗਈ ਸੀ | ਕੁਝ ਮੈਂਬਰਾਂ ਵਿਸ਼ੇਸ਼ ਕਰ ਇਹ ਮੰਗ ਵੀ ਉਠਾਈ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਇਕ ਧਾਰਮਿਕ ਗ੍ਰੰਥ ਹੀ ਨਹੀਂ, ਬਲਕਿ ਸਿੱਖਾਂ ਲਈ ਜੀਵਤ ਗੁਰੂ ਤੇ ਜੋਤ ਵੀ ਹੈ | ਇਨ੍ਹਾਂ ਮੈਂਬਰਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਤਬਾ ਹੋਰਨਾਂ ਗ੍ਰੰਥਾਂ ਨਾਲ ਵੱਖਰਾ ਹੈ | ਮੈਂਬਰਾਂ ਵਲੋਂ ਇਸ ਤੋਂ ਇਲਾਵਾਂ ਧਾਰਮਿਕ ਗ੍ਰੰਥਾਂ ਦੀ ਚੋਰੀ ਜਾਂ ਲਾਪਤਾ ਹੋਣ ਸਮੇਤ ਅਜਿਹੇ ਕਈ ਹੋਰ ਮਾਮਲੇ ਵੀ ਉਠਾਏ ਸਨ, ਜਿਨ੍ਹਾਂ ਨੂੰ ਬਿੱਲ 'ਚ ਨਜ਼ਰਅੰਦਾਜ਼ ਕੀਤਾ ਗਿਆ ਹੈ | ਅਜਿਹੇ ਮਾਮਲਿਆਂ 'ਚ ਜਾਚਾਂ ਪੂਰੀਆਂ ਕਰਨ ਲਈ ਸਮਾਂ ਹੱਦ ਤੈਅ ਕਰਨ ਦੀ ਵੀ ਮੰਗ ਉੱਠੀ ਸੀ | ਮੈਂਬਰਾਂ ਦਾ ਇਹ ਵੀ ਕਹਿਣਾ ਹੈ ਸੀ ਕਿ ਇਸ ਸੰਬੰਧੀ ਵਿਧਾਨ ਸਭਾ ਵਲੋਂ ਪਹਿਲਾਂ ਦੋ ਵਾਰ ਬਣਾਏ ਗਏ ਬਿੱਲ ਪ੍ਰਵਾਨ ਨਹੀਂ ਚੜ੍ਹੇ ਸਨ | ਰਾਜ ਸਰਕਾਰ ਵਲੋਂ ਭਾਵੇਂ ਇਸ ਬਿੱਲ ਨੂੰ ਕਾਨੂੰਨੀ ਅੜਚਣਾਂ ਤੋਂ ਬਚਾਉਣ ਲਈ ਸੂਬਾ ਪੱਧਰੀ ਬਿੱਲ ਬਣਾਉਣ ਦਾ ਫ਼ੈਸਲਾ ਲਿਆ ਸੀ ਪਰ ਮੈਂਬਰਾਂ ਦਾ ਕਹਿਣਾ ਸੀ ਕਿ ਇਕ ਪੂਰੀ ਘੋਖ 'ਤੇ ਵਿਚਾਰ-ਵਟਾਂਦਰੇ ਬਾਅਦ ਹੀ ਅੰਤਿਮ ਰੂਪ ਦਿੱਤਾ ਜਾਣਾ ਚਾਹੀਦਾ ਹੈ | ਸਪੀਕਰ ਪੰਜਾਬ ਵਲੋਂ ਅੱਜ ਬਣਾਈ ਗਈ 15 ਮੈਂਬਰੀ ਕਮੇਟੀ 'ਚ ਡਾ. ਇੰਦਰਬੀਰ ਸਿੰਘ ਨਿੱਜਰ, ਡਾ. ਅਜੇ ਗੁਪਤਾ, ਡਾ. ਅਮਨਦੀਪ ਕੌਰ ਅਰੋੜਾ, ਇੰਦਰਜੀਤ ਕੌਰ ਮਾਨ, ਜਗਦੀਸ਼ ਕੰਬੋਜ, ਜੰਗੀ ਲਾਲ ਮਹਾਜਨ (ਭਾਜਪਾ), ਤਿ੍ਪਤ ਰਾਜਿੰਦਰ ਸਿੰਘ ਬਾਜਵਾ (ਕਾਂਗਰਸ), ਨੀਨਾ ਮਿੱਤਲ, ਪ੍ਰੋ. ਬਲਜਿੰਦਰ ਕੌਰ, ਪਿ੍ੰ. ਬੁੱਧ ਰਾਮ, ਬ੍ਰਹਮ ਸ਼ੰਕਰ ਜਿੰਪਾ, ਬਲਵਿੰਦਰ ਸਿੰਘ ਧਾਲੀਵਾਲ, ਮਦਨ ਲਾਲ ਬੱਗਾ ਅਤੇ ਮਨਪ੍ਰੀਤ ਸਿੰਘ ਇਯਾਲੀ ਤੋਂ ਇਲਾਵਾ ਮੁਹੰਮਦ ਜ਼ਮੀਲ ਉਰ ਰਹਿਮਾਨ ਨੂੰ ਸ਼ਾਮਿਲ ਕੀਤਾ ਗਿਆ ਹੈ | ਆਉਂਦੇ ਕੁਝ ਦਿਨ ਦੌਰਾਨ ਹੀ ਇਸ ਕਮੇਟੀ ਦੀ ਪਹਿਲੀ ਮੀਟਿੰਗ ਰੱਖੇ ਜਾਣ ਦੀ ਸੰਭਾਵਨਾ ਹੈ |
ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ 'ਚ 15 ਮੈਂਬਰੀ ਸਿਲੈਕਟ ਕਮੇਟੀ ਦਾ ਗਠਨ
ਅਜੀਤ ਡੈਸਕ
20-07-2025