25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਭਾਰਤ-ਅਮਰੀਕਾ ਦਰਮਿਆਨ ਵਪਾਰ ਸਮਝੌਤੇ ਲਈ 5ਵੇਂ ਦੌਰ ਦੀ ਗੱਲਬਾਤ ਪੂਰੀ

ਅਜੀਤ ਡੈਸਕ 20-07-2025
ਨਵੀਂ ਦਿੱਲੀ, 19 ਜੁਲਾਈ (ਉਪਮਾ ਡਾਗਾ ਪਾਰਥ)-ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰ ਸਮਝੌਤੇ ਨੂੰ ਲੈ ਕੇ ਦੋਹਾਂ ਧਿਰਾਂ ਦਰਮਿਆਨ ਪੰਜਵੇਂ ਗੇੜ ਦੀ ਗੱਲਬਾਤ ਪੂਰੀ ਹੋ ਗਈ ਹੈ | ਇਹ ਗੱਲਬਾਤ ਵਾਸ਼ਿੰਗਟਨ 'ਚ 14 ਜੁਲਾਈ ਤੋਂ 17 ਜੁਲਾਈ ਤੱਕ ਚੱਲੀ | ਇਸ ਗੱਲਬਾਤ 'ਚ ਭਾਰਤ ਦੀ ਅਗਵਾਈ ਵਣਜ ਵਿਭਾਗ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਕਰ ਰਹੇ ਹਨ | ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਵੇਂ ਗੇੜ ਦੀ ਗੱਲਬਾਤ ਖ਼ਤਮ ਹੋਣ 'ਤੇ ਭਾਰਤੀ ਟੀਮ ਵਾਪਸ ਆ ਰਹੀ ਹੈ | ਜ਼ਿਕਰਯੋਗ ਹੈ ਕਿ ਦੋਵੇਂ ਧਿਰਾਂ 1 ਅਗਸਤ ਤੋਂ ਪਹਿਲਾਂ ਅੰਤਰਿਮ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ 'ਤੇ ਵਿਚਾਰ ਕਰ ਰਹੀਆਂ ਹਨ | ਮੰਨਿਆ ਜਾ ਰਿਹਾ ਹੈ ਕਿ ਪੰਜਵੇਂ ਗੇੜ ਦੀ ਗੱਲਬਾਤ ਦੌਰਾਨ ਖੇਤੀਬਾੜੀ ਅਤੇ ਆਟੋ ਮੋਬਾਈਲ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਹੋਈ | ਗੈਰ-ਬਾਜ਼ਾਰ ਅਰਥਵਿਵਸਥਾ ਅਤੇ ਐਸ. ਸੀ. ਓ. ਐਮ. ਟੀ. ਈ (ਵਿਸ਼ੇਸ਼ ਰਸਾਇਣ, ਜੀਵ, ਸਮੱਗਰੀ, ਉਪਕਰਨ ਅਤੇ ਤਕਨਾਲੋਜੀ) ਨਾਲ ਨਜਿੱਠਣ ਦੇ ਤਰੀਕਿਆਂ 'ਤੇ ਵੀ ਗੱਲਬਾਤ ਹੋਈ | ਖੇਤੀਬਾੜੀ ਅਤੇ ਡੇਅਰੀ ਉਤਪਾਦਾਂ 'ਤੇ ਟੈਕਸ 'ਚ ਰਿਆਇਤ ਦੀ ਅਮਰੀਕੀ ਮੰਗ 'ਤੇ ਭਾਰਤ ਨੇ ਆਪਣਾ ਰੁਖ ਸਖ਼ਤ ਕਰ ਲਿਆ ਹੈ | ਡੇਅਰੀ ਖੇਤਰ 'ਚ ਮੁਕਤ ਵਪਾਰ ਸਮਝੌਤੇ 'ਚ ਭਾਰਤ ਨੇ ਹੁਣ ਤੱਕ ਆਪਣੇ ਕਿਸੇ ਵੀ ਵਪਾਰਕ ਭਾਈਵਾਲ ਨੂੰ ਕੋਈ ਟੈਕਸ ਰਿਆਇਤ ਨਹੀਂ ਦਿੱਤੀ ਹੈ | ਕੁਝ ਕਿਸਾਨ ਸੰਗਠਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਵਪਾਰ ਸਮਝੌਤੇ 'ਚ ਖੇਤੀਬਾੜੀ ਨਾਲ ਜੁੜੇ ਕਿਸੇ ਵੀ ਮੁੱਦੇ ਨੂੰ ਸ਼ਾਮਿਲ ਨਾ ਕੀਤਾ ਜਾਵੇ | ਭਾਰਤ ਇਸ ਵਾਧੂ ਟੈਕਸ (26 ਫ਼ੀਸਦੀ) ਨੂੰ ਹਟਾਉਣ ਦੀ ਮੰਗ ਕਰ ਰਿਹਾ ਹੈ | ਇਸ ਦੇ ਇਲਾਵਾ ਸਟੀਲ ਅਤੇ ਐਲੂਮੀਨੀਅਮ (50 ਫ਼ੀਸਦੀ) ਅਤੇ ਆਟੋ (25 ਫ਼ੀਸਦੀ) ਖੇਤਰਾਂ 'ਤੇ ਟੈਕਸ 'ਚ ਢਿੱਲ ਦੀ ਵੀ ਮੰਗ ਕਰ ਰਿਹਾ ਹੈ | ਇਨ੍ਹਾਂ ਦੇ ਵਿਰੁੱਧ ਭਾਰਤ ਨੇ ਵਿਸ਼ਵ ਵਪਾਰ ਸੰਗਠਨ ਦੇ ਮਾਪਦੰਡਾਂ ਤਹਿਤ ਜਵਾਬੀ ਟੈਕਸ ਲਗਾਉਣ ਦਾ ਆਪਣਾ ਅਧਿਕਾਰ ਸੁਰੱਖਿਅਤ ਰੱਖਿਆ ਹੈ | ਪ੍ਰਸਤਾਵਿਤ ਵਪਾਰ ਸਮਝੌਤੇ 'ਚ ਭਾਰਤ ਕਿਰਤ ਸੰਬੰਧੀ ਖੇਤਰਾਂ ਜਿਵੇਂ ਟੈਕਸਟਾਈਲ, ਰਤਨ ਤੇ ਗਹਿਣੇ, ਚਮੜੇ ਦਾ ਸਾਮਾਨ, ਕੱਪੜੇ, ਪਲਾਸਟਿਕ, ਰਸਾਇਣ, ਝੀਂਗਾ, ਤੇਲ ਬੀਜ, ਅੰਗੂਰ ਅਤੇ ਕੇਲੇ ਲਈ ਵੀ ਟੈਕਸ ਰਿਆਇਤ ਦੀ ਮੰਗ ਕਰ ਰਿਹਾ ਹੈ | ਦੂਸਰੇ ਪਾਸੇ ਅਮਰੀਕਾ ਕੁੱਝ ਉਦਯੋਗਿਕ ਵਸਤੂਆਂ, ਆਟੋਮੋਬਾਈਲ, ਵਿਸ਼ੇਸ਼ ਕਰਕੇ ਇਲੈਕਟਿ੍ਕ ਵਾਹਨਾਂ, ਵਾਈਨ, ਪੈਟਰੋਕੈਮੀਕਲ ਉਤਪਾਦਾਂ, ਖੇਤੀਬਾੜੀ ਵਸਤੂਆਂ, ਡੇਅਰੀ ਉਤਪਾਦਾਂ, ਸੇਬ, ਮੇਵੇ ਅਤੇ ਜੈਨੇਟਿਕ ਤੌਰ 'ਤੇ ਸੋਧੀਆਂ ਫ਼ਸਲਾਂ 'ਤੇ ਟੈਕਸ 'ਚ ਰਿਆਇਤ ਚਾਹੁੰਦਾ ਹੈ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਤਹਿਤ ਪ੍ਰਧਾਨ ਦੀ ਚੋਣ ਲਈ 11 ਅਗਸਤ ਨੂੰ ਬੁਲਾਇਆ ਜਨਰਲ ਇਜਲਾਸ ਅਗਲੀ ਖ਼ਬਰ ਜਲੰਧਰ ਨੇੜੇ ਏ.ਟੀ.ਐਮ ਨੂੰ ਕੱਟ ਕੇ 14 ਲੱਖ ਰੁਪਏ ਲੁੱਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।