25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਤਹਿਤ ਪ੍ਰਧਾਨ ਦੀ ਚੋਣ ਲਈ 11 ਅਗਸਤ ਨੂੰ ਬੁਲਾਇਆ ਜਨਰਲ ਇਜਲਾਸ

ਅਜੀਤ ਡੈਸਕ 20-07-2025

ਭਰਤੀ ਕਮੇਟੀ ਵਲੋਂ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋਣ ਦੀ ਅਪੀਲ
ਅਕਾਲੀ ਰਵਾਇਤ ਅਨੁਸਾਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੀ ਹੋਵੇਗਾ ਜਨਰਲ ਇਜਲਾਸ
ਪ੍ਰੋ. ਅਵਤਾਰ ਸਿੰਘ

ਚੰਡੀਗੜ੍ਹ, 19 ਜੁਲਾਈ-ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ 2 ਦਸੰਬਰ, 2024 ਨੂੰ ਬਣੀ ਭਰਤੀ ਕਮੇਟੀ ਦੇ ਕਾਰਜਸ਼ੀਲ ਮੈਂਬਰਾਂ ਮਨਪ੍ਰੀਤ ਸਿੰਘ ਇਯਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਇਕਬਾਲ ਸਿੰਘ ਝੂੰਦਾਂ, ਜਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਭਰਤੀ ਮੁਹਿੰਮ ਨੂੰ ਮਿਲੇ ਸਮਰਥਨ 'ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਸਮੁੱਚੇ ਵਰਕਰਾਂ ਦਾ ਧੰਨਵਾਦ ਕੀਤਾ | ਚੰਡੀਗੜ੍ਹ ਵਿਖੇ ਇਕ ਮੀਟਿੰਗ ਉਪਰੰਤ ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਸਿੱਖ ਪੰਥ ਦੀਆਂ ਭਾਵਨਾਵਾਂ ਅਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ 'ਪ੍ਰਧਾਨ' ਸਮੇਤ ਪੰਜਾਬ ਪ੍ਰਸਤ ਲੀਡਰਸ਼ਿਪ ਦੀ ਭਾਲ ਨੂੰ ਪੂਰਾ ਕਰਨ ਦੇ ਤਰੱਦਦ ਹੇਠ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮਿ੍ਤਸਰ 'ਚ ਜਨਰਲ ਇਜਲਾਸ ਬੁਲਾਇਆ ਗਿਆ ਹੈ | ਪੰਜਾਬ ਸਮੇਤ ਦੂਜੇ ਸੂਬਿਆਂ ਤੋਂ ਚੁਣੇ ਗਏ ਸਟੇਟ ਡੈਲੀਗੇਟ ਇਜਲਾਸ 'ਚ ਹਿੱਸਾ ਲੈਣਗੇ | ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ 21 ਜੁਲਾਈ ਤੋਂ ਲੈ ਕੇ 30 ਜੁਲਾਈ ਤੱਕ ਜ਼ਿਲ੍ਹਾ ਅਤੇ ਸਟੇਟ ਡੈਲੀਗੇਟ ਦੀ ਲੋਕਤੰਤਰਿਕ ਤਰੀਕੇ ਜ਼ਰੀਏ ਸੂਬੇ ਭਰ 'ਚੋਂ ਹਲਕਾਵਾਰ ਚੋਣ ਕੀਤੀ ਜਾਵੇਗੀ | ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਜਾਰੀ ਹੁਕਮਨਾਮਾ ਸਾਹਿਬ 'ਚ ਆਦੇਸ਼ ਸਨ ਕਿ ਵੱਖ-ਵੱਖ ਧੜੇ ਚੁੱਲ੍ਹੇ ਸਮੇਟ ਕੇ ਇਕੱਠੇ ਹੋਣ, ਉਸੇ ਆਦੇਸ਼ਾਂ ਦੀ ਰੌਸ਼ਨੀ 'ਚ ਕਮੇਟੀ ਮੈਂਬਰਾਂ ਨੇ ਮੁੜ ਖੁੱਲ੍ਹਾ ਸੱਦਾ ਦਿੰਦਿਆਂ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ | ਖ਼ਾਸ ਤੌਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਗ਼ੀ ਹੋ ਕੇ ਭਰਤੀ ਕਰਨ ਵਾਲੇ ਧੜੇ ਦੇ ਪ੍ਰਧਾਨ ਸਮੇਤ ਬਾਕੀ ਸਾਰੇ ਆਗੂਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਵੀ ਆਪਣੀਆਂ ਅਹੁਦੇਦਾਰੀਆਂ ਤਿਆਗ ਕੇ ਅਤੇ ਦਲ ਭੰਗ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ | ਭਰਤੀ ਕਮੇਟੀ ਨੇ ਫਿਰ ਆਪਣੇ ਸਟੈਂਡ ਸਪਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਨੈਤਿਕ ਅਧਿਕਾਰ ਗੁਆ ਚੁੱਕੀ ਲੀਡਰਸ਼ਿਪ ਨੂੰ ਲਾਂਭੇ ਕਰਕੇ ਜੋ ਪੰਥ ਪ੍ਰਵਾਨਿਤ ਲੀਡਰਸ਼ਿਪ ਦੇਣ ਦੇ ਆਦੇਸ਼ ਸਨ ਉਸ ਦੀ ਇੰਨਬਿੰਨ ਪਾਲਣਾ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 2 ਦਸੰਬਰ, 2024 ਨੂੰ ਇਕ ਹੁਕਮਨਾਮਾ ਜਾਰੀ ਕਰਕੇ ਕਿਹਾ ਗਿਆ ਸੀ ਕਿ ਮੌਜੂਦਾ ਲੀਡਰਸ਼ਿਪ ਆਪਣੇ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ | ਸਾਰੇ ਧੜਿਆਂ ਨੂੰ ਇਕ ਮੁੱਠ ਹੋਣ ਦੀ ਅਪੀਲ ਕਰਦਿਆਂ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਭਰਤੀ ਕਮੇਟੀ ਬਣਾਈ ਗਈ ਸੀ | ਜਿਸ ਵਲੋਂ ਆਪਣੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਗਿਆ | ਉਧਰ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਵਲੋਂ ਆਪਣੇ ਵੱਖਰੇ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ ਹੈ | ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਪ੍ਰਕਿਰਿਆ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਕੀ ਹੋਵੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ |

ਪਿਛਲੀ ਖ਼ਬਰ ਗੈਂਗਸਟਰਵਾਦ ਤੇ ਨਸ਼ੇ ਅਕਾਲੀ ਦਲ ਤੇ ਕਾਂਗਰਸ ਦੀ ਦੇਣ-ਚੀਮਾ ਅਗਲੀ ਖ਼ਬਰ ਭਾਰਤ-ਅਮਰੀਕਾ ਦਰਮਿਆਨ ਵਪਾਰ ਸਮਝੌਤੇ ਲਈ 5ਵੇਂ ਦੌਰ ਦੀ ਗੱਲਬਾਤ ਪੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।