ਨਵੀਂ ਦਿੱਲੀ, 19 ਜੁਲਾਈ (ਪੀ. ਟੀ. ਆਈ)-ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਅੱਜ 'ਇੰਡੀਆ' ਗੱਠਜੋੜ ਵਲੋਂ ਮੀਟਿੰਗ ਕਰਕੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਸੰਬੰਧੀ ਚਰਚਾ ਕੀਤੀ ਗਈ | ਗੱਠਜੋੜ 'ਚ ਸ਼ਾਮਿਲ 22 ਪਾਰਟੀਆਂ ਦੇ ਆਗੂਆਂ ਨੇ ਵਰਚੂਅਲ ਮੀਟਿੰਗ 'ਚ ਫ਼ੈਸਲਾ ਕੀਤਾ ਕਿ ਸੰਸਦ 'ਚ ਸਰਕਾਰ ਨੂੰ ਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ ਹੁਣ ਨਿਆਂ ਦੇ ਕਟਹਿਰੇ 'ਚ ਨਾ ਲਿਆ ਸਕਣ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਅਤੇ ਪਾਕਿਸਤਾਨ 'ਚ ਜੰਗਬੰਦੀ ਕਰਵਾਉਣ ਦੇ ਵਾਰ-ਵਾਰ ਕੀਤੇ ਜਾ ਰਹੇ ਦਾਅਵਿਆਂ ਅਤੇ ਬਿਹਾਰ 'ਚ ਵੋਟਰ ਸੂਚੀਆਂ ਦੀ ਸੋਧ ਦੇ ਮੁੱਦਿਆਂ 'ਤੇ ਘੇਰਿਆ ਜਾਵੇਗਾ | ਮੀਟਿੰਗ ਦੇ ਬਾਅਦ ਰਾਜ ਸਭਾ 'ਚ ਕਾਂਗਰਸ ਦੇ ਉੱਪ ਨੇਤਾ ਪ੍ਰਮੋਦ ਤਿਵਾੜੀ ਨੇ ਮੀਡੀਆ ਨੂੰ ਦੱਸਿਆ ਕਿ ਵਿਰੋਧੀ ਪਾਰਟੀਆਂ ਉਮੀਦ ਕਰਦੀਆਂ ਹਨ ਕਿ ਪ੍ਰਧਾਨ ਮੰਤਰੀ ਸੰਸਦ 'ਚ ਹਾਜ਼ਰ ਰਹਿਣਗੇ ਅਤੇ ਸਦਨ 'ਚ ਉਠਾਏ ਗਏ ਮੁੱਦਿਆਂ 'ਤੇ ਜਵਾਬ ਦੇਣਗੇ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਸਦ ਵਿਦੇਸ਼ ਦੌਰਿਆਂ ਤੋਂ ਜ਼ਿਆਦਾ ਮਹੱਤਵਪੂਰਨ ਹੈ | ਤਿਵਾੜੀ ਨੇ ਕਿਹਾ ਮੀਟਿੰਗ ਦੌਰਾਨ ਆਗੂਆਂ ਭਾਰਤ ਦੀ ਵਿਦੇਸ਼ ਨੀਤੀ 'ਤੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਹੀ ਦੇਸ਼ ਦੇ ਹਰ ਮੁੱਦੇ ਪ੍ਰਤੀ ਜਵਾਬਦੇਹ ਹਨ | ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੰਸਦ ਚੱਲੇ ਤਾਂ ਜੋ ਅਸੀਂ ਮੁੱਦੇ ਉਠਾਈਏ ਅਤੇ ਸਰਕਾਰ ਜਵਾਬ ਦੇਵੇ | ਮੀਟਿੰਗ 'ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਐਨ.ਸੀ.ਪੀ ਦੇ ਸ਼ਰਦ ਪਵਾਰ, ਊਧਵ ਠਾਕਰੇ (ਐਸ.ਐਸ.-ਯੂ.ਬੀ.ਟੀ), ਅਭਿਸ਼ੇਕ ਬੈਨਰਜੀ (ਟੀ.ਐਮ.ਸੀ), ਤੇਜਸਵੀ ਯਾਦਵ (ਆਰ. ਜੇ. ਡੀ.), ਰਾਮ ਗੋਪਾਲ ਯਾਦਵ (ਐਸ. ਪੀ.), ਤਿਰੁਚੀ ਸਿਵਾ (ਡੀ.ਐਮ.ਕੇ), ਡੀ. ਰਾਜਾ (ਸੀ. ਪੀ. ਆਈ.) ਅਤੇ ਹੋਰ ਆਗੂ ਹਾਜ਼ਰ ਸਨ |