25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨਸ਼ਾ ਛੁਡਾਊ ਕੇਂਦਰਾਂ 'ਚ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਮਾਮਲੇ ਵਿਚ ਈ.ਡੀ. ਵਲੋਂ ਛਾਪੇ

ਅਜੀਤ ਡੈਸਕ 19-07-2025

ਵੱਖ-ਵੱਖ ਟੀਮਾਂ ਨੇ ਲੁਧਿਆਣਾ, ਬਰਨਾਲਾ, ਚੰਡੀਗੜ੍ਹ ਤੇ ਮੁੰਬਈ 'ਚ ਕੀਤੀ ਕਾਰਵਾਈ
ਜਲੰਧਰ, 18 ਜੁਲਾਈ (ਸ਼ਿਵ)-ਨਸ਼ਾ ਛਡਾਓ ਕੇਂਦਰਾਂ ਵਿਚ ਨਸ਼ੀਲੀਆਂ ਦਵਾਈਆਂ ਦੀ ਵਿੱਕਰੀ ਨਾਲ ਜੁੜੇ ਮਾਮਲੇ ਵਿਚ ਮਨੀ ਲਾਂਡਰਿੰਗ ਦੀ ਜਾਂਚ ਵਜੋਂ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਅੱਜ ਵੱਡੀ ਕਾਰਵਾਈ ਕਰਦੇ ਹੋਏ ਚੰਡੀਗੜ੍ਹ, ਲੁਧਿਆਣਾ, ਬਰਨਾਲਾ ਅਤੇ ਮੁੰਬਈ ਵਿਚ ਛਾਪੇਮਾਰੀ ਕੀਤੀ ਗਈ | ਈ. ਡੀ. ਜਲੰਧਰ ਜ਼ੋਨ ਦੀਆਂ ਟੀਮਾਂ ਵਲੋਂ ਵੱਖ-ਵੱਖ ਥਾਵਾਂ 'ਤੇ ਇਹ ਛਾਪੇਮਾਰੀ ਕੀਤੀ ਗਈ ਹੈ | ਦੱਸਿਆ ਜਾਂਦਾ ਹੈ ਕਿ ਪੂਰਾ ਮਾਮਲਾ ਸੂਬੇ ਵਿਚ ਚੱਲ ਰਹੇ 22 ਨਸ਼ਾ ਮੁਕਤੀ ਕੇਂਦਰਾਂ 'ਚ ਨਸ਼ੀਲੀਆਂ ਦਵਾਈਆਂ ਦੀ ਨਾਜਾਇਜ਼ ਵਿੱਕਰੀ ਨਾਲ ਜੁੜਿਆ ਹੋਇਆ ਹੈ, ਜਿਸ ਕਰਕੇ ਕੇਂਦਰੀ ਏਜੰਸੀ ਵਲੋਂ ਇਹ ਛਾਪੇਮਾਰੀ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਨਸ਼ਾ ਮੁਕਤੀ ਕੇਂਦਰਾਂ ਵਿਚ ਮਰੀਜ਼ਾਂ ਨੂੰ ਬੀ.ਐਨ.ਐਕਸ. ਬਿਊਪ੍ਰੇਨਾਰਫਿਨ ਨਾਲੋਕਸੋਨ ਨਾਂਅ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤੇ ਇਹ ਦਵਾਈਆਂ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ੇ ਦੀ ਆਦਤ ਛੁਡਾਉਣ ਲਈ ਦਿੱਤੀਆਂ ਜਾਂਦੀਆਂ ਪਰ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਉਕਤ ਦਵਾਈਆਂ ਨੂੰ ਲੋੜ ਤੋਂ ਜ਼ਿਆਦਾ ਮਾਤਰਾ ਵਿਚ ਵੇਚ ਕੇ ਨਵੇਂ ਤਰ੍ਹਾਂ ਦੀ ਨਸ਼ੇ ਦੀ ਆਦਤ ਲਈ ਇਸ ਦੀ ਵਰਤੋਂ ਕੀਤੀ ਜਾ ਰਹੀ ਸੀ | ਪੰਜਾਬ ਪੁਲਿਸ ਵਲੋਂ ਅਮਿੱਤ ਬਾਂਸਲ ਨਾਂਅ ਦੇ ਡਾਕਟਰ, ਇੱਕ ਫਾਰਮਾਸਿਊਟੀਕਲ ਕੰਪਨੀ, ਇੱਕ ਡਰੱਗ ਇੰਸਪੈਕਟਰ ਅਤੇ ਕੁੱਝ ਹੋਰਾਂ ਵਿਰੁੱਧ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਸਨ | ਵਿਭਾਗੀ ਸੂਤਰਾਂ ਨੇ ਦੱਸਿਆ ਕਿ ਬਾਂਸਲ ਪੰਜਾਬ ਭਰ ਵਿਚ 22 ਨਸ਼ਾ ਛੁਡਾਊ ਕੇਂਦਰ ਚਲਾਉਂਦੇ ਹਨ | ਡਾ. ਬਾਂਸਲ ਦੁਆਰਾ ਚਲਾਏ ਜਾ ਰਹੇ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਨੂੰ ਪੰਜਾਬ ਸਰਕਾਰ ਨੇ ਆਪਣੀਆਂ ਸਹੂਲਤਾਂ 'ਚ ਦਾਖਲ ਮਰੀਜ਼ਾਂ ਨੂੰ (ਬਿਊਪ੍ਰੇਨੋਰਫਾਈਨ, ਨਾਲੋਕਸੋਨ) ਦਵਾਈ ਪ੍ਰਦਾਨ ਕਰਨ ਦਾ ਕੰਮ ਸੌਂਪਿਆ ਹੈ, ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ | ਸੂਤਰਾਂ ਨੇ ਦਾਅਵਾ ਕੀਤਾ ਕਿ ਡਾ. ਬਾਂਸਲ ਨੇ ਆਪਣੇ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਸਹੂਲਤਾਂ ਦੀ ਦੁਰਵਰਤੋਂ ਕੀਤੀ ਅਤੇ ਅਜਿਹੇ ਨਸ਼ਿਆਂ ਦੀ ਗੈਰ-ਕਾਨੂੰਨੀ ਵਿੱਕਰੀ ਵਿਚ ਸ਼ਾਮਲ ਸੀ ¢ ਸੂਤਰਾਂ ਮੁਤਾਬਿਕ ਇੱਕ ਮਹਿਲਾ ਡਰੱਗ ਇੰਸਪੈਕਟਰ ਰੁਪਿੰਦਰ ਕੌਰ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਉਸ ਨੇ ਕਥਿਤ ਤÏਰ 'ਤੇ ਡਾ. ਬਾਂਸਲ ਨੂੰ ਉਸ ਦੇ ਹਸਪਤਾਲਾਂ ਤੋਂ ਦਵਾਈਆਂ ਦੀ ਚੋਰੀ ਨਾਲ ਸੰਬੰਧਿਤ ਗ਼ਲਤ ਨਿਰੀਖਣ ਰਿਪੋਰਟ ਅੱਗੇ ਭੇਜਣ ਵਿਚ ਸਹਾਇਤਾ ਕੀਤੀ ਸੀ | ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਆਪਣੀ ਕਾਰਵਾਈ ਵਿਚ ਰੁਸਨ ਫਾਰਮਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਈ. ਡੀ. ਵਲੋਂ ਛਾਪੇਮਾਰੀ ਹੋਣ ਤੋਂ ਬਾਅਦ ਹੋਰ ਵੀ ਅਹਿਮ ਜਾਣਕਾਰੀਆਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਹੈ |
ਲੁਧਿਆਣਾ 'ਚ ਛਾਪੇਮਾਰੀ
ਲੁਧਿਆਣਾ, (ਜਗਮੀਤ ਸਿੰਘ)-ਈ.ਡੀ ਵਲੋਂ ਅੱਜ ਲੁਧਿਆਣਾ 'ਚ ਵੀ ਛਾਪੇਮਾਰੀ ਕੀਤੀ ਗਈ | ਛਾਪੇਮਾਰੀ ਦੌਰਾਨ ਈ.ਡੀ. ਅਧਿਕਾਰੀਆਂ ਨੇ ਵਿੱਤੀ ਦਸਤਾਵੇਜ਼ਾਂ ਅਤੇ ਇਲੈੱਕਟ੍ਰਾਨਿਕ ਉਪਕਰਨ ਵੀ ਜ਼ਬਤ ਕੀਤੇ | ਈ.ਡੀ. ਦੀ ਟੀਮ ਅਨੁਸਾਰ ਲੁਧਿਆਣਾ ਦੀ ਇਕ ਮਹਿਲਾ ਡਰੱਗ ਇੰਸਪੈਕਟਰ ਨੂੰ ਵੀ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ | ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਡਰੱਗ ਰੈਕਟ ਦਾ ਇਹ ਮਾਮਲਾ 7 ਮਹੀਨੇ ਪਹਿਲਾਂ ਉਸ ਸਮੇਂ ਚਰਚਾ 'ਚ ਆਇਆ ਸੀ ਜਦੋਂ ਚੰਡੀਗੜ੍ਹ ਦੇ ਇਕ ਡਾਕਟਰ ਦੀ ਗਿ੍ਫ਼ਤਾਰੀ ਹੋਈ ਸੀ, ਜਿਸ ਉਪਰ ਨਸ਼ਾ ਛੁਡਾਊ ਸਹੂਲਤਾਂ ਦੇ ਨੈੱਟਵਰਕ ਰਾਹੀਂ ਗੈਰ-ਰਜਿਸਟਰਡ ਉਪਭੋਗਤਾਵਾਂ ਨੂੰ ਐਡਨੋਕ-ਐਨ ਦੀ ਪਾਬੰਦੀਸ਼ੁਦਾ ਦਵਾਈ ਵੇਚਣ ਦਾ ਦੋਸ਼ ਸੀ | ਅਧਿਕਾਰੀਆਂ ਨੇ ਵੱਡੇ ਪੱਧਰ 'ਤੇ ਇਨ੍ਹਾਂ ਬੇਨਿਯਮੀਆਂ ਦਾ ਪਰਦਾਫਾਸ਼ ਕਰਦੇ ਹੋਏ ਨਕੋਦਰ ਦੇ ਇਕ ਹਸਪਤਾਲ ਦੀ ਦਵਾਈਆਂ ਦੀ ਸੂਚੀ 'ਚੋਂ 1.44 ਲੱਖ ਗੋਲੀਆਂ ਕਥਿਤ ਤੌਰ 'ਤੇ ਗ਼ਾਇਬ ਪਾਉਣ ਦੇ ਨਾਲ ਹੀ ਵੱਖ-ਵੱਖ ਨਿੱਜੀ ਕੇਂਦਰਾਂ ਤੋਂ ਪਾਬੰਦੀਸ਼ੁਦਾ ਦਵਾਈਆਂ ਅਤੇ ਨਕਦੀ ਕਬਜ਼ੇ 'ਚ ਲਈ ਸੀ |

ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਯੋਜਨਾ ਆਮ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇ ਨਾਲ ਰਿਹਾਇਸ਼ ਮੁਹੱਈਆ ਕਰਵਾਏਗੀ-ਚੀਮਾ ਅਗਲੀ ਖ਼ਬਰ ਈ.ਡੀ. ਵਲੋਂ ਸ਼ਰਾਬ ਘੁਟਾਲੇ 'ਚ ਭੁਪੇਸ਼ ਬਘੇਲ ਦਾ ਬੇਟਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।