25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਈ.ਡੀ. ਵਲੋਂ ਸ਼ਰਾਬ ਘੁਟਾਲੇ 'ਚ ਭੁਪੇਸ਼ ਬਘੇਲ ਦਾ ਬੇਟਾ ਗਿ੍ਫ਼ਤਾਰ

ਅਜੀਤ ਡੈਸਕ 19-07-2025

5 ਦਿਨ ਦੇ ਰਿਮਾਂਡ 'ਤੇ ਭੇਜਿਆ
ਰਾਏਪੁਰ (ਛੱਤੀਸਗੜ੍ਹ), 18 ਜੁਲਾਈ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 2100 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ਵਿਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੇ ਪੁੱਤਰ ਚੈਤੰਨਿਆ ਬਘੇਲ ਨੂੰ ਗਿ੍ਫ਼ਤਾਰ ਕਰ ਲਿਆ ਹੈ | ਈ.ਡੀ. ਨੇ ਚੈਤੰਨਿਆ ਬਘੇਲ ਨੂੰ ਰਾਏਪੁਰ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ | ਅਦਾਲਤ ਨੇ ਚੈਤੰਨਿਆ ਨੂੰ 22 ਜੁਲਾਈ ਤੱਕ ਈ.ਡੀ. ਦੇ 5 ਦਿਨਾਂ ਰਿਮਾਂਡ 'ਤੇ ਭੇਜ ਦਿੱਤਾ ਹੈ | ਅਦਾਲਤ 'ਚ ਭੁਪੇਸ਼ ਬਘੇਲ, ਚਰਣਦਾਸ ਮਹੰਤ, ਮੁਹੰਮਦ ਅਕਬਰ ਸਮੇਤ ਕਈ ਵੱਡੇ ਨੇਤਾ ਮੌਜੂਦ ਰਹੇ | ਈ.ਡੀ. ਨੇ ਉਸ ਦੀ ਗਿ੍ਫ਼ਤਾਰੀ ਤੋਂ ਪਹਿਲਾਂ ਚੈਤੰਨਿਆ ਬਘੇਲ ਦੀ ਭਿਲਾਈ ਸਥਿਤ ਰਿਹਾਇਸ਼ 'ਤੇ ਛਾਪਾ ਮਾਰਿਆ ਸੀ | ਭੁਪੇਸ਼ ਬਘੇਲ ਵੀ ਇਸੇ ਰਿਹਾਇਸ਼ 'ਤੇ ਆਪਣੇ ਪੁੱਤਰ ਨਾਲ ਰਹਿੰਦੇ ਹਨ | ਇਸ ਤੋਂ ਪਹਿਲਾਂ ਵੀ ਸੰਘੀ ਜਾਂਚ ਏਜੰਸੀ ਨੇ 10 ਮਾਰਚ ਨੂੰ ਚੈਤੰਨਿਆ ਬਘੇਲ ਵਿਰੁੱਧ ਇਸੇ ਤਰ੍ਹਾਂ ਦੇ ਛਾਪੇ ਮਾਰੇ ਸਨ | ਸੂਤਰਾਂ ਨੇ ਦੱਸਿਆ ਕਿ ਚੈਤੰਨਿਆ ਬਘੇਲ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ ਦੀ ਧਾਰਾ 19 ਦੇ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਹ ਉਕਤ ਮਾਮਲੇ ਵਿਚ ਨਵੇਂ ਸਬੂਤ ਮਿਲਣ ਤੋਂ ਬਾਅਦ ਕੀਤੀ ਗਈ ਤਲਾਸ਼ੀ ਦੌਰਾਨ ਕਥਿਤ ਤੌਰ 'ਤੇ ਸਹਿਯੋਗ ਨਹੀਂ ਕਰ ਰਿਹਾ ਸੀ | ਉਨ੍ਹਾਂ ਦੱਸਿਆ ਕਿ ਈ.ਡੀ. ਦੇ ਛਾਪੇ ਦੌਰਾਨ ਬਘੇਲ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਸਨ ਜਦੋਂਕਿ ਕੁਝ ਪਾਰਟੀ ਸਮਰਥਕ ਵੀ ਇਕੱਠੇ ਹੋਏ ਸਨ |
ਕੇਂਦਰੀ ਏਜੰਸੀਆਂ ਦੀ ਕੀਤੀ ਜਾ ਰਹੀ ਹੈ ਦੁਰਵਰਤੋਂ-ਬਘੇਲ
ਉਧਰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਜ ਕਿਹਾ ਕਿ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਨਿਆਂਪਾਲਿਕਾ ਵਿਚ ਪੂਰਨ ਵਿਸ਼ਵਾਸ ਹੈ ਅਤੇ ਉਹ ਜਾਂਚ ਲਈ ਪੂਰਨ ਸਹਿਯੋਗ ਕਰਨਗੇ | ਭਿਲਾਈ ਸਥਿਤ ਆਪਣੇ ਘਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭੁਪੇਸ਼ ਬਘੇਲ ਨੇ ਕਿਹਾ ਕਿ ਆਪਣੇ ਆਕਵਾਂ ਨੂੰ ਖ਼ੁਸ਼ ਕਰਨ ਲਈ ਮੋਦੀ ਅਤੇ ਸ਼ਾਹ ਨੇ ਮੇਰੇ ਘਰ ਈ.ਡੀ. ਭੇਜ ਦਿੱਤੀ ਹੈ ਪਰ ਅਸੀਂ ਨਾ ਡਰਾਂਗੇ ਅਤੇ ਨਾ ਹੀ ਝੁਕਾਂਗੇ | ਅਸੀਂ ਸੱਚਾਈ ਲਈ ਲੜਾਈ ਲੜਾਂਗੇ | ਉਨ੍ਹਾਂ ਅੱਗੇ ਕਿਹਾ ਕਿ ਇਕ ਪਾਸੇ ਬਿਹਾਰ 'ਚ ਚੋਣ ਕਮਿਸ਼ਨ ਦੀ ਮਦਦ ਨਾਲ ਵੋਟਰਾਂ ਦੇ ਨਾਮ (ਵੋਟਰ ਸੂਚੀ) ਤੋਂ ਹਟਾਏ ਜਾ ਰਹੇ ਹਨ | ਲੋਕਤੰਤਰ ਦਾ ਗਲਾ ਘੁਟਿਆ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਵਿਰੋਧੀ ਨੇਤਾਵਾਂ ਨੂੰ ਦਬਾਉਣ ਲਈ ਈ.ਡੀ., ਆਮਦਨ ਕਰ, ਸੀ.ਬੀ.ਆਈ. ਅਤੇ ਡੀ.ਆਰ.ਆਈ. ਦੀ ਦਰਵਰਤੋਂ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਈ.ਡੀ. ਦੇ ਛਾਪਿਆਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ | ਉਨ੍ਹਾਂ ਕਿਹਾ ਕਿ ਇਹ ਛਾਪੇ ਅਜਿਹੇ ਮੌਕੇ ਮਾਰੇ ਗਏ ਹਨ ਜਦੋਂ ਵਿਧਾਨ ਸਭਾ ਦਾ ਅੱਜ ਆਖਰੀ ਦਿਨ ਹੈ | ਭੁਪੇਸ਼ ਬਘੇਲ ਦੇ ਪੁੱਤਰ ਖ਼ਿਲਾਫ਼ ਈ.ਡੀ. ਦੀ ਕਾਰਵਾਈ ਦੇ ਰੋਸ ਵਜੋਂ ਕਾਂਗਰਸ ਨੇ ਛੱਤੀਸਗੜ੍ਹ ਵਿਧਾਨ ਸਭਾ ਦੀ ਕਾਰਵਾਈ ਦਾ ਬਾਈਕਾਟ ਕੀਤਾ ਹੈ | ਆਗੂਆਂ ਨੇ ਕਿਹਾ ਕਿ ਏਜੰਸੀ ਵਿਰੋਧੀ ਧਿਰ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਚੈਤੰਨਿਆ ਦਾ ਜਨਮ ਦਿਨ ਸੀ |

ਪਿਛਲੀ ਖ਼ਬਰ ਨਸ਼ਾ ਛੁਡਾਊ ਕੇਂਦਰਾਂ 'ਚ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਮਾਮਲੇ ਵਿਚ ਈ.ਡੀ. ਵਲੋਂ ਛਾਪੇ ਅਗਲੀ ਖ਼ਬਰ ਅਮਰੀਕਾ ਨੇ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ 'ਦਿ ਰੈਜ਼ਿਸਟੈਂਸ ਫ਼ਰੰਟ' ਨੂੰ ਅੱਤਵਾਦੀ ਸੰਗਠਨ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।