ਅਮਰੀਕਾ ਨੇ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ 'ਦਿ ਰੈਜ਼ਿਸਟੈਂਸ ਫ਼ਰੰਟ' ਨੂੰ ਅੱਤਵਾਦੀ ਸੰਗਠਨ ਐਲਾਨਿਆ
ਅਜੀਤ ਡੈਸਕ
19-07-2025
ਨਿਊਯਾਰਕ/ਵਾਸ਼ਿੰਗਟਨ, 18 ਜੁਲਾਈ (ਪੀ. ਟੀ. ਆਈ.)-ਪਹਿਲਗਾਮ ਅੱਤਵਾਦੀ ਹਮਲੇ ਦੇ ਸਾਜ਼ਿਸ਼ਘਾੜਿਆਂ ਦੀ ਪਹਿਚਾਣ ਕਰਨ ਦੇ ਭਾਰਤ ਦੇ ਦਾਅਵਿਆਂ ਨਾਲ ਸਹਿਮਤੀ ਜਤਾਉਂਦਿਆਂ ਅਮਰੀਕਾ ਨੇ ਪਾਕਿਸਤਾਨ ਸਥਿਤ 'ਦਿ ਰੈਜ਼ਿਸਟੈਂਸ ਫਰੰਟ (ਟੀ.ਆਰ.ਐਫ.) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ (ਐਫ.ਟੀ.ਓ.) ਅਤੇ ਵਿਸ਼ੇਸ਼ ਤੌਰ 'ਤੇ ਨਾਮਜ਼ਦ ਗਲੋਬਲ ਅੱਤਵਾਦੀ (ਐਸ. ਡੀ. ਜੀ. ਟੀ.) ਵਜੋਂ ਨਾਮਜ਼ਦ ਕੀਤਾ ਹੈ | ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਟੀ.ਆਰ.ਐਫ. ਜੋ ਲਸ਼ਕਰ-ਏ-ਤੋਇਬਾ (ਐਲ.ਈ.ਟੀ.) ਦਾ ਹੀ ਇਕ ਫ਼ਰੰਟ ਅਤੇ ਪ੍ਰੌਕਸੀ ਹੈ, ਨੇ 22 ਅਪ੍ਰੈਲ, 2025 ਨੂੰ ਹੋਏ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਇਸ ਹਮਲੇ 'ਚ 26 ਭਾਰਤੀ ਨਾਗਰਿਕ ਮਾਰੇ ਗਏ ਸਨ | ਰੂਬੀਓ ਨੇ ਕਿਹਾ ਕਿ 'ਵਿਦੇਸ਼ ਵਿਭਾਗ 'ਦਿ ਰੈਜ਼ਿਸਟੈਂਸ ਫਰੰਟ' (ਟੀ.ਆਰ.ਐਫ.) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ (ਐਫ.ਟੀ.ਓ.) ਅਤੇ ਵਿਸ਼ੇਸ਼ ਤÏਰ 'ਤੇ ਨਾਮਜ਼ਦ ਗਲੋਬਲ ਅੱਤਵਾਦੀ (ਐਸ. ਡੀ. ਜੀ. ਟੀ.) ਵਜੋਂ ਨਾਮਜ਼ਦ ਕਰ ਰਿਹਾ ਹੈ¢' ਵਿਦੇਸ਼ ਮੰਤਰੀ ਨੇ ਕਿਹਾ ਕਿ ਟੀ.ਆਰ.ਐਫ. ਤੇ ਹੋਰਨਾਂ ਉਪ ਨਾਵਾਂ ਨੂੰ ਕ੍ਰਮਵਾਰ ਇੰਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਦੀ ਧਾਰਾ 219 ਅਤੇ ਕਾਰਜਕਾਰੀ ਆਦੇਸ਼ 13224 ਅਨੁਸਾਰ ਲਸ਼ਕਰ-ਏ-ਤੋਇਬਾ ਦੇ ਮੌਜੂਦਾ ਉਪਨਾਮ ਵਿਚ ਐਫ.ਟੀ.ਓ. ਅਤੇ ਐਸ.ਡੀ.ਜੀ.ਟੀ. ਵਜੋਂ ਜੋੜਿਆ ਗਿਆ ਹੈ¢ ਵਿਦੇਸ਼ ਵਿਭਾਗ ਨੇ ਐਲ.ਈ.ਟੀ. ਦੇ ਐਫ.ਟੀ.ਓ. ਅਹੁਦੇ ਦੀ ਵੀ ਸਮੀਖਿਆ ਕੀਤੀ ਹੈ ਅਤੇ ਇਸ ਨੂੰ ਬਰਕਰਾਰ ਰੱਖਿਆ ਹੈ | ਟੀ.ਆਰ.ਐਫ. ਵਿਰੁੱਧ ਇਹ ਕਾਰਵਾਈ ਭਾਰਤ ਵਲੋਂ ਲਗਾਤਾਰ ਬਣਾਏ ਦਬਾਅ ਤੋਂ ਬਾਅਦ ਕੀਤੀ ਗਈ ਹੈ | ਮਈ ਦੇ ਅੱਧ ਵਿਚ ਆਪ੍ਰੇਸ਼ਨ ਸੰਧੂਰ ਤੋਂ ਕੁਝ ਦਿਨ ਬਾਅਦ ਭਾਰਤੀ ਵਫ਼ਦ ਨੇ ਸੰਯੁਕਤ ਰਾਸ਼ਟਰ ਦੇ ਅੱਤਵਾਦ ਵਿਰੋਧੀ ਦਫ਼ਤਰ (ਯੂ.ਐਨ.ਓ.ਸੀ.ਟੀ.) ਅਤੇ ਅੱਤਵਾਦ ਵਿਰੋਧੀ ਕਮੇਟੀ ਦੇ ਕਾਰਜਕਾਰੀ ਡਾਇਰੈਕਟੋਰੇਟ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਟੀ.ਆਰ.ਐਫ. ਬਾਰੇ ਵੇਰਵੇ ਦਿੱਤੇ ਸਨ | ਇਸ ਦੌਰਾਨ ਰੂਬੀਓ ਨੇ ਆਪਣੇ ਬਿਆਨ ਵਿਚ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲਾ 2008 ਵਿਚ ਲਸ਼ਕਰ-ਏ-ਤੋਇਬਾ ਵਲੋਂ ਕੀਤੇ ਗਏ ਮੁੰਬਈ ਹਮਲਿਆਂ ਤੋਂ ਬਾਅਦ ਭਾਰਤ ਵਿਚ ਨਾਗਰਿਕਾਂ 'ਤੇ ਸਭ ਤੋਂ ਘਾਤਕ ਹਮਲਾ ਸੀ | ਟੀ.ਆਰ.ਐਫ. ਨੇ ਭਾਰਤੀ ਸੁਰੱਖਿਆ ਬਲਾਂ ਵਿਰੁੱਧ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਜਿਨ੍ਹਾਂ ਵਿਚ 2024 'ਚ ਕੀਤਾ ਇਕ ਹਮਲਾ ਵੀ ਸ਼ਾਮਿਲ ਹੈ | ਰੂਬੀਓ ਨੇ ਕਿਹਾ ਕਿ ਵਿਦੇਸ਼ ਵਿਭਾਗ ਦੀ ਇਹ ਕਾਰਵਾਈ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਕੌਮੀ ਸੁਰੱਖਿਆ ਹਿੱਤਾਂ ਦੀ ਰੱਖਿਆ, ਅੱਤਵਾਦ ਦਾ ਮੁਕਾਬਲਾ ਕਰਨ ਅਤੇ ਪਹਿਲਗਾਮ ਹਮਲੇ ਲਈ ਨਿਆਂ ਲਈ ਰਾਸ਼ਟਰਪਤੀ ਟਰੰਪ ਦੇ ਸੱਦੇ ਨੂੰ ਲਾਗੂ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ |