ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 14 ਜੁਲਾਈ-ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਤੀਜੇ ਦਿਨ ਬੇਅਦਬੀ ਖ਼ਿਲਾਫ਼ 'ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025' ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿਚ ਪੇਸ਼ ਕੀਤਾ | ਹਾਲਾਂਕਿ ਇਸ ਬਿੱਲ 'ਤੇ ਬਹਿਸ ਅਤੇ ਚਰਚਾ ਭਲਕੇ ਕੀਤੀ ਜਾਵੇਗੀ | ਸਦਨ 'ਚ ਬਿੱਲ ਪੇਸ਼ ਕਰਨ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, 'ਆਪ' ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਹੋਰ ਪਾਰਟੀਆਂ ਦੇ ਪ੍ਰਧਾਨਾਂ ਨਾਲ ਆਪਣੇ ਚੈਂਬਰ 'ਚ ਮੀਟਿੰਗ ਕੀਤੀ ਗਈ | ਸਦਨ 'ਚ ਬਿੱਲ ਪੇਸ਼ ਕਰਨ ਮਗਰੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਬਿੱਲ 'ਤੇ ਦੋ ਘੰਟੇ ਚਰਚਾ ਕਰਵਾਉਣ ਦਾ ਸਮਾਂ ਤੈਅ ਕੀਤਾ ਅਤੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਨੂੰ ਉਨ੍ਹਾਂ ਦੀ ਗਿਣਤੀ ਅਨੁਸਾਰ ਚਰਚਾ ਤੇ ਬਹਿਸ ਕਰਨ ਦਾ ਸਮਾਂ ਮਿਲੇਗਾ | ਬਹਿਸ ਲਈ ਆਮ ਆਦਮੀ ਪਾਰਟੀ ਨੂੰ ਇਕ ਘੰਟਾ 35 ਮਿੰਟ, ਕਾਂਗਰਸ ਨੂੰ 16 ਮਿੰਟ, ਸ਼੍ਰੋਮਣੀ ਅਕਾਲੀ ਦਲ ਨੂੰ 3 ਮਿੰਟ, ਭਾਜਪਾ ਨੂੰ 2 ਮਿੰਟ, ਬਸਪਾ ਨੂੰ 2 ਮਿੰਟ ਅਤੇ ਆਜ਼ਾਦ ਉਮੀਦਵਾਰ ਨੂੰ ਵੀ 2 ਮਿੰਟ ਦਿੱਤੇ ਜਾਣਗੇ | ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਬਿੱਲ 'ਤੇ ਕੱਲ੍ਹ 15 ਜੁਲਾਈ ਨੂੰ ਚਰਚਾ ਕਰਵਾਉਣ ਦੀ ਮੰਗ ਕੀਤੀ ਅਤੇ ਤਰਕ ਦਿੱਤਾ ਕਿ ਬਿੱਲ ਦਾ ਖਰੜਾ ਉਨ੍ਹਾਂ ਨੂੰ ਪੇਸ਼ ਕਰਨ ਤੋਂ 15 ਮਿੰਟ ਪਹਿਲਾਂ ਹੀ ਮਿਲਿਆ ਹੈ, ਉਸ ਨੂੰ ਵਿਸਥਾਰ ਨਾਲ ਅਧਿਐਨ ਕਰਨ ਤੋਂ ਬਾਅਦ ਹੀ ਇਸ 'ਤੇ ਚਰਚਾ ਕਰਨੀ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਇਹ ਬਿੱਲ ਹਰ ਵਰਗ ਦੇ ਲੋਕਾਂ ਦੇ ਹਿੱਤਾਂ ਨਾਲ ਜੁੜਿਆ ਹੋਇਆ ਹੈ | ਇਸ ਲਈ ਇਸ ਬਿੱਲ ਨੂੰ ਜਲਦਬਾਜ਼ੀ ਵਿਚ ਚਰਚਾ ਕਰਨ ਦੀ ਥਾਂ ਗਹਿਰਾਈ ਨਾਲ ਪੜ੍ਹਨ ਤੋਂ ਬਾਅਦ ਚਰਚਾ ਕਰਵਾਈ ਜਾਣੀ ਚਾਹੀਦੀ ਹੈ | ਹਾਲਾਂਕਿ ਬੇਅਦਬੀ ਬਾਰੇ ਬਿੱਲ 'ਤੇ ਚਰਚਾ ਭਲਕੇ (ਮੰਗਲਵਾਰ) ਲਈ ਮੁਲਤਵੀ ਕਰ ਦਿੱਤੀ ਗਈ | ਇਸ ਦੇ ਨਾਲ ਹੀ ਸਪੀਕਰ ਨੇ ਸਦਨ ਮੰਗਲਵਾਰ ਸਵੇਰੇ 10 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ |
ਇਸ ਤੋਂ ਪਹਿਲਾਂ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ ਵਿਚ ਜਾਣਕਾਰੀ ਦਿੱਤੀ ਕਿ ਪੰਜਾਬ ਵਿਚ ਜਲ ਭੰਡਾਰਾਂ ਦਾ ਪੱਧਰ ਸਥਿਰ ਹੈ ਅਤੇ ਸੂਬੇ ਵਿਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵਲੋਂ ਜਲ ਭੰਡਾਰਾਂ (ਰੇਜ਼ਰਵਾਇਰਾਂ) ਵਿਚ ਪਾਣੀ ਦਾ ਪੱਧਰ ਵਧਣ ਕਾਰਨ ਨੀਵੇਂ ਇਲਾਕਿਆਂ 'ਚ ਹੜ੍ਹਾਂ ਦੇ ਖ਼ਤਰੇ ਨੂੰ ਰੋਕਣ ਸੰਬੰਧੀ ਪੇਸ਼ ਕੀਤੇ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ 10 ਜੁਲਾਈ, 2025 ਤੱਕ ਪ੍ਰਮੁੱਖ ਜਲ ਭੰਡਾਰਾਂ ਵਿਚ ਪਾਣੀ ਦਾ ਪੱਧਰ ਸੁਰੱਖਿਅਤ ਹੱਦ ਦੇ ਅੰਦਰ ਰਿਹਾ | ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਵਿਚ ਮੌਜੂਦਾ ਪੱਧਰ 1590.48 ਫੁੱਟ ਹੈ, ਜੋ 2023 ਦੇ ਹੜ੍ਹਾਂ ਦੌਰਾਨ 10 ਜੁਲਾਈ, 2023 ਨੂੰ 1614.89 ਫੁੱਟ ਸੀ | ਇਸੇ ਤਰ੍ਹਾਂ ਪੌਂਗ ਡੈਮ ਵਿਚ ਮੌਜੂਦਾ ਪੱਧਰ 1325.48 ਫੁੱਟ ਹੈ, ਜੋ 2023 ਦੇ ਹੜ੍ਹਾਂ ਦੌਰਾਨ 10 ਜੁਲਾਈ, 2023 ਨੂੰ 1350.63 ਫੁੱਟ ਸੀ | ਰਣਜੀਤ ਸਾਗਰ ਡੈਮ ਵਿਚ ਮੌਜੂਦਾ ਪੱਧਰ 505.41 ਮੀਟਰ ਹੈ, ਜੋ 2023 ਦੇ ਹੜ੍ਹਾਂ ਦੌਰਾਨ 10 ਜੁਲਾਈ, 2023 ਨੂੰ 520.2 ਮੀਟਰ ਸੀ | ਜਲ ਸਰੋਤ ਮੰਤਰੀ ਨੇ ਦੱਸਿਆ ਕਿ ਤਿੰਨੋਂ ਜਲ ਭੰਡਾਰ ਸੁਰੱਖਿਅਤ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਖ਼ਤਰੇ ਦੇ ਪੱਧਰ ਤੋਂ ਕਾਫ਼ੀ ਘੱਟ ਹਨ | ਉਨ੍ਹਾਂ ਦੱਸਿਆ ਕਿ ਸਰਕਾਰ ਨੇ ਹੜ੍ਹਾਂ ਦੀ ਰੋਕਥਾਮ ਲਈ 204.5 ਕਰੋੜ ਰੁਪਏ ਦੇ ਫ਼ੰਡ ਅਲਾਟ ਕੀਤੇ ਹਨ | ਐਸ.ਡੀ.ਐਮ.ਐਫ, ਮਨਰੇਗਾ ਅਤੇ ਵਿਭਾਗੀ ਫ਼ੰਡਾਂ ਦੀ ਵਰਤੋਂ ਨਾਲ 599 ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ | ਵਿਭਾਗੀ ਮਸ਼ੀਨਰੀ ਦੀ ਵਰਤੋਂ ਕਰਕੇ 4766 ਕਿੱਲੋਮੀਟਰ ਤੋਂ ਵੱਧ ਨਾਲਿਆਂ, ਨਦੀਆਂ ਅਤੇ ਚੋਆਂ ਦੀ ਗਾਰ ਸਾਫ਼ ਕੀਤੀ ਗਈ ਹੈ | ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫ਼ੰਡ (ਐਸ.ਡੀ.ਐਮ.ਐਫ.) ਅਧੀਨ ਬੰਨ੍ਹਾਂ ਦੀ ਮਜ਼ਬੂਤੀ ਲਈ ਪ੍ਰਾਜੈਕਟ ਲਏ ਗਏ ਹਨ | ਜ਼ਿਲਿ੍ਹਆਂ ਵਿਚ 8.76 ਲੱਖ ਈ.ਸੀ. ਬੈਗ (ਬੋਰੀਆਂ) ਖ਼ਰੀਦੇ ਗਏ ਹਨ ਅਤੇ 2.42 ਲੱਖ ਬੋਰੀਆਂ ਭਰ ਕੇ ਰੱਖੀਆਂ ਗਈਆਂ ਹਨ | ਇਸ ਤੋਂ ਇਲਾਵਾ ਮਿੱਟੀ ਦੀ ਸਥਿਰਤਾ ਨੂੰ ਵਧਾਉਣ ਲਈ 53,400 ਬਾਂਸ ਦੇ ਬੂਟੇ ਲਗਾਉਣ ਦੇ ਨਾਲ-ਨਾਲ 1044 ਚੈੱਕ ਡੈਮ, 3957 ਸੋਕ ਪਿਟ ਅਤੇ 294 ਕਿੱਲੋਮੀਟਰ ਲੰਬੇ ਵੈਟੀਵਰ ਘਾਹ ਦੇ ਬੂਟੇ ਪੂਰੇ ਕੀਤੇ ਗਏ ਹਨ | ਸੂਬੇ ਵਿਚ ਕੰਟਰੋਲ ਰੂਮ ਸਰਗਰਮ ਹਨ, ਐਮਰਜੈਂਸੀ ਰਿਸਪਾਂਸ ਟੀਮਾਂ ਤਿਆਰ ਹਨ ਅਤੇ ਸੰਵੇਦਨਸ਼ੀਲ ਖੇਤਰਾਂ 'ਚ ਦਰਿਆਵਾਂ ਅਤੇ ਨਾਲਿਆਂ ਦੀ ਅਸਲ-ਸਮੇਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ |
2 ਅਹਿਮ ਬਿੱਲ ਸਰਬਸੰਮਤੀ ਨਾਲ ਪਾਸ
ਇਜਲਾਸ ਦੌਰਾਨ ਸਭਾ ਵਲੋਂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧ) ਬਿੱਲ, 2025 ਅਤੇ ਪੰਜਾਬ ਨਮਿੱਤਣ ਐਕਟ (ਰਪੀਲ) ਬਿੱਲ, 2025 ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਗਏ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧ) ਬਿੱਲ, 2025 ਅਤੇ ਪੰਜਾਬ ਨਮਿੱਤਣ ਐਕਟ (ਰਪੀਲ) ਬਿੱਲ, 2025 ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿਕਾਸ ਟੈਕਸ (ਸੋਧ) ਬਿੱਲ, 2025 ਦਾ ਉਦੇਸ਼ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਐਕਟ, 2018 ਨੂੰ ਸੁਚਾਰੂ ਬਣਾਉਣਾ ਅਤੇ ਇਸ ਦੀ ਕੁਸ਼ਲਤਾ ਨੂੰ ਵਧਾਉਣਾ ਹੈ, ਜਿਸ ਤਹਿਤ ਹਰੇਕ ਆਮਦਨ ਕਰ ਦਾਤਾ ਵਲੋਂ 200 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਵਿੱਤੀ ਸਾਲ 2024-25 ਦੌਰਾਨ 190.36 ਕਰੋੜ ਰੁਪਏ ਦਾ ਸਾਲਾਨਾ ਮਾਲੀਆ ਪ੍ਰਾਪਤ ਹੋਇਆ | ਪੰਜਾਬ ਨਮਿੱਤਣ ਐਕਟ (ਰਪੀਲ) ਬਿੱਲ, 2025 ਪਿਛਲੇ ਕਈ ਸਾਲਾਂ ਦੌਰਾਨ ਰਾਜ ਦੇ ਵਿਧਾਨਿਕ ਢਾਂਚੇ ਦੇ ਅੰਦਰ ਕਈ ਪੁਰਾਣੇ ਅਤੇ ਮਿਆਦ ਪੂਰੀ ਕਰ ਚੁੱਕੇ ਐਪਰੋਪਰੀਏਸ਼ਨ ਐਕਟ (ਮਨੀ ਬਿਲਜ਼) ਨੂੰ ਰਪੀਲ ਕਰਨ ਲਈ ਲਿਆਂਦਾ ਗਿਆ ਹੈ | ਨਮਿੱਤਣ ਐਕਟ ਜਿਨ੍ਹਾਂ ਦੀਆਂ ਸ਼ਰਤਾਂ ਖ਼ਤਮ ਹੋ ਚੁੱਕੀਆਂ ਹਨ, ਨੂੰ ਰੱਦ ਕਰਨ ਦਾ ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਕਾਰਵਾਈਆਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ |
ਵਿਧਾਨ ਸਭਾ 'ਚ ਬੇਅਦਬੀ ਖ਼ਿਲਾਫ਼ ਬਿੱਲ ਪੇਸ਼ <br/>
ਅਜੀਤ ਡੈਸਕ
15-07-2025