ਨਵੀਂ ਦਿੱਲੀ, 14 ਜੁਲਾਈ (ਏਜੰਸੀ)-ਮਿਸ਼ਨ ਐਕਸੀਓਮ-4 ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਗਏ ਭਾਰਤੀ ਪੁਲਾੜ ਵਿਗਿਆਨੀ ਸੁਭਾਂਸ਼ੂ ਸ਼ੁਕਲਾ ਆਪਣੇ ਤਿੰਨ ਹੋਰ ਸਾਥੀਆਂ ਨਾਲ ਸੋਮਵਾਰ ਨੂੰ ਪੁਲਾੜ ਤੋਂ ਧਰਤੀ ਲਈ ਰਵਾਨਾ ਹੋ ਗਏ | ਉਨ੍ਹਾਂ ਦਾ ਪੁਲਾੜ ਵਾਹਨ ਡਰੈਗਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ 10 ਮਿੰਟ ਦੀ ਦੇਰੀ ਨਾਲੀ ਅੱਜ ਸ਼ਾਮ 4.45 ਵਜੇ ਧਰਤੀ ਲਈ ਰਵਾਨਾ (ਅਨਡਾਕ) ਹੋਇਆ ਅਤੇ ਕਰੀਬ 23 ਘੰਟਿਆਂ ਦੇ ਸਫ਼ਰ ਦੇ ਬਾਅਦ ਡਰੈਗਨ ਪੁਲਾੜ ਵਾਹਨ 15 ਜੁਲਾਈ ਨੂੰ ਦੁਪਹਿਰ ਕਰੀਬ 3 ਵਜੇ ਕੈਲੀਫੋਰਨੀਆ ਦੇ ਤਟ 'ਤੇ ਉਤਰੇਗਾ | ਇਸ ਨੂੰ ਸਪਲੈਸ਼ਡਾਊਨ ਕਹਿੰਦੇ ਹਨ | ਗਲੇ ਮਿਲਣ ਅਤੇ ਹੱਥ ਮਿਲਾਉਣ ਦੇ ਬਾਅਦ ਚਾਰੋਂ ਪੁਲਾੜ ਯਾਤਰੀ ਅਨਡਾਕਿੰਗ ਤੋਂ ਕਰੀਬ 2 ਘੰਟੇ ਪਹਿਲਾਂ ਡਰੈਗਨ ਪੁਲਾੜ ਵਾਹਨ 'ਚ ਸਵਾਰ ਹੋ ਗਏ ਅਤੇ ਪੁਲਾੜ ਵਾਹਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨਾਲ ਜੋੜਨ ਵਾਲੇ ਹੈਚ ਨੂੰ ਭਾਰਤੀ ਸਮੇਂ ਅਨੁਸਾਰ 2.37 ਵਜੇ ਬੰਦ ਕਰ ਦਿੱਤਾ ਗਿਆ | 1984 ਦੇ ਬਾਅਦ ਪੁਲਾੜ ਦੀ ਯਾਤਰਾ ਕਰਨ ਵਾਲੇ ਦੂਸਰੇ ਭਾਰਤੀ ਸੁਭਾਂਸ਼ੂ ਸ਼ੁਕਲਾ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਵਿਦਾਇਗੀ ਸਮਾਗਮ ਦੌਰਾਨ ਕਿਹਾ ਕਿ ਜਲਦੀ ਹੀ ਧਰਤੀ 'ਤੇ ਮੁਲਾਕਾਤ ਕਰਦੇ ਹਾਂ | ਐਕਸੀਓਮ-4 ਮਿਸ਼ਨ ਨੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਦੇ ਬਾਅਦ ਭਾਰਤ, ਪੋਲੈਂਡ ਅਤੇ ਹੰਗਰੀ ਦੀ ਪੁਲਾੜ 'ਚ ਵਾਪਸੀ ਨੂੰ ਦਰਸਾਇਆ ਹੈ | ਇਸ ਮਿਸ਼ਨ ਤਹਿਤ ਸੁਭਾਂਸ਼ੂ ਸ਼ੁਕਲਾ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ 18 ਦਿਨ ਬਤੀਤ ਕੀਤੇ ਹਨ | ਪੁਲਾੜ ਵਾਹਨ 263 ਕਿੱਲੋ ਤੋਂ ਵੱਧ ਸਾਮਾਨ ਨਾਲ ਵਾਪਸ ਪੁੱਜੇਗਾ | ਜਿਸ 'ਚ ਨਾਸਾ ਦਾ ਹਾਰਡਵੇਅਰ ਅਤੇ 60 ਤੋਂ ਜ਼ਿਆਦਾ ਪ੍ਰਯੋਗਾਂ ਦਾ ਡਾਟਾ ਸ਼ਾਮਿਲ ਹੋਵੇਗਾ |
ਸੁਭਾਂਸ਼ੂ ਸ਼ੁਕਲਾ ਅੱਜ ਧਰਤੀ 'ਤੇ ਪੁੱਜਣਗੇ <br/>
ਅਜੀਤ ਡੈਸਕ
15-07-2025