26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਪੰਜਾਬ ਕਾਂਗਰਸ ਵਲੋਂ ਲੈਂਡ ਪੂਿਲੰਗ ਨੀਤੀ ਖ਼ਿਲਾਫ਼ ਗਲਾਡਾ ਦਫ਼ਤਰ ਬਾਹਰ ਜ਼ਬਰਦਸਤ ਧਰਨਾ <br/>

ਅਜੀਤ ਡੈਸਕ 15-07-2025

ਜਤਿੰਦਰ ਭੰਬੀ
ਲੁਧਿਆਣਾ, 14 ਜੁਲਾਈ-'ਆਪ' ਸਰਕਾਰ ਦੀ ਲੈਂਡ ਪੂਿਲੰਗ ਨੀਤੀ ਦੇ ਖ਼ਿਲਾਫ਼ ਕਾਂਗਰਸ ਵਲੋਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਗਲਾਡਾ ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ | ਮੌਸਮ ਦੀ ਖ਼ਰਾਬੀ ਅਤੇ ਭਾਰੀ ਮੀਂਹ ਦੌਰਾਨ ਵੀ ਕਾਂਗਰਸ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਿਹਾ | ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਊਧਮ ਸਿੰਘ ਦੇ ਵਾਰਿਸੋ ਆਖ ਕੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵੀ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਾਂਗ 'ਆਪ' ਸਰਕਾਰ ਦੇ ਜਬਰ-ਜ਼ੁਲਮ ਖ਼ਿਲਾਫ਼ ਅੱਜ ਵੀ ਬਲੀਦਾਨ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖ਼ਿਲਾਫ਼ ਧਰਨੇ ਪ੍ਰਦਾਨ ਲਗਾ ਕੇ ਸੰਘਰਸ਼ ਤੇਜ਼ ਕਰਨ ਦੇ ਨਾਲ ਹੀ ਸੰਦੀਪ ਸੰਧੂ ਦੀ ਡਿਊਟੀ ਲਗਾ ਕੇ ਜ਼ਮੀਨ ਐਕਵਾਇਰ ਕਰਨ ਵਾਲੇ ਪਿੰਡਾਂ ਵਿਚ ਕੈਂਪ ਲਗਾਏ ਜਾਣਗੇ ਤਾਂ ਕਿ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪਵਾ ਕੇ ਦਿੱਤੇ ਜਾਣ | ਇਹ ਸਾਰਾ ਮਾਮਲਾ ਸਾਡੇ 7 ਸੰਸਦ ਮੈਂਬਰਾਂ ਵਲੋਂ ਲੋਕ ਸਭਾ ਵਿਚ ਚੁੱਕਿਆ ਜਾਵੇਗਾ | ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕੋਆਰਡੀਨੇਟਰ ਗੁਰਕੀਰਤਨ ਸਿੰਘ ਕੋਟਲੀ ਨੇ 'ਆਪ' ਸਰਕਾਰ ਲੈਂਡ ਪੂਿਲੰਗ ਨੀਤੀ ਦੀ ਵਿਰੋਧਤਾ ਕਰਦੇ ਹੋਏ ਕਿਹਾ ਕਿ ਇਸ ਨੀਤੀ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਕਾਂਗਰਸ ਦੇ ਕੇਂਦਰੀ ਆਗੂ ਰਵਿੰਦਰ ਡਾਲਵੀ ਨੇ ਕਿਹਾ ਕਿ 'ਆਪ' ਸਰਕਾਰ ਪੂੰਜੀਪਤੀਆਂ ਨੂੰ ਖ਼ੁਸ਼ ਕਰਨਾ ਚਾਹੁੰਦੀ ਹੈ ਪਰ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਚਾਹੁੰਦੇ ਹਨ ਕਿ ਕਿਸਾਨ ਤੇ ਕਿਸਾਨੀ ਕਾਇਮ ਰਹੇ | ਸਾਬਕਾ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਨ ਸਰਕਾਰ ਨੂੰ ਫਿਟਕਾਰ ਲਗਾਉਂਦਿਆਂ ਕਿਹਾ ਕਿ ਇਨਕਲਾਬ ਦਾ ਨਾਅਰਾ ਲਾਉਣ ਵਾਲੇ ਮੁੱਖ ਮੰਤਰੀ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਲਈਆਂ ਹਨ | ਸੰਸਦ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਨੇ ਕਿਹਾ ਕਿ 'ਆਪ' ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਲੁੱਟ ਕੇ ਚੰਗੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੰੂ ਸਫਲ ਨਹੀਂ ਹੋਣ ਦਿੱਤਾ ਜਾਵੇਗਾ | ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 'ਆਪ' ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਾਂਚ ਕਰਨ 'ਤੇ ਇਹ ਸਾਹਮਣੇ ਆਵੇਗਾ ਕਿ ਲੈਂਡ ਪੂਿਲੰਗ ਨੀਤੀ ਦੀ ਆੜ 'ਚ ਇਹ 25 ਹਜ਼ਾਰ ਕਰੋੜ ਰੁਪਏ ਦਾ ਮਹਾਂ ਘੁਟਾਲਾ ਹੈ | ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਆਪਣੇ ਪਾਣੀਆਂ ਦੀ ਲੜਾਈ ਲੜ ਰਿਹਾ ਹੈ ਤੇ ਹੁਣ ਸੂਬਾ ਸਰਕਾਰ ਵਲੋਂ ਜਬਰੀ ਕਿਸਾਨਾਂ ਦੀ ਜ਼ਮੀਨ ਹੜੱਪਣ ਦੀਆਂ ਕੋਸ਼ਿਸ਼ਾਂ ਦਾ ਵੀ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ | ਇਸ ਮੌਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਨੇ ਜਦ ਸੀ.ਏ. ਨੂੰ ਮੰਗ ਪੱਤਰ ਦੇਣ ਲਈ ਗਲਾਡਾ ਦਫ਼ਤਰ ਦਾ ਰੁਖ਼ ਕੀਤਾ ਤਾਂ ਉਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਥਿਤੀ ਤਣਾਅਪੂਰਨ ਬਣ ਗਈ, ਇੱਥੋਂ ਤੱਕ ਗਲਾਡਾ ਦਫ਼ਤਰ ਦੇ ਗੇਟ ਤੱਕ ਬੰਦ ਕਰ ਦਿੱਤੇ | ਗਲਾਡਾ ਦਫ਼ਤਰ ਦੇ ਬਾਹਰ ਸੀ.ਏ. ਵਲੋਂ ਭੇਜੇ ਗਏ ਅਧਿਕਾਰੀ ਨਾਲ ਰਾਜਾ ਵੜਿੰਗ ਦੀ ਇਸ ਕਰਕੇ ਤਲਖ਼ੀ ਹੋ ਗਈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਤੁਹਾਡਾ ਅਜਿਹਾ ਵਤੀਰਾ ਚੰਗਾ ਨਹੀਂ, ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਗਲਾਡਾ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ | ਇਸ ਦੌਰਾਨ ਧਰਨੇ ਨੂੰ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸਾਬਕਾ ਸਪੀਕਰ ਵਿਧਾਨ ਸਭਾ ਰਾਣਾ ਕੇ.ਪੀ., ਮੁਹੰਮਦ ਸਦੀਕ, ਜਸਵੀਰ ਸਿੰਘ ਡਿੰਪਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਕੈਪਟਨ ਸੰਦੀਪ ਸੰਧੂ, ਜਥੇਦਾਰ ਬਲਵਿੰਦਰ ਸਿੰਘ ਬੈਂਸ, ਕੁਲਦੀਪ ਸਿੰਘ ਵੈਦ, ਰਾਕੇਸ਼ ਪਾਂਡੇ, ਕੇ.ਕੇ. ਬਾਵਾ, ਵਿਕਰਮ ਸਿੰਘ ਬਾਜਵਾ, ਲਖਵੀਰ ਸਿੰਘ ਲੱਖਾ ਪਾਇਲ, ਮੋਹਿੰਤ ਮਹਿੰਦਰੂ, ਜਰਨੈਲ ਸਿੰਘ ਸ਼ਿਮਲਾਪੁਰੀ, ਭੁਪਿੰਦਰ ਸਿੰਘ ਚੌਹਾਨ, ਚੇਅਰਮੈਨ ਸੁਰਿੰਦਰਪਾਲ ਸਿੰਘ ਹੁੰਦਲ ਹਵਾਸ, ਹਰਵਿੰਦਰ ਸਿੰਘ ਕਲੇਰ, ਕਰਤਿੰਦਰਪਾਲ ਸਿੰਘ ਸਿੰਘਪੁਰਾ ਆਦਿ ਸ਼ਾਮਿਲ ਹੋਏ |
ਆਸ਼ੂ ਧੜੇ ਦੀ ਗੈਰ-ਹਾਜ਼ਰੀ ਬਣੀ ਚਰਚਾ ਦਾ ਵਿਸ਼ਾ
ਕਾਂਗਰਸ ਵਲੋਂ ਦਿੱਤੇ ਗਏ ਧਰਨੇ 'ਚ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਗੈਰ-ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਰਹੀ | ਦੱਸਣਯੋਗ ਹੈ ਕਿ ਵਿਧਾਨ ਸਭਾ ਪੱਛਮੀ ਦੀ ਜ਼ਿਮਨੀ ਚੋਣ 'ਚ ਵੀ ਕਾਂਗਰਸ ਦੀ ਗੁੱਟਬੰਦੀ ਉੱਭਰ ਕੇ ਸਾਹਮਣੇ ਆਈ ਸੀ, ਜਿਸ ਤੋਂ ਕਾਂਗਰਸ ਹਾਈਕਮਾਨ ਵਲੋਂ ਇਸ ਨੂੰ ਸੁਲਝਾਉਣ ਲਈ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਜ਼ਿੰਮੇਵਾਰੀ ਸੌਂਪੀ ਸੀ ਪਰ ਕਾਂਗਰਸ ਪਾਰਟੀ ਵਲੋਂ ਅੱਜ ਦਿੱਤੇ ਗਏ ਧਰਨੇ 'ਚ ਜਿੱਥੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ 'ਆਪ' ਸਰਕਾਰ ਦੀ ਲੈਂਡ ਪੂਿਲੰਗ ਨੀਤੀ ਦੇ ਵਿਰੋਧ ਵਿਚ ਦਿੱਤੇ ਧਰਨੇ 'ਚ ਇਕ ਵਾਰ ਫਿਰ ਆਸ਼ੂ ਧੜੇ ਦੀ ਗੈਰ ਹਾਜ਼ਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ |

ਪਿਛਲੀ ਖ਼ਬਰ ਸੁਭਾਂਸ਼ੂ ਸ਼ੁਕਲਾ ਅੱਜ ਧਰਤੀ 'ਤੇ ਪੁੱਜਣਗੇ <br/> ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਤੇ ਪਟਨਾ ਸਾਹਿਬ ਵਿਚਕਾਰ ਵਿਵਾਦ ਖ਼ਤਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।