26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸ੍ਰੀ ਅਕਾਲ ਤਖ਼ਤ ਤੇ ਪਟਨਾ ਸਾਹਿਬ ਵਿਚਕਾਰ ਵਿਵਾਦ ਖ਼ਤਮ <br/>

ਅਜੀਤ ਡੈਸਕ 15-07-2025

ਜਸਵੰਤ ਸਿੰਘ ਜੱਸ
ਅੰਮਿ੍ਤਸਰ, 14 ਜੁਲਾਈ-ਸਿੱਖ ਜਗਤ ਦੇ ਦੋ ਤਖ਼ਤ ਸਾਹਿਬਾਨ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਿੰਘ ਸਾਹਿਬਾਨ ਵਲੋਂ ਪਿਛਲੇ ਕੁਝ ਸਮੇਂ ਤੋਂ ਇਕ-ਦੂਜੇ ਵਿਰੁੱਧ ਜਾਰੀ ਆਦੇਸ਼ਾਂ/ਫ਼ੈਸਲਿਆਂ ਨੂੰ ਅੱਜ ਵਾਪਸ ਲੈ ਲਏ ਜਾਣ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਤੇ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਨ ਤੇ ਹਮੇਸ਼ਾ ਸਮਰਪਿਤ ਹੋਣ ਦੇ ਦਿੱਤੇ ਲਿਖਤੀ ਭਰੋਸੇ ਬਾਅਦ ਇਹ ਪੰਥਕ ਵਿਵਾਦ ਅੱਜ ਹੱਲ ਹੋ ਗਿਆ | ਇਸ ਸੰਬੰਧੀ ਅੱਜ ਇਥੇ ਅਕਾਲ ਤਖ਼ਤ ਸਕੱਤਰੇਤ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ 'ਚ ਪੰਜ ਸਿੰੰਘ ਸਾਹਿਬਾਨ ਦੀ ਹੰਗਾਮੀ ਇਕੱਤਰਤਾ ਹੋਈ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬਾਨ ਵਿਚਕਾਰ ਚੱਲ ਰਹੇ ਵਿਵਾਦ ਦਾ ਮਾਮਲਾ ਅੱਜ ਖ਼ਾਲਸਾ ਪੰਥ ਦੇ ਵਡੇਰੇ ਹਿੱਤਾਂ, ਪੰਥਕ ਇਕਜੁੱਟਤਾ ਅਤੇ ਦੇਸ਼-ਵਿਦੇਸ਼ ਵਿਚ ਵੱਸਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਪੂਰਨ ਰੂਪ ਵਿਚ ਹੱਲ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਅੱਜ ਪੰਜ ਸਿੰਘ ਸਾਹਿਬਾਨ ਦੀ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਕੱਤਰਤਾ, ਜਿਸ ਵਿਚ ਉਨ੍ਹਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਤਿੰਨ ਗ੍ਰੰਥੀ ਸਾਹਿਬਾਨ ਗਿਆਨੀ ਰਾਜਦੀਪ ਸਿੰਘ, ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਕੇਵਲ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਸ਼ਮੂਲੀਅਤ ਕੀਤੀ, ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਨਾਲ ਸੰਬੰਧਿਤ ਮਾਮਲੇ ਵਿਚਾਰੇ ਗਏ ਅਤੇ ਆਪਸੀ ਸਹਿਮਤੀ ਤੇ ਸਹਿਯੋਗ ਨਾਲ ਮਾਮਲਾ ਹੱਲ ਕਰ ਲਿਆ ਗਿਆ | ਜਥੇ: ਗੜਗੱਜ ਨੇ ਕਿਹਾ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ 12 ਜੁਲਾਈ ਨੂੰ ਇਕ ਪੱਤਰ ਪ੍ਰਾਪਤ ਹੋਇਆ ਸੀ, ਜਿਸ ਵਿਚ ਪ੍ਰਬੰਧਕ ਕਮੇਟੀ ਨੇ ਪੰਜਾਂ ਤਖ਼ਤ ਸਾਹਿਬਾਨ 'ਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਦਿਆਂ ਤੇ ਸਮਰਪਿਤ ਹੁੰਦਿਆਂ ਹਮੇਸ਼ਾ ਸਮਰਪਿਤ ਰਹਿਣ ਦਾ ਪ੍ਰਣ ਦੁਹਰਾਇਆ | ਉਨ੍ਹਾਂ ਕਿਹਾ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਤੋਂ ਪ੍ਰਾਪਤ ਹੋਏ ਪੱਤਰ 'ਤੇ ਵਿਚਾਰ ਕਰਨ ਲਈ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕੀਤੀ ਗਈ, ਜਿਸ ਵਿਚ 21 ਮਈ, 2025 ਅਤੇ 5 ਜੁਲਾਈ, 2025 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀਆਂ ਇਕੱਤਰਤਾਵਾਂ ਵਿਚ ਪਾਸ ਕੀਤੇ ਗਏ ਮਤਿਆਂ ਉੱਪਰ ਮੁੜ ਵਿਚਾਰ ਕਰਕੇ ਕੁਝ ਸੋਧਾਂ ਕੀਤੀਆਂ ਗਈਆਂ ਤੇ ਵਾਪਸ ਲੈ ਲਿਆ ਹੈ | ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਵਲੋਂ ਪੁੱਜੇ ਪੱਤਰ ਵਿਚ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਬੀਤੇ ਸਮੇਂ ਇੱਥੋਂ ਤਖ਼ਤ ਸ੍ਰੀ ਪਟਨਾ ਸਾਹਿਬ ਨਾਲ ਸੰਬੰਧਿਤ ਜਾਰੀ ਕੀਤੇ ਗਏ ਫ਼ੈਸਲਿਆਂ 'ਤੇ ਮੁੜ ਵਿਚਾਰ ਲਈ ਬੇਨਤੀ ਕੀਤੀ ਸੀ, ਜਿਸ ਨੂੰ ਪ੍ਰਵਾਨ ਕਰਦਿਆਂ ਦੋਵੇਂ ਤਖ਼ਤ ਸਾਹਿਬਾਨ ਦੇ ਮਾਣ-ਸਨਮਾਨ ਦੇ ਮੱਦੇਨਜ਼ਰ, ਜੋ ਮਿਤੀ 21 ਮਈ, 2025 ਦੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਮਤਾ ਨੰ: 03 ਰਾਹੀਂ ਜਥੇਦਾਰ ਤੇ ਹੈੱਡ ਗ੍ਰੰਥੀ ਤਖ਼ਤ ਸ੍ਰੀ ਪਟਨਾ ਸਾਹਿਬ ਭਾਈ ਬਲਦੇਵ ਸਿੰਘ ਅਤੇ ਵਧੀਕ ਮੁੱਖ ਗ੍ਰੰਥੀ ਭਾਈ ਗੁਰਦਿਆਲ ਸਿੰਘ ਦੀਆਂ ਪੰਥਕ ਸੇਵਾਵਾਂ ਉੱਪਰ ਰੋਕ ਲਗਾਈ ਗਈ ਸੀ, ਉਹ ਅੱਜ ਪੂਰਨ ਰੂਪ ਵਿਚ ਖ਼ਤਮ ਕੀਤੀ ਜਾਂਦੀ ਹੈ |
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਵੀ ਸਿੰਘ ਸਾਹਿਬਾਨ ਦੀ ਇਕੱਤਰਤਾ
ਜਥੇਦਾਰ ਗੜਗੱਜ ਨੇ ਕਿਹਾ ਕਿ ਦੂਜੇ ਪਾਸੇ ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਵੀ ਉੱਥੇ ਇਕੱਤਰਤਾ ਕਰਕੇ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਵਲੋਂ ਬੀਤੇ ਸਮੇਂ 21 ਮਈ, 2025 ਅਤੇ 5 ਜੁਲਾਈ, 2025 ਨੂੰ ਪਾਸ ਕੀਤੇ ਗਏ ਮਤੇ ਵੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ, ਜਿਸ ਸੰਬੰਧੀ ਲਿਖਤੀ ਮਤਾ ਸਕੱਤਰੇਤ ਵਿਖੇ ਅੱਜ ਈਮੇਲ ਰਾਹੀਂ ਪੁੱਜ ਚੁੱਕਾ ਹੈ | ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਦੋਵੇਂ ਤਖ਼ਤ ਸਾਹਿਬਾਨ ਦਰਮਿਆਨ ਜੋ ਬੀਤੇ ਸਮੇਂ ਵਿਵਾਦ ਚੱਲ ਰਿਹਾ ਸੀ, ਉਹ ਅੱਜ ਆਪਸੀ ਸਹਿਯੋਗ ਤੇ ਸਹਿਮਤੀ ਨਾਲ ਸਮਾਪਤ ਹੋ ਗਿਆ ਹੈ | ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਈ ਪੰਜ ਪਿਆਰੇ ਸਿੰਘ ਸਾਹਿਬਾਨ, ਤਖ਼ਤ ਦੀ ਇਕੱਤਰਤਾ ਵਿਚ ਜਥੇਦਾਰ ਤੇ ਮੁੱਖ ਗ੍ਰੰਥੀ ਗਿਆਨੀ ਬਲਦੇਵ ਸਿੰਘ ਤੋਂ ਇਲਾਵਾ ਭਾਈ ਦਿਲੀਪ ਸਿੰਘ ਤੇ ਭਾਈ ਗੁਰਦਿਆਲ ਸਿੰਘ ਵਧੀਕ ਮੁੱਖ ਗ੍ਰੰਥੀ, ਭਾਈ ਪਰਸ਼ੁਰਾਮ ਸਿੰਘ ਸੀਨੀਅਰ ਮੀਤ ਗ੍ਰੰਥੀ ਤੇ ਭਾਈ ਅਮਰਜੀਤ ਸਿੰਘ ਮੀਤ ਗ੍ਰੰਥੀ ਸ਼ਾਮਿਲ ਸਨ | ਜਥੇਦਾਰ ਗੜਗੱਜ ਨੇ ਕਿਹਾ ਕਿ ਉਹ ਜਲਦ ਹੀ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਵੀ ਜਾਣਗੇ | ਤਖ਼ਤ ਸਾਹਿਬਾਨ ਦਰਮਿਆਨ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਵਿਚ ਕਿਸ ਸ਼ਖ਼ਸੀਅਤ ਵਲੋਂ ਭੂਮਿਕਾ ਨਿਭਾਈ ਗਈ? ਬਾਰੇ ਉਨ੍ਹਾਂ ਕਿਹਾ ਕਿ ਉਹ ਖੁਦ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਦੇ ਸੰਪਰਕ ਵਿਚ ਸਨ | ਇਸੇ ਦੌਰਾਨ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਤੇ ਪ੍ਰਬੰਧਕਾਂ ਦਰਮਿਆਨ ਕੁਝ ਸਮੇਂ ਤੋਂ ਚੱਲ ਰਿਹਾ ਵਿਵਾਦ ਖ਼ਤਮ ਹੋਣ ਦਾ ਸ਼ੋ੍ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜਥੇਦਾਰ ਬਲਬੀਰ ਸਿੰਘ ਅਕਾਲੀ 96 ਕਰੋੜੀ ਅਤੇ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਵਾਗਤ ਕੀਤਾ ਹੈ |
ਸਾਬਕਾ ਜਥੇਦਾਰ ਗਿਆਨੀ ਗੌਹਰ ਤੇ ਪਟਨਾ ਸਾਹਿਬ ਕਮੇਟੀ ਨੂੰ ਹਦਾਇਤ
ਉਨ੍ਹਾਂ ਦੱਸਿਆ ਕਿ 21 ਮਈ, 2025 ਦੀ ਇਕੱਤਰਤਾ ਦੇ ਮਤਾ ਨੰ: 04 ਵਿਚ ਇਕ ਫ਼ੈਸਲਾ ਹੋਰ ਜੋੜਦਿਆਂ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਆਦੇਸ਼ ਕੀਤਾ ਹੈ ਕਿ ਉਹ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮਾਣ ਸਤਿਕਾਰ, ਕੌਮੀ ਇਕਜੁੱਟਤਾ ਦੀ ਭਾਵਨਾ ਅਤੇ ਇਕ ਜਥੇਦਾਰ ਦੀ ਸਤਿਕਾਰਤ ਪਦਵੀ ਦੇ ਮਾਣ-ਸਤਿਕਾਰ ਦੇ ਮੱਦੇਨਜ਼ਰ ਜਿਹੜਾ ਕੇਸ ਪ੍ਰਬੰਧਕ ਕਮੇਟੀ ਦੇ ਵਿਰੁੱਧ ਅਦਾਲਤ ਵਿਚ ਪਾਇਆ ਹੋਇਆ, ਉਹ ਤੁਰੰਤ ਵਾਪਸ ਲੈਣਗੇ | ਉਨ੍ਹਾਂ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਵੀ ਆਦੇਸ਼ ਕੀਤਾ ਕਿ ਉਹ ਗਿਆਨੀ ਗੌਹਰ ਨਾਲ ਮਿਲ ਬੈਠ ਕੇ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਦੇ ਬਕਾਇਆ ਸੇਵਾਫ਼ਲ/ਫੰਡ ਦੀ ਨਿਯਮਾਂ ਅਨੁਸਾਰ ਅਦਾਇਗੀ ਕਰਨ ਤੇ ਇਸ ਮਾਮਲੇ ਵਿਚ ਗਿਆਨੀ ਗੌਹਰ ਸਮੇਤ ਕੋਈ ਵੀ ਸੰਬੰਧਿਤ ਸ਼ਖ਼ਸੀਅਤ ਮੀਡੀਆ/ਸੋਸ਼ਲ ਮੀਡੀਆ ਵਿਚ ਕੋਈ ਬਿਆਨਬਾਜ਼ੀ ਨਾ ਕਰੇ |

ਪਿਛਲੀ ਖ਼ਬਰ ਪੰਜਾਬ ਕਾਂਗਰਸ ਵਲੋਂ ਲੈਂਡ ਪੂਿਲੰਗ ਨੀਤੀ ਖ਼ਿਲਾਫ਼ ਗਲਾਡਾ ਦਫ਼ਤਰ ਬਾਹਰ ਜ਼ਬਰਦਸਤ ਧਰਨਾ <br/> ਅਗਲੀ ਖ਼ਬਰ ਵਿਧਾਨਿਕ ਰਵਾਇਤਾਂ ਦੀ ਉਲੰਘਣਾ ਕਰ ਰਹੀ ਸਰਕਾਰ-ਬਾਜਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।