04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2020

ਨਵੇਂ ਸਾਲ ਦਿਆ ਸੂਰਜਾ

ਅਜੀਤ ਡੈਸਕ 01-01-2020

ਨਵੇਂ ਸਾਲ ਦਿਆ ਸੂਰਜਾ ਵੇ,
ਵੰਡੀਂ ਘਰ-ਘਰ ਲੋਅ।
ਛੱਡ ਨਫ਼ਰਤਾਂ ਨੂੰ ਸਾਰੇ,
ਰੱਖਣ ਸਭ ਨਾਲ ਮੋਹ।

ਬੀਤੇ ਦੀਆਂ ਯਾਦਾਂ ਅਸੀਂ,
ਮਨਾਂ 'ਚ ਵਸਾ ਲਈਆਂ।
ਤੈਨੂੰ ਨਵੇਂ ਨੂੰ ਸਲਾਮ ਸਾਡਾ,
ਅੱਖਾਂ ਤੇਰੇ ਨਾ ਮਿਲਾ ਲਈਆਂ।
ਸੁੱਖ-ਸਾਂਦ ਰੱਖੀਂ ਵਿਹੜੇ,
ਬੂਹੇ ਤੇਲ ਖੁਸ਼ੀਆਂ ਦਾ ਚੋਅ।
ਨਵੇਂ ਸਾਲ...
ਸਾਡੇ ਖੇਤਾਂ ਦੀ ਹਰਿਆਲੀ,
ਸਦਾ ਰੱਖੀਂ ਮਹਿਕਦੀ।
ਮਿਹਨਤ ਕਿਸਾਨ ਦੀ ਨਾ,
ਰਹੇ ਸਹਿਕਦੀ।
ਪੁੱਤਾਂ ਵਾਂਗੂੰ ਪਾਲੀ ਫਸਲ,
ਸਦਾ ਵੰਡੇ ਖੁਸ਼ਬੋ।
ਨਵੇਂ ਸਾਲ...

ਨਸ਼ਿਆਂ ਦੇ ਕੋਹੜ ਤੋਂ,
ਸਾਨੂੰ ਰੱਖੀਂ ਦੂਰ ਵੇ।
ਗੱਭਰੂ ਨਾ ਦੇਸ਼ ਦਾ ਕੋਈ,
ਹੋਵੇ ਵਿਚ ਚੂਰ ਵੇ।
ਖੁਸ਼ੀਆਂ ਤੇ ਖੇੜੇ ਵੰਡੀਂ,
ਹਰ ਘਰ 'ਚ ਖਲੋਅ।
ਨਵੇਂ ਸਾਲ...

'ਮਰਕਸ ਪਾਲ' ਆਖੇ,
'ਕੱਲੇ-'ਕੱਲੇ ਜੀਅ ਨੂੰ।
ਕੁੱਖ 'ਚ ਨਾ ਮਾਰੇ ਕੋਈ,
ਨੰਨੀ ਜਿਹੀ ਧੀ ਨੂੰ।
ਰੌਸ਼ਨੀ ਹੀ ਵੰਡੀਂ ਤੂੰ,
ਦੇਵੀਂ ਕਾਲਖਾਂ ਨੂੰ ਧੋ।
ਨਵੇਂ ਸਾਲ ਦਿਆ ਸੂਰਜਾ ਵੇ,
ਵੰਡੀਂ ਘਰ-ਘਰ ਲੋਅ।


-ਮਰਕਸ ਪਾਲ ਗੁਮਟਾਲਾ
ਪਿੰਡ ਤੇ ਡਾਕ. ਗੁਮਟਾਲਾ, ਅੰਮ੍ਰਿਤਸਰ-143008
ਮੋਬਾਈਲ : 98720-70182

ਪਿਛਲੀ ਖ਼ਬਰ ਨਵਾਂ ਸਾਲ ਮਨਾਉਣ ਦੇ ਨਵੇਂ ਨੁਕਤੇ ਅਗਲੀ ਖ਼ਬਰ ...ਕਲੀਆਂ ਫੁੱਲ ਖਿਲਾਰ ਰਿਹਾ <h4>* ਪ੍ਰਤਾਪ 'ਪਾਰਸ' ਗੁਰਦਾਸਪੁਰੀ *</h4>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।