ਸ਼ੂਗਰ ਚੌਕ ’ਚ ਸਵਿਫ਼ਟ ਕਾਰ ਤੇ ਥਾਰ ਸਮੇਤ ਤਿੰਨ ਵਾਹਨ ਹਾਦਸਾਗ੍ਰਸਤ ਸਵਿਫ਼ਟ ਕਾਰ ਬੁਰੀ ਤਰ੍ਹਾਂ ਨੁਕਸਾਨੀ, ਹਾਦਸੇ ਕਾਰਨ ਲੱਗਾ ਲੰਮਾ ਜਾਮ
ਫਗਵਾੜਾ, 17 ਅਕਤੂਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਸ਼ੂਗਰ ਚੌਕ ਵਿਖੇ ਸੜਕ ਹਾਦਸੇ ‘ਚ ਸਵਿਫ਼ਟ ਕਾਰ, ਥਾਰ ਅਤੇ ਕਨਟੇਨਰ ਦੀ ਟੱਕਰ ਹੋ ਗਈ | ਹਾਦਸੇ ਦੌਰਾਨ ਸਵਿਫ਼ਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਥਾਰ ਗੱਡੀ ਨੂੰ ਵੀ ਨੁਕਸਾਨ ਪਹੁੰਚਿਆ | ਘਟਨਾ ਕਾਰਨ ਸੜਕ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਆਵਾਜਾਈ ਪ੍ਰਭਾਵਿਤ ਹੋਈ | ਮੌਕੇ ‘ਤੇ ਮੌਜੂਦ ਥਾਰ ਚਾਲਕ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ | ਇਸ ਦੌਰਾਨ ਇੱਕ ਕਨਟੇਨਰ ਦੀ ਸਵਿਫ਼ਟ ਕਾਰ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਥਾਰ ਵੀ ਹਾਦਸੇ ਦੀ ਲਪੇਟ ‘ਚ ਆ ਗਈ | ਦੂਜੇ ਪਾਸੇ, ਕਨਟੇਨਰ ਚਾਲਕ ਨੇ ਦੱਸਿਆ ਕਿ ਉਹ ਚਮਕੌਰ ਸਾਹਿਬ ਤੋਂ ਆ ਰਿਹਾ ਸੀ | ਉਸ ਮੁਤਾਬਿਕ, ਮੁੱਖ ਸੜਕ ‘ਤੇ ਆਉਂਦੇ ਸਮੇਂ ਸਰਵਿਸ ਲਾਈਨ ਤੋਂ ਆ ਰਹੇ ਇੱਕ ਮੋਟਰਸਾਈਕਲ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਵਿਫ਼ਟ ਕਾਰ ਅਚਾਨਕ ਉਸ ਦੇ ਵਾਹਨ ਦੇ ਸਾਹਮਣੇ ਆ ਗਈ, ਜਿਸ ਕਾਰਨ ਟੱਕਰ ਹੋ ਗਈ | ਘਟਨਾ ਦੀ ਸੂਚਨਾ ਮਿਲਣ ‘ਤੇ ਫਗਵਾੜਾ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਪੁਲਿਸ ਅਧਿਕਾਰੀ ਅਨੁਸਾਰ, ਹਾਦਸੇ ‘ਚ ਤਿੰਨ ਵਾਹਨ ਸ਼ਾਮਲ ਸਨ | ਮੁੱਢਲੀ ਜਾਂਚ ‘ਚ ਕਨਟੇਨਰ ਚਾਲਕ ਦੀ ਗਲਤੀ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ, ਜਦਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਵੱਲੋਂ ਕਨਟੇਨਰ ਨੂੰ ਸੜਕ ਤੋਂ ਇਕ ਪਾਸੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ ਗਈ ਤੇ ਹਾਦਸੇ ਕਾਰਨ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ |