ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, ਵਾਲ-ਵਾਲ ਬਚੇ ਬੱਚੇ-ਡਰਾਈਵਰ ਦੀ ਕਥਿਤ ਲਾਪਰਵਾਹੀ ਦੇ ਦੋਸ਼
ਫਗਵਾੜਾ, 12 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾੜਾ ‘ਚ ਨੰਗਲ ਮੱਝਾ ਤੋਂ ਪਲਾਹੀ ਰੋਡ ‘ਤੇ ਸੋਮਵਾਰ ਸਵੇਰੇ ਬੱਚਿਆਂ ਨਾਲ ਭਰੀ ਇੱਕ ਸਕੂਲ ਬੱਸ ਪਲਟ ਗਈ | ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮੱਚ ਗਈ | ਬੱਸ ‘ਚ ਸਵਾਰ ਸਾਰੇ ਬੱਚਿਆਂ ਦਾ ਵਾਲ-ਵਾਲ ਬਚਾਅ ਹੋ ਗਿਆ ਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ | ਮਿਲੀ ਜਾਣਕਾਰੀ ਅਨੁਸਾਰ, ਬੱਸ ਡਰਾਈਵਰ ਜਦੋਂ ਬੱਸ ਨੂੰ ਪਿੱਛੇ ਕਰ ਰਿਹਾ ਸੀ ਤਾਂ ਇਸ ਦਾ ਇੱਕ ਟਾਇਰ ਸੜਕ ਤੋਂ ਹੇਠਾਂ ਖੇਤ ‘ਚ ਉਤਰ ਗਿਆ | ਇਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਪਲਟ ਗਈ | ਹਾਦਸੇ ਤੋਂ ਬਾਅਦ ਬੱਚਿਆਂ ਨੂੰ ਬੱਸ ‘ਚੋਂ ਬਾਹਰ ਕੱਢਿਆ ਗਿਆ | ਘਟਨਾ ਦੀ ਸੂਚਨਾ ਮਿਲਣ ‘ਤੇ ਬੱਚਿਆਂ ਦੇ ਮਾਪੇ ਵੀ ਮੌਕੇ ‘ਤੇ ਪਹੁੰਚ ਗਏ | ਚਹੇੜੂ ਦੀ ਰਹਿਣ ਵਾਲੀ ਪ੍ਰਵੀਨ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸਵਾ ਸੱਤ ਵਜੇ ਦੇ ਕਰੀਬ ਫ਼ੋਨ ਆਇਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਲੈ ਕੇ ਆ ਰਹੀ ਸਕੂਲ ਬੱਸ ਰਸਤੇ ‘ਚ ਪਲਟ ਗਈ ਹੈ | ਸੂਚਨਾ ਮਿਲਦਿਆਂ ਹੀ ਉਹ ਮੌਕੇ ‘ਤੇ ਪਹੁੰਚੇ, ਜਿੱਥੇ ਬੱਸ ਪਲਟੀ ਹੋਈ ਸੀ | ਪ੍ਰਵੀਨ ਕੌਰ ਨੇ ਦੋਸ਼ ਲਾਇਆ ਕਿ ਉਹ ਪਹਿਲਾਂ ਵੀ ਸਕੂਲ ਪ੍ਰਸ਼ਾਸਨ ਨੂੰ ਬੱਸ ਡਰਾਈਵਰ ਦੀ ਕਥਿਤ ਲਾਪਰਵਾਹੀ ਸਬੰਧੀ ਸ਼ਿਕਾਇਤ ਕਰ ਚੁੱਕੇ ਹਨ | ਦੂਜੇ ਪਾਸੇ, ਬੱਸ ਡਰਾਈਵਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਬੱਸ ਨੂੰ ਪਿੱਛੇ ਕਰਦੇ ਸਮੇਂ ਉਸ ਦਾ ਇੱਕ ਟਾਇਰ ਸੜਕ ਤੋਂ ਹੇਠਾਂ ਉਤਰ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ | ਉਸ ਨੇ ਕਿਹਾ ਕਿ ਇਸ ਘਟਨਾ ‘ਚ ਕਿਸੇ ਵੀ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਿਆ |