ਲਾਇਨਜ਼ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਦੀ ਮਹੀਨਾਵਾਰ ਮੀਟਿੰਗ
ਬੇਗੋਵਾਲ, 5 ਅਕਤੂਬਰ (ਸੁਖਜਿੰਦਰ ਸਿੰਘ)-ਲਾਈਨਜ਼ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੰਜਾਬੀ ਢਾਬਾ ਸਰੂਪਵਾਲ ਵਿਖੇ ਹੋਈ। ਇਸ ਮੌਕੇ ਸਮੂਹ ਕਲੱਬ ਮੈਂਬਰਾਂ ਵਲੋਂ ਕਲੱਬ ਵਲੋਂ ਕਰਵਾਏ ਜਾਣ ਵਾਲੇ ਕੰਮਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ | ਇਸ ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਇਸ ਮਹੀਨੇ ਵਿਚ ਉਨ੍ਹਾਂ ਦੀ ਕਲੱਬ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਉਲੀਕੇ ਜਾਣਗੇ ਤੇ ਉਨ੍ਹਾਂ ਨੂੰ ਨੇਪਰੇ ਚਾੜਿ੍ਹਆ ਜਾਵੇਗਾ | ਇਸ ਮੌਕੇ ਸਮੂਹ ਮੈਂਬਰਾਂ ਵੱਲੋਂ ਇਸ ਫ਼ੈਸਲੇ ਤੇ ਸਹਿਮਤੀ ਪ੍ਰਗਟਾਈ ਗਈ | ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਲੱਬ ਦਾ ਮੁੱਖ ਮੰਤਵ ਸਮਾਜ ਦੀ ਸੇਵਾ ਕਰਨਾ ਹੈ, ਜਿਸ ਤਹਿਤ ਉਹ ਲਾਈਨ ਸਾਥੀਆਂ ਦੀ ਮਦਦ ਨਾਲ ਵੱਖ ਵੱਖ ਪ੍ਰੋਜੈਕਟਾਂ ਤਹਿਤ ਜ਼ਰੂਰਤਮੰਦਾਂ ਦੀ ਮਦਦ ਕਰਦੇ ਹਨ | ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਦਸਾਂ ਨੌਹਾਂ ਦੀ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਲੋੜਵੰਦ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ | ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਸਰਬਜੀਤ ਸਿੰਘ ਪੱਪਲ ਦੇ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਬਣਨ ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਲੱਬ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ, ਸਰਬਜੀਤ ਸਿੰਘ ਪੱਪਲ,ਰਾਜਵਿੰਦਰ ਸਿੰਘ ਜੈਦ, ਸਰੂਪ ਸਿੰਘ ਖਾਸਰੀਆ, ਸੁਖਚੈਨ ਸਿੰਘ ਮੁਰੱਬੀਆ, ਕੁਲਵੰਤ ਸਿੰਘ ਘੋਤੜਾ, ਸੰਜੀਵ ਕੁਮਾਰ ਚੌਹਾਨ ਆਦਿ ਹਾਜ਼ਰ ਸਨ|