ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸੰਬੰਧੀ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ
ਸੁਲਤਾਨਪੁਰ ਲੋਧੀ, 14 ਸਤੰਬਰ (ਨਰੇਸ਼ ਹੈਪੀ)-ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਯਾਦ ’ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਅਤੇ 16 ਤੇ 17 ਸਤੰਬਰ ਨੂੰ ਸੁਲਤਾਨਪੁਰ ਲੋਧੀ ਤੋਂ ਬਟਾਲਾ ਸਾਹਿਬ ਤੱਕ ਸਜਾਏ ਜਾ ਰਹੇ ਦੋ ਦਿਨਾਂ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਾਵਨ ਦਰਬਾਰ ਸਾਹਿਬ ਨੂੰ ਅੰਦਰੋਂ ਅਤੇ ਬਾਹਰੋਂ ਰੰਗ-ਬਿਰੰਗੇ ਤਾਜ਼ੇ ਫੁੱਲਾਂ ਦੀਆਂ ਮਨਮੋਹਕ ਲੜੀਆਂ, ਫੁੱਲਾਂ ਦੀਆਂ ਮਾਲਾਵਾਂ ਅਤੇ ਵਿਸ਼ੇਸ਼ ਸਜਾਵਟੀ ਪ੍ਰਬੰਧਾਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ ਜਿਸ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੋ ਰਹੀਆਂ ਹਨ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਵਤਾਰ ਸਿੰਘ ਦੀ ਦੇਖ-ਰੇਖ ਹੇਠ ਵਿਆਹ ਪੁਰਬ ਸਬੰਧੀ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ | ਇਸ ਸਬੰਧੀ ਭਾਈ ਸੁਖਵਿੰਦਰ ਸਿੰਘ ਅਤੇ ਡਾਕਟਰ ਹੀਰਾ ਸਿੰਘ ਦੀਪੇਵਾਲ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਾਵਨ ਦਰਬਾਰ ਨੂੰ ਤਾਜ਼ੇ ਅਤੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾਉਣ ਦੀ ਸੇਵਾ ਕੀਤੀ ਜਾ ਰਹੀ ਹੈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਾਲਕੀ ਸਾਹਿਬ ਨੂੰ ਵੀ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ | ਵੱਖ-ਵੱਖ ਰੰਗਾਂ ਦੇ ਫੁੱਲਾਂ ਨਾਲ ਕੀਤੀ ਗਈ ਸਜਾਵਟ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ | ਮੈਨੇਜਰ ਅਵਤਾਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ, ਬਟਾਲਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਿੰਦਰ ਪਾਲ ਸਿੰਘ ਗੋਰਾ, ਜਸਦੇਵ ਸਿੰਘ ਜੱਸਲ ਅਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ ਸਮੇਤ ਵੱਖ-ਵੱਖ ਧਾਰਮਿਕ ਸੇਵਾ ਸੁਸਾਇਟੀਆਂ ਦੇ ਨੁਮਾਇੰਦੇ ਅੱਜ 15 ਸਤੰਬਰ ਦੀ ਸ਼ਾਮ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪੁੱਜ ਰਹੇ ਹਨ | ਉਨ੍ਹਾਂ ਦੱਸਿਆ ਕਿ ਬਟਾਲਾ ਸਾਹਿਬ ਤੋਂ ਪੁਰਾਤਨ ਰਵਾਇਤ ਅਨੁਸਾਰ ਫਲ, ਫਰੂਟ ਅਤੇ ਮਠਿਆਈਆਂ ਲੈ ਕੇ ਆਉਣ ਵਾਲੀਆਂ ਸ਼ਰਧਾਲੂ ਸੰਗਤਾਂ ਦਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਿੱਘਾ ਸਵਾਗਤ ਕੀਤਾ ਜਾਵੇਗਾ | ਮੈਨੇਜਰ ਅਵਤਾਰ ਸਿੰਘ ਨੇ ਦੱਸਿਆ ਕਿ 16 ਸਤੰਬਰ ਨੂੰ ਸਵੇਰੇ ਠੀਕ 9 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ | ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਰਾਮ ਕਰੇਗਾ ਅਤੇ 17 ਸਤੰਬਰ ਨੂੰ ਸਵੇਰੇ 8 ਵਜੇ ਨਗਰ ਕੀਰਤਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਬਟਾਲਾ ਸਾਹਿਬ ਲਈ ਰਵਾਨਾ ਹੋਵੇਗਾ ਅਤੇ ਗੁਰਦੁਆਰਾ ਸ੍ਰੀ ਸਤਿ ਕਰਤਾਰੀਆ ਸਾਹਿਬ ਬਟਾਲਾ ਵਿਖੇ ਪੁੱਜ ਕੇ ਸੰਪੂਰਨ ਹੋਵੇਗਾ | ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਦੋਵੇਂ ਦਿਨ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਗੁਰੂ ਸਾਹਿਬ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ |ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਚੈਂਚਲ ਸਿੰਘ, ਐਡੀਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ, ਮੀਤ ਮੈਨੇਜਰ ਗੁਰਜੀਤ ਸਿੰਘ ਅਤੇ ਹੋਰ ਸਮੂਹ ਸਟਾਫ਼ ਮੈਂਬਰ ਅਤੇ ਸੇਵਾਦਾਰ ਹਾਜ਼ਰ ਸਨ |
ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਦੋਵੇਂ ਦਿਨ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਗੁਰੂ ਸਾਹਿਬ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ |ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਚੈਂਚਲ ਸਿੰਘ, ਐਡੀਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ, ਮੀਤ ਮੈਨੇਜਰ ਗੁਰਜੀਤ ਸਿੰਘ ਅਤੇ ਹੋਰ ਸਮੂਹ ਸਟਾਫ਼ ਮੈਂਬਰ ਅਤੇ ਸੇਵਾਦਾਰ ਹਾਜ਼ਰ ਸਨ |