30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਟਿੱਬੀ ਸਾਹਿਬ ਕੰਪਲੈਕਸ ਦੇ ਗੁਰਦੁਆਰੇ ਸੰਗਤਾਂ ਦੀ ਪਹੁੰਚ ਤੋਂ ਦੂਰ ਹੋਏ ਅੱਠ ਮਹੀਨਿਆਂ ਤੋਂ ਸੀਵਰੇਜ ਦਾ ਕੰਮ ਲਮਕਿਆ, ਸੜਕ ਹੋਈ ਬਰਬਾਦ

ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ (ਹਰਮਹਿੰਦਰ ਪਾਲ)- ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਕੰਪਲੈਕਸ ਵਿਚੋਂ ਲੰਘਦਾ ਕਰੀਬ ਦੋ ਕਿੱਲੋਮੀਟਰ ਰਸਤਾ ਪਿਛਲੇ ਅੱਠ ਮਹੀਨਿਆਂ ਤੋਂ ਸੀਵਰੇਜ ਦੇ ਕੰਮ ਅਧੀਨ ਹੋਣ ਕਰਕੇ ਬੁਰੀ ਤਰ੍ਹਾਂ ਖ਼ਰਾਬ ਹੋਇਆ ਪਿਆ ਹੈ। ਸ਼ਰਧਾਲੂਆਂ ਦਾ ਇਤਿਹਾਸਕ ਗੁਰਦੁਆਰਾ ਸ੍ਰੀ ਦਾਤਣਸਰ ਤੱਕ ਜਾਣਾ ਮੁਹਾਲ ਹੋ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ ਵਿਖੇ ਟਿੱਬੀ ਸਾਹਿਬ ਕੰਪਲੈਕਸ ਦੀ ਖ਼ਸਤਾ ਹਾਲਤ ਸੜਕ। 30-10-2026
ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ (ਹਰਮਹਿੰਦਰ ਪਾਲ)- ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਕੰਪਲੈਕਸ ਵਿਚੋਂ ਲੰਘਦਾ ਕਰੀਬ ਦੋ ਕਿੱਲੋਮੀਟਰ ਰਸਤਾ ਪਿਛਲੇ ਅੱਠ ਮਹੀਨਿਆਂ ਤੋਂ ਸੀਵਰੇਜ ਦੇ ਕੰਮ ਅਧੀਨ ਹੋਣ ਕਰਕੇ ਬੁਰੀ ਤਰ੍ਹਾਂ ਖ਼ਰਾਬ ਹੋਇਆ ਪਿਆ ਹੈ। ਸ਼ਰਧਾਲੂਆਂ ਦਾ ਇਤਿਹਾਸਕ ਗੁਰਦੁਆਰਾ ਸ੍ਰੀ ਦਾਤਣਸਰ ਤੱਕ ਜਾਣਾ ਮੁਹਾਲ ਹੋ ਗਿਆ ਹੈ। ਇਸ ਅਸਥਾਨ ’ਤੇ ਹੀ ਗੁਰੂ ਜੀ ਨੇ ‘ਖਿਦਰਾਣੇ ਦੀ ਜੰਗ’ ਵੇਲੇ ਆਪਣਾ ਟਿਕਾਣਾ ਕੀਤਾ ਸੀ ਅਤੇ ਇਥੇ ਹੀ ਮੁਗਲ ਸਿਪਾਹੀ ਨੂੰ ਮਾਰ ਮੁਕਾਇਆ ਸੀ। ਕਰੀਬ ਦੋ ਕਿੱਲੋਮੀਟਰ ਖੇਤਰ ਵਿਚ ਫ਼ੈਲੇ ਤਿੰਨ ਗੁਰਦੁਆਰੇ, ਕਰੀਬ ਅੱਧੀ ਦਰਜਨ ਨਿਹੰਗ ਛਾਉਣੀਆਂ, ਕਈ ਢਾਣੀਆਂ ਤੇ ਖੇਤਾਂ ਨੂੰ ਜਾਣ ਵਾਸਤੇ ਇਹ ਇਕੋ ਰਸਤਾ ਹੈ। ਸੀਵਰੇਜ ਪਾਉਣ ਲਈ ਸੜਕ ਨੂੰ ਪੁੱਟਿਆ ਗਿਆ ਸੀ, ਪਰ ਕੰਮ ਅਧੂਰਾ ਛੱਡ ਦਿੱਤੇ ਜਾਣ ਕਾਰਨ ਸੜਕ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ। ਸਥਾਨਕ ਨਿਵਾਸੀਆਂ ਤੇ ਸੰਗਤਾਂ ਨੇ ਦੱਸਿਆ ਕਿ ਸੜਕ ’ਤੇ ਵੱਡੇ-ਵੱਡੇ ਪੱਥਰ ਅਤੇ ਟੋਏ ਪਏ ਹੋਣ ਕਾਰਨ ਪੈਦਲ ਚੱਲਣਾ, ਸਾਈਕਲ ਜਾਂ ਮੋਟਰਸਾਈਕਲ ਲੰਘਾਉਣਾ ਬਹੁਤ ਖ਼ਤਰਨਾਕ ਹੋ ਗਿਆ ਹੈ। ਰਾਤ ਦੇ ਸਮੇਂ ਇੱਥੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ ਅਤੇ ਵਾਹਨਾਂ ਦੇ ਟਾਇਰ ਫਿਸਲਣ ਕਾਰਨ ਲੋਕ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ। ਗੁਰਦੁਆਰਾ ਸਾਹਿਬ ਵਿਖੇ ਮੇਲਾ ਮਾਘੀ ਅਤੇ ਹੋਰ ਮੌਕਿਆਂ ’ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਕਤ ਹੋਣ ਆਉਂਦੀਆਂ ਹਨ। ਸੜਕ ਅਤੇ ਸੀਵਰ ਦਾ ਕੰਮ ਅਧੂਰਾ ਹੋਣ ਕਾਰਨ ਸੰਗਤਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਸ ਰਸਤੇ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਵਾਜਾਈ ਵਿਚ ਰਾਹਤ ਮਿਲ ਸਕੇ। ਸ੍ਰੀ ਮੁਕਤਸਰ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਅਤੇ ਗੁਰਦੁਆਰਾ ਰਕਾਬਸਰ ਸਾਹਿਬ ਦੇ ਨੇੜੇ ਦੇ ਇਲਾਕੇ ਵਿਚ ਸੜਕਾਂ ਤੇ ਸੀਵਰ ਦੀ ਸਮੱਸਿਆ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਪਾਣੀ ਦੀ ਸਪਲਾਈ ਦੀ ਪਾਈਪ ਲੀਕ ਹੋਣ ਕਾਰਨ ਗੁਰਦੁਆਰੇ ਦੇ ਗੇਟ ਅਤੇ ਸੜਕਾਂ ’ਤੇ ਹਰ ਵੇਲੇ ਪਾਣੀ ਦਾ ਵਗਦਾ ਦਰਿਆ ਬਣਿਆ ਰਹਿੰਦਾ ਹੈ। ਪਿੰਡ ਤੇ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਅਤੇ ਰਾਹਗੀਰਾਂ ਦੀ ਇਸ ਗੰਭੀਰ ਸਮੱਸਿਆ ਨੂੰ ਦੇਖਦਿਆਂ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਰਸਤੇ ਤੇ ਪਾਣੀ ਦੀ ਲੀਕੇਜ ਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਿਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣੀਆਂ ਪਈਆਂ ਹਨ, ਪਰ ਟਰਾਲੀਆਂ ਨਾ ਲੰਘਣ ਕਰਕੇ ਗੱਠਾਂ ਖੇਤਾਂ ਵਿਚੋਂ ਚੁੱਕੀਆਂ ਨਹੀਂ ਜਾ ਰਹੀਆਂ। ਗੁਰਦੁਆਰਾ ਸ੍ਰੀ ਦਾਤਣਸਰ ਸਾਹਿਬ ਦੇ ਗ੍ਰੰਥ ਸਿੰਘ ਨੇ ਦੱਸਿਆ ਕਿ ਰਸਤਾ ਖ਼ਰਾਬ ਹੋਣ ਕਰਕੇ ਸੰਗਤਾਂ ਨਹੀਂ ਆਉਂਦੀਆਂ। ਮੇਲਾ ਮਾਘੀ ਤੋਂ ਪਹਿਲਾਂ ਸੜਕ ਤਿਆਰ ਕੀਤੀ ਜਾਵੇ ਤਾਂ ਜੋ ਸੰਗਤਾਂ ਨੂੰ ਸਹੂਲਤ ਹੋ ਸਕੇ। ਇਸ ਦੌਰਾਨ ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵੈਨਿਸ਼ ਗਰਗ ਨੇ ਦੱਸਿਆ ਕਿ ਸੀਵਰੇਜ ਬੋਰਡ ਵਲੋਂ ਅਜੇ ਤੱਕ ਕੰਮ ਮੁਕੰਮਲ ਨਹੀਂ ਕੀਤਾ ਗਿਆ। ਮੁਕੰਮਲ ਹੋਣ ਦੇ ਤੁਰੰਤ ਬਾਅਦ ਸੜਕ ਬਣਾ ਦਿੱਤੀ ਜਾਵੇਗੀ। ਕਰੰਟ ਲੱਗਣ ਕਰਕੇ ਹੋਈ ਮੌਤ ਤੋਂ ਬਾਅਦ ਸਟਰੀਟ ਲਾਈਟਾਂ ਬੰਦ ਸਥਾਨਕ ਨਿਵਾਸੀਆਂ ਅਨੁਸਾਰ ਕੁਝ ਸਮਾਂ ਪਹਿਲਾਂ ਹੀ ਲੱਖਾਂ ਰੁਪਏ ਲਗਾ ਕੇ ਨਵੀਆਂ ਸਟਰੀਟ ਲਾਈਟਾਂ ਲਗਾਈਆਂ ਗਈਆਂ ਸਨ, ਪਰ ਇਸ ਨਵੇਂ ਲੱਗੇ ਖੰਭੇ ਵਾਲੀ ਥਾਂ ’ਤੇ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਇਹ ਲਾਈਟਾਂ ਨਹੀਂ ਜਗੀਆਂ ਅਤੇ ਰਾਤ ਦੇ ਸਮੇਂ ਲਾਈਟਾਂ ਨਾ ਜਗਣ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਸੜਕਾਂ ਦੀ ਹਾਲਤ ਖ਼ਰਾਬ ਹੋਣ ਅਤੇ ਵੱਡੇ-ਵੱਡੇ ਟੋਏ ਪੈਣ ਕਾਰਨ ਵਾਹਨਾਂ ਦਾ ਲੰਘਣਾ ਅਤੇ ਖੇਤਾਂ ਵਿਚੋਂ ਟਰਾਲੀਆਂ ਆਉਣਾ-ਜਾਣਾ ਬਹੁਤ ਮੁਸ਼ਕਿਲ ਹੋ ਗਿਆ ਹੈ।
ਪਿਛਲੀ ਖ਼ਬਰ ਸਰਬਪੱਖੀ ਕੀਟ ਪ੍ਰਬੰਧਨ ਸੰਬੰਧੀ ਦੋ ਰੋਜ਼ਾ ਮਨੁੱਖੀ ਸਰੋਤ ਵਿਕਾਸ ਸਿਖਲਾਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਯੂਥ ਅਕਾਲੀ ਦਲ ਦੀ ਮੀਟਿੰਗ ਨੂੰ ਸਫ਼ਲ ਬਣਾਉਣ ’ਤੇ ਵਰਕਰਾਂ ਦਾ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।