19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ’ਚ ਸ੍ਰੀ ਮੁਕਤਸਰ ਸਾਹਿਬ ਦੇ ਬੱਚਿਆਂ ਨੇ ਮਾਰੀਆਂ ਮੱਲ੍ਹਾਂ 35 ਬੱਚਿਆਂ ਨੇ ਜਿੱਤੇ ਸੋਨ ਤਗ਼ਮੇ

ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਹਰਿਆਣਾ ਦੇ ਰਤੀਆ ਵਿਖੇ ਕਰਵਾਈ ਗਈ 10ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਕੌਮੀ ਪੱਧਰ ਦੇ ਮੁਕਾਬਲੇ ਵਿਚ ਜ਼ਿਲ੍ਹੇ ਦੇ ਕੁੱਲ 40 ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ 35 ਬੱਚਿਆਂ ਨੇ ਸੋਨ ਤਗ਼ਮੇ ਜਿੱਤ ਕੇ ਆਪਣੀ ਮਿਹਨਤ ਤੇ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ।

ਅਜੀਤ ਡੈਸਕ 19-10-2026
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਹਰਿਆਣਾ ਦੇ ਰਤੀਆ ਵਿਖੇ ਕਰਵਾਈ ਗਈ 10ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਕੌਮੀ ਪੱਧਰ ਦੇ ਮੁਕਾਬਲੇ ਵਿਚ ਜ਼ਿਲ੍ਹੇ ਦੇ ਕੁੱਲ 40 ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ 35 ਬੱਚਿਆਂ ਨੇ ਸੋਨ ਤਗ਼ਮੇ ਜਿੱਤ ਕੇ ਆਪਣੀ ਮਿਹਨਤ ਤੇ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਬੱਚਿਆਂ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਮਾਪਿਆਂ, ਸਿਖਲਾਈ ਦੇਣ ਵਾਲੇ ਕੋਚਾਂ ਅਤੇ ਇਲਾਕਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਫ਼ਲਤਾ ਪਿੱਛੇ ਬੱਚਿਆਂ ਦੀ ਸਖ਼ਤ ਮਿਹਨਤ ਦੇ ਨਾਲ-ਨਾਲ ਗੱਤਕਾ ਕੋਚਾਂ ਦੀ ਯੋਗ ਅਗਵਾਈ ਤੇ ਸਿਖਲਾਈ ਦਾ ਅਹਿਮ ਯੋਗਦਾਨ ਰਿਹਾ ਹੈ। ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ ਵਲੋਂ ਬੱਚਿਆਂ ਨੂੰ ਗੱਤਕੇ ਦੀ ਸਿਖਲਾਈ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇੱਥੇ ਬੱਚੇ ਗੱਤਕੇ ਦੀਆਂ ਬਾਰੀਕੀਆਂ ਸਿੱਖਣ ਦੇ ਨਾਲ-ਨਾਲ ਅਨੁਸ਼ਾਸਨ, ਸੰਜਮ, ਹਿੰਮਤ ਅਤੇ ਸਵੈ-ਰੱਖਿਆ ਦੇ ਗੁਣ ਵੀ ਗ੍ਰਹਿਣ ਕਰ ਰਹੇ ਹਨ। ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਤੇ ਸਿੱਖ ਵਿਰਸੇ ਦੀ ਇਸ ਮਹਾਨ ਮਾਰਸ਼ਲ ਆਰਟ ਨੂੰ ਪ੍ਰਫ਼ੁੱਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਚੈਂਪੀਅਨਸ਼ਿਪ ਵਿਚੋਂ ਤਗ਼ਮੇ ਜਿੱਤ ਕੇ ਪਰਤੇ ਬੱਚਿਆਂ ਦਾ ਸ੍ਰੀ ਮੁਕਤਸਰ ਸਾਹਿਬ ਪਹੁੰਚਣ ’ਤੇ ਬਾਬਾ ਮਨਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਗੱਤਕਾ ਕੋਚ ਗੁਰਲਾਲ ਸਿੰਘ, ਕਰਨ ਸਿੰਘ ਅਤੇ ਸਰਬਦੀਪ ਸਿੰਘ ਦਾ ਵੀ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ। ਹਾਜ਼ਰ ਵਿਅਕਤੀਆਂ ਨੇ ਜੇਤੂ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਾਬਾ ਮਨਜੀਤ ਸਿੰਘ ਤੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬੱਚਿਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਲਗਨ, ਅਭਿਆਸ ਅਤੇ ਕੋਚਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਰਵਾਇਤੀ ਕਲਾਵਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ, ਕਿਉਂਕਿ ਇਸ ਨਾਲ ਉਨ੍ਹਾਂ ਵਿਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਸਰੀਰਕ ਤੰਦਰੁਸਤੀ ਵਧਦੀ ਹੈ। ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਅਰਦਾਸ ਕੀਤੀ ਕਿ ਬੱਚੇ ਭਵਿੱਖ ਵਿਚ ਵੀ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ, ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ।
ਪਿਛਲੀ ਖ਼ਬਰ ਥੈਲੀਸੀਮੀਆ ਦੇ ਮਰੀਜ਼ ਦੀ ਮੱਦਦ ਲਈ ਤਿੰਨ ਸੇਵਾਦਾਰਾਂ ਨੇ ਕੀਤਾ ਖ਼ੂਨਦਾਨ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਲਈ ਸਰਕਾਰ ਅਤੇ ਪੁਲਿਸ ਜ਼ਿੰਮੇਵਾਰ-ਪੈਨਸ਼ਨਰ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।