ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)- ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਫ਼ਰੀਦਕੋਟ ਵਲੋਂ ਆਈ.ਸੀ.ਏ.ਆਰ.-ਅਟਾਰੀ (ਜ਼ੋਨ-1, ਲੁਧਿਆਣਾ) ਦੀ ਅਗਵਾਈ ਹੇਠ ਹਰਿੰਦਰਾ ਪ੍ਰਾਇਮਰੀ ਸਕੂਲ ਫ਼ਰੀਦਕੋਟ ਅਤੇ ਜੰਡ ਸਾਹਿਬ ਅਕਾਲ ਅਕੈਡਮੀ ਵਿਖੇ ਸਕੂਲੀ ਬੱਚਿਆਂ ਲਈ ਸਵੱਛ ਭਾਰਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੌਰਾਨ ਕੇ.ਵੀ.ਕੇ. ਦੇ ਮਾਹਿਰਾਂ ਵਲੋਂ ਵਿਦਿਆਰਥੀਆਂ ਨੂੰ ਨਿੱਜੀ ਸਫ਼ਾਈ ਦੇ ਨਾਲ-ਨਾਲ ਆਲੇ-ਦੁਆਲੇ ਦੀ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਮਾਹਿਰਾਂ ਨੇ ਵਿਹਾਰਕ ਤਰੀਕਿਆਂ ਬਾਰੇ ਕਿਹਾ ਕਿ ਬੱਚੇ ਆਪਣੇ ਘਰ, ਸਕੂਲ ਅਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਵਿਦਿਆਰਥੀਆਂ ਨੂੰ ਕੂੜਾ-ਕਰਕਟ ਦਾ ਸਹੀ ਨਿਪਟਾਰਾ ਕਰਨ, ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਬਚਣ ਅਤੇ ਘਰ ਤੇ ਸਕੂਲ ਵਿਚ ਸਫ਼ਾਈ ਬਣਾਈ ਰੱਖਣ ਸਬੰਧੀ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਸਵੱਛਤਾ ਮਿਸ਼ਨ ਪ੍ਰਤੀ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ। ਕਲਾਸ ਰੂਮ ਲੈਕਚਰਾਂ ਤੋਂ ਬਾਅਦ ਵਿਦਿਆਰਥੀਆਂ ਅਤੇ ਕੇ.ਵੀ.ਕੇ. ਦੇ ਮਾਹਿਰਾਂ ਵਲੋਂ ਸਵੱਛਤਾ ਸਬੰਧੀ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਦੌਰਾਨ ਬੱਚਿਆਂ ਨੇ ਸਵੱਛ ਭਾਰਤ ਅਭਿਆਨ ਦਾ ਸੁਨੇਹਾ ਆਪਣੇ ਸਕੂਲ ਤੋਂ ਘਰ-ਘਰ ਤੱਕ ਪਹੁੰਚਾਉਣ ਅਤੇ ਆਪਣੇ ਰੋਜ਼ਾਨਾ ਜੀਵਨ ਵਿਚ ਸਵੱਛਤਾ ਦੀਆਂ ਆਦਤਾਂ ਨੂੰ ਅਪਣਾਉਣ ਦਾ ਪ੍ਰਣ ਲਿਆ।