ਜਲੰਧਰ, 29 ਨਵੰਬਰ (ਐੱਮ.ਐੱਸ. ਲੋਹੀਆ) - ਸੈਂਟਰ ਆਫ਼ ਟਰੇਡ ਯੂਨੀਅਨਜ਼ (ਸੀ.ਟੀ.ਯੂ.) ਪੰਜਾਬ ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਤੇ ਫ਼ੈਸਲਿਆਂ ਵਿਰੁੱਧ ਵਿਸ਼ਾਲ ਸੂਬਾਈ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ’ਚ ਐਲਾਨ ਕੀਤਾ ਗਿਆ ਕਿ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ 5 ਦਸੰਬਰ ਤੋਂ 12 ਦਸੰਬਰ 2026 ਤੱਕ ਪੰਜਾਬ ਦੇ ਸਮੂਹ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਤੇ ਕਿਰਤ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤੇ ਜਾਣਗੇ। ਇਸ ’ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ’ਚ ਮਜ਼ਦੂਰਾਂ, ਮੁਲਾਜ਼ਮਾਂ ਤੇ ਟਰੇਡ ਯੂਨੀਅਨ ਆਗੂਆਂ ਨੇ ਸ਼ਮੂਲੀਅਤ ਕੀਤੀ। ਕਨਵੈਨਸ਼ਨ ’ਚ ਉਚੇਚੇ ਤੌਰ ’ਤੇ ਪਹੁੰਚੇ ਏਟਕੂ ਦੇ ਆਲ ਇੰਡੀਆ ਜਨਰਲ ਸਕੱਤਰ ਰਾਜੀਵ ਡਿਮਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਰਤ ਕਾਨੂੰਨ ਖ਼ਤਮ ਕਰਨ ਦਾ ਜੋ ਘਿਨਾਉਣਾ ਅਪਰਾਧ ਕੀਤਾ ਹੈ ਉਸਦੇ ਖਿਲਾਫ ਸਮੁੱਚੀਆਂ ਟਰੇਡ ਯੂਨੀਅਨਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨਾ ਪਵੇਗਾ। ਇਸ ਮੌਕੇ ਆਰ.ਐੱਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਮਜ਼ਦੂਰਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਨੂੰ ਆਪਣੀਆਂ ਆਰਥਿਕ ਮੰਗਾਂ ਦੀ ਲੜਾਈ ਲੜਦਿਆਂ ਨਾਲੋ ਨਾਲ ਮੋਦੀ ਸਰਕਾਰ ਦੇ ਫਾਸ਼ੀਵਾਦ ਖਿਲਾਫ ਤੇ ਸੰਵਿਧਾਨ ਤੇ ਜਮਹੂਰੀਅਤ ਦੀ ਰਾਖੀ ਲਈ ਵੀ ਜਦੋਜਹਿਦ ਵਿੱਚ ਸ਼ਾਮਲ ਹੋਣਾ ਅੱਤ ਜਰੂਰੀ ਹੈ। ਪੰਜਾਬ ਅੰਦਰ ਪੰਜਾਬੀ ਤੇ ਅੰਤਰਰਾਜੀ ਮਜ਼ਦੂਰਾਂ ਦਰਮਿਆਨ ਬਖੇੜਾ ਖੜ੍ਹਾ ਕਰਨ ਵਾਲੇ ਫਿਰਕੂ ਅੰਸ਼ਰਾਂ ਦੀ ਨਿਖੇਧੀ ਕਰਦਿਆਂ ਕਾਮਰੇਡ ਪਾਸਲਾ ਨੇ ਅੱਗੇ ਕਿਹਾ ਕਿ ਪੰਜਾਬ ਅਸੈਂਬਲੀ 2027 ਦੀਆਂ ਚੋਣਾਂ ਵਿੱਚ ਲੇਬਰ ਤੇ ਮਨਰੇਗਾ ਕਾਨੂੰਨਾਂ ਨੂੰ ਖਤਮ ਕਰਨ ਲਈ ਜਿੰਮੇਵਾਰ ਭਾਜਪਾ ਤੇ ਆਪ ਪਾਰਟੀ ਨੂੰ ਹਰਾਉਣ ਦਾ ਵੀ ਸੱਦਾ ਦਿੱਤਾ। ਕਨਵੈਨਸ਼ਨ ਦੀ ਪ੍ਰਧਾਨਗੀ ਸੀ ਟੀ ਯੂ ਪੰਜਾਬ ਦੇ ਪ੍ਰਧਾਨ ਕਾਮਰੇਡ ਜਗਦੀਸ਼ ਚੰਦਰ ਨੇ ਕੀਤੀ। ਕਨਵੈਨਸ਼ਨ ਨੂੰ ਸੀ.ਟੀ.ਯੂ ਪੰਜਾਬ ਦੇ ਪ੍ਰਧਾਨ ਜਗਦੀਸ਼ ਚੰਦਰ, ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਅਤੇ ਸੀਨੀਅਰ ਮੀਤ ਪ੍ਰਧਾਨ ਨੱਥਾ ਸਿੰਘ ਢਡਵਾਲ, ਧਿਆਨ ਸਿੰਘ ਠਾਕੁਰ, ਗੰਗਾ ਪ੍ਰਸਾਦ, ਹਰੀ ਮੁਨੀ ਸਿੰਘ, ਜਗਤਾਰ ਸਿੰਘ ਕਰਮਪੁਰਾ, ਬਲਰਾਮ ਸਿੰਘ, ਬੀਬੀ ਕੰਚਨ ਸਿੰਘ, ਪਾਰਵਤੀ, ਪਰਮਜੀਤ ਸਿੰਘ ਲੁਧਿਆਣਾ, ਹਰਜੀਤ ਸਿੰਘ, ਮਨਹਰਨ, ਅਮਰਜੀਤ ਸਿੰਘ ਘਨੌਰ, ਬਲਵਿੰਦਰ ਸਿੰਘ ਭੁਲੱਥ, ਧਰਮ ਸਿੰਘ ਪੱਟੀ ਅਤੇ ਹੋਰ ਹਾਜ਼ਰ ਸਾਥੀਆਂ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਕਾਮਰੇਡ ਸ਼ਿਵ ਕੁਮਾਰ ਪਠਾਨਕੋਟ ਕੀਤਾ।