ਸਿੱਖਿਆ ਸ਼ਾਸਤਰੀ ਡਾ. ਅਨੂਪ ਕੁਮਾਰ ਵਤਸ ਰਾਸ਼ਟਰੀ ਸਿੱਖਿਆ ਰਤਨ ਸਨਮਾਨ ਨਾਲ ਸਨਮਾਨਿਤ
ਜਲੰਧਰ, 22 ਨਵੰਬਰ (ਜਤਿੰਦਰ ਪੰਮੀ)–ਪੰਜਾਬ ਕਲਾ ਸਾਹਿਤ ਅਕਾਦਮੀ (ਪੰਕਸ) ਵਲੋਂ 30ਵਾਂ ਸਾਲਾਨਾ ਹਿੰਦੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅਕਾਦਮੀ ਦੇ ਚਾਰ ਦਹਾਕਿਆਂ ਦੇ ਸਾਹਿਤਕ ਸਫ਼ਰ ਦੀ ਸ਼ਲਾਘਾ ਕੀਤੀ।
ਜਲੰਧਰ, 22 ਨਵੰਬਰ (ਜਤਿੰਦਰ ਪੰਮੀ)–ਪੰਜਾਬ ਕਲਾ ਸਾਹਿਤ ਅਕਾਦਮੀ (ਪੰਕਸ) ਵਲੋਂ 30ਵਾਂ ਸਾਲਾਨਾ ਹਿੰਦੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅਕਾਦਮੀ ਦੇ ਚਾਰ ਦਹਾਕਿਆਂ ਦੇ ਸਾਹਿਤਕ ਸਫ਼ਰ ਦੀ ਸ਼ਲਾਘਾ ਕੀਤੀ। ਉਨ੍ਹਾਂ ਅਕਾਦਮੀ ਦੇ ਪ੍ਰਧਾਨ ਸਿਮਰ ਸਦੋਸ਼ ਦੇ ਸੰਘਰਸ਼ ਤੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੇ ਪਿਤਾ ਅਤੇ ਪ੍ਰਸਿੱਧ ਸ਼ਾਇਰ ਸੰਤੋਖ ਸਿੰਘ ਸਫ਼ਰੀ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਲਗਾਤਾਰ 52 ਸਾਲ ਸਾਉਣ ਕਵੀ ਦਰਬਾਰਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਡਾ. ਸੁਨੀਲ ਕੁਮਾਰ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਸਿਮਰ ਸਦੋਸ਼ ਪਿਛਲੇ 40 ਸਾਲਾਂ ਤੋਂ ਇਕੱਲੇ ਹੀ ਇੰਨੀ ਵੱਡੀ ਸਾਹਿਤਕ ਸੰਸਥਾ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਅਕਾਦਮੀ ਦੇ ਪ੍ਰਧਾਨ ਸਿਮਰ ਸਦੋਸ਼ ਤੇ ਡਾਇਰੈਕਟਰ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਵਰਗੇ ਗ਼ੈਰ-ਹਿੰਦੀ ਭਾਸ਼ਾਈ ਸੂਬੇ ’ਚ ਹਿੰਦੀ ਸਾਹਿਤ ਦੇ ਮਹਾਂਕੁੰਭ ਵਜੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਡੀ.ਏ.ਵੀ. ਕਾਲਜ ਜਲੰਧਰ ਦੇ ਪ੍ਰਿੰਸੀਪਲ ਤੇ ਉੱਘੇ ਸਿੱਖਿਆ ਸ਼ਾਸਤਰੀ ਡਾ. ਅਨੂਪ ਕੁਮਾਰ ਵਤਸ ਨੂੰ ਰਾਸ਼ਟਰੀ ਸਿੱਖਿਆ ਰਤਨ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪਰਵਿੰਦਰ ਕੌਰ ਨੂੰ ਰਾਸ਼ਟਰੀ ਮਨੁੱਖੀ ਸੇਵਾ ਰਤਨ ਸਨਮਾਨ ਅਤੇ ਡਾ. ਗੁਨੀਤ ਕੌਰ ਐੱਮ.ਬੀ.ਬੀ.ਐੱਸ., ਐੱਮ.ਡੀ. ਨੂੰ ਵਿਰਾਸਤੀ ਫੁਲਕਾਰੀ ਸਨਮਾਨ ਦਿੱਤਾ ਗਿਆ। ਦਿੱਲੀ ਦੇ ਪ੍ਰਸਿੱਧ ਪੱਤਰਕਾਰ ਯੋਗੇਸ਼ ਗੋਇਲ ਨੂੰ ਰਾਸ਼ਟਰੀ ਮੀਡੀਆ ਅਕਾਦਮੀ ਸਨਮਾਨ ਅਤੇ ਪਟਿਆਲਾ ਦੇ ਪ੍ਰੋ. ਨਵ ਸੰਗੀਤ ਸਿੰਘ ਨੂੰ ਰਾਸ਼ਟਰੀ ਅਨੁਵਾਦ ਸ੍ਰੇਸ਼ਠੀ ਸਨਮਾਨ ਨਾਲ ਨਿਵਾਜਿਆ ਗਿਆ। ਅਕਾਦਮੀ ਦੇ ਆਲ ਇੰਡੀਆ ਡਾਇਰੈਕਟਰ ਨਰੇਸ਼ ਮਹਿਰਾ ਅਨੁਸਾਰ ਅੰਤਰਰਾਸ਼ਟਰੀ ਪੰਕਸ ਅਕਾਦਮੀ ਐਵਾਰਡ ਡੀ.ਏ.ਵੀ. ਕਾਲਜ ਅੰਮ੍ਰਿਤਸਰ ਦੇ ਹਿੰਦੀ ਵਿਭਾਗ ਦੀ ਮੁਖੀ ਡਾ. ਕਿਰਨ ਖੰਨਾ, ਸ਼ਿਮਲਾ ਦੇ ਡਾ. ਸੰਜੀਵ ਕੁਮਾਰ ਗੁਪਤਾ, ਨਵੀਂ ਦਿੱਲੀ ਦੀ ਸਾਹਿਤਕਾਰ ਡਾ. ਮਮਤਾ ਸੋਨੀ ਅਤੇ ਡਾ. ਐੱਸ.ਐੱਸ. ਡੋਗਰਾ ਅਤੇ ਗੁਜਰਾਤ ਦੀ ਪ੍ਰਸਿੱਧ ਸਾਹਿਤਕਾਰ ਡਾ. ਨਯਨਾ ਆਰ. ਡੇਲੀਵਾਲਾ ਨੂੰ ਪ੍ਰਦਾਨ ਕੀਤੇ ਗਏ। ਇਸੇ ਤਰ੍ਹਾਂ ਸੰਗੀਤ ਪ੍ਰੇਮੀ ਸੰਗਤ ਰਾਮ, ਪ੍ਰਸਿੱਧ ਫ਼ਿਲਮ ਅਦਾਕਾਰਾ ਬਲਵਿੰਦਰ ਕੌਰ, ਚਿੱਤਰਕਾਰ ਬਲਵਿੰਦਰ ਸੈਲੀ ਅਤੇ ਸਮਾਜ ਸੇਵੀ ਅਮਰਜੀਤ ਸਿੰਘ ਨੂੰ ਰਾਸ਼ਟਰੀ ਕਲਾ-ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਨੇਪਾਲ ਦੇ ਸਾਹਿਤਕਾਰ ਰਮੇਸ਼ ਪੰਤ ਮੀਤ-ਬੰਧੂ ਅਤੇ ਹੇਮ ਬਾਬੂ ਲੇਖਕ ਨੂੰ ਅੰਤਰਰਾਸ਼ਟਰੀ ਪ੍ਰਵਾਸੀ ਸਾਹਿਤ ਸ੍ਰੇਸ਼ਠੀ ਸਨਮਾਨ ਦਿੱਤਾ ਗਿਆ। ਇਸ ਤੋਂ ਇਲਾਵਾ ਸਾਹਿਤਕਾਰ ਅਤੇ ਸਿੱਖਿਆ ਸ਼ਾਸਤਰੀ ਪ੍ਰੋ. ਡਾ. ਸਰਲਾ ਭਾਰਦਵਾਜ, ਸਿੱਖਿਆ ਸ਼ਾਸਤਰੀ ਸਰੋਜ ਕਪੂਰ, ਜਾਦੂਗਰ ਸਮਰਾਟ ਚਿੰਗ ਫੁੰਗ ਲੀ ਅਤੇ ਮੋਤੀ ਲਾਲ ਸ਼ਰਮਾ, ਉੱਤਰਾਖੰਡ ਦੇ ਕਹਾਣੀਕਾਰ ਤੇ ਨਾਵਲਕਾਰ ਮੋਹਨ ਰਾਜਪੂਤ ਅਤੇ ਕ੍ਰਿਸ਼ਨ ਕੁਮਾਰ ਭਗਤ ਅਤੇ ਮੱਧ ਪ੍ਰਦੇਸ਼ ਦੇ ਸ਼ੈਲੇਸ਼ ਤਿਵਾੜੀ ਨੂੰ ਰਾਸ਼ਟਰੀ ਵਿਸ਼ੇਸ਼ ਅਕਾਦਮੀ ਸਨਮਾਨ ਨਾਲ ਨਿਵਾਜਿਆ ਗਿਆ।