ਜਲੰਧਰ, 18 ਨਵੰਬਰ (ਐੱਮ.ਐੱਸ. ਲੋਹੀਆ)- ਉੱਘੇ ਪੰਜਾਬੀ ਲੇਖਕ ਪ੍ਰੋ. ਸੁਖਪਾਲ ਸਿੰਘ ਥਿੰਦ ਨੂੰ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵਲੋਂ ਇਸ ਵਰ੍ਹੇ ਦਾ ‘ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ’ ਦਿੱਤਾ ਜਾਵੇਗਾ। ਇਹ ਸਨਮਾਨ ਪਿਛਲੇ 33 ਸਾਲ ਤੋਂ ਹਰ ਵਰ੍ਹੇ ਪੰਜਾਬੀ ਕਹਾਣੀ ਦੇ ਖੇਤਰ ’ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਪੰਜਾਬੀ ਲੇਖਕ ਨੂੰ ਦਿੱਤਾ ਜਾਂਦਾ ਹੈ। ਇਹ ਸਨਮਾਨ ਸਮਾਗਮ 22 ਨਵੰਬਰ ਨੂੰ ਗੁਰਦਾਸਪੁਰ ਦੇ ‘ਰਾਮ ਸਿੰਘ ਦੱਤ ਦੇਸ਼ ਭਗਤ ਯਾਦਗਾਰ ਹਾਲ’ ’ਚ ਹੋਵੇਗਾ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਥਿੰਦ ਦੀਆਂ ਹੁਣ ਤੱਕ ਅੱਠ ਮੌਲਿਕ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਸ ’ਚ ਦੋ ਕਹਾਣੀ ਸੰਗ੍ਰਹਿ ਤਿੰਨ ਸਫਰਨਾਮੇ ਤੇ ਤਿੰਨ ਆਲੋਚਨਾ ਦੀਆਂ ਪੁਸਤਕਾਂ ਹਨ। ਉਨ੍ਹਾਂ ਦੀ ਪਹਿਲੀ ਕਹਾਣੀ ਪੁਸਤਕ ‘ਫੁੱਲਾਂ ਦੀ ਫਸਲ’ ਨੂੰ ‘ਦਲਬੀਰ ਚੇਤਨ ਯਾਦਗਾਰੀ ਪੁਰਸਕਾਰ’ ਅਤੇ ‘ਜਸਵੰਤ ਸਿੰਘ ਕੰਵਲ ਗਲਪ ਸਨਮਾਨ’ ਪ੍ਰਾਪਤ ਹੋ ਚੁੱਕੇ ਹਨ। ਪਿਛਲੇ ਦਿਨਾਂ ’ਚ ਉਨ੍ਹਾਂ ਦੀ ਕਹਾਣੀ ਪੁਸਤਕ ‘ਦੇਸੀ ਡਰੀਮਜ਼’ ਛਪ ਕੇ ਆਈ ਹੈ, ਜੋ ਅੱਜ-ਕੱਲ ਖੂਬ ਚਰਚਾ ਵਿੱਚ ਹੈ।