ਜਲੰਧਰ, 17 ਨਵੰਬਰ (ਐੱਮ. ਐੱਸ. ਲੋਹੀਆ)-ਲਾਲਾ ਲਾਜਪਤ ਰਾਏ ਜੀ ਦੀ 98ਵੀਂ ਬਰਸੀ ਦੇ ਮੌਕੇ ਲਾਲਾ ਲਾਜਪਤ ਰਾਏ ਗਰੁੱਪ ਆਫ਼ ਇੰਸਟੀਚਿਊਟ ਵਿਖੇ ਸ਼ਰਧਾਂਜਲੀ ਤੇ ਸੱਭਿਆਚਾਰਕ ਸਮਾਗਮ ਕਰਵਾਇਆ। ਇਸ ਸਮਾਗਮ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀ ਦੇ ਬਲਿਦਾਨ ਦੇਸ਼ ਭਗਤੀ ਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਨੂੰ ਪ੍ਰੇਰਿਤ ਕਰਨਾ ਸੀ। ਸਮਾਗਮ ਦਾ ਸ਼ੁੱਭ ਅਰੰਭ ਮੁੱਖ ਮਹਿਮਾਨ ਤੇ ਪਤਵੰਤੇ ਸੱਜਣਾ ਵਲੋਂ ਦੀਪ ਜਗਾ ਕੇ ਕੀਤਾ ਗਿਆ। ਇਸ ਤੋਂ ਬਾਅਦ ਸੰਸਥਾ ਦੀ ਪ੍ਰਿੰਸੀਪਲ ਸ੍ਰੀਮਤੀ ਨੇਹਾ ਵਾਸੂਦੇਵ ਨੇ ਆਏ ਹੋਏ ਮਹਿਮਾਨਾਂ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ। ਉਪਰੰਤ ਡਾ. ਇੰਦਰਪਾਲ ਸਿੰਘ ਸਚਦੇਵਾ ਵਲੋਂ ਸਲਾਨਾ ਰਿਪੋਰਟ ਪੜ੍ਹੀ ਗਈ, ਜਿਸ ’ਚ ਸੰਸਥਾ ਦੀ ਸਿੱਖਿਅਕ ਪ੍ਰਾਪਤੀਆਂ ਤੇ ਵੱਖ-ਵੱਖ ਗਤੀਵਿਧੀਆਂ ’ਤੇ ਚਾਨਣਾ ਪਾਇਆ ਗਿਆ। ਸਮਾਗਮ ’ਚ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਗੀਤ ਪੇਸ਼ ਕੀਤਾ ਗਿਆ ਅਤੇ ਲਾਲਾ ਲਾਜਪਤ ਰਾਏ ਦੇ ਜੀਵਨ ਸੰਘਰਸ਼ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਂਦੇ ਹੋਏ ਵੀਰ ਕੀ ਗਾਥਾ ਨਾਮਕ ਵਿਸ਼ੇਸ਼ ਪੇਸ਼ਕਾਰੀ ਕੀਤੀ ਗਈ। ਉਪਰੰਤ ਗੁਲਾਬ ਦੇਵੀ ਮੈਮੋਰੀਅਲ ਹਸਪਤਾਲ ਟਰੱਸਟ ਦੇ ਮੈਂਬਰ ਕੁਮਾਰ ਰਾਜ, ਡਾ. ਰਿਭਵ ਪਸਰੀਚਾ, ਡਾ. ਰਾਜੇਸ਼ ਪਸਰੀਚਾ, ਡਾ. ਉਰਵਸ਼ੀ, ਕਾਲਜ ਦੇ ਡਾਇਰੈਕਟਰ ਸ਼ਿਵ ਮੋਦਗਿੱਲ ਨੇ ਲਾਲਾ ਲਾਜਪਤਰਾਏ ਦੀ ਮੂਰਤੀ ’ਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ਗਿਆ ਨਾਟਕ ਰਿਹਾ, ਜਿਸ ’ਚ ਸਾਇਮਨ ਕਮੀਸ਼ਨ ਦੇ ਵਿਰੋਧ ਅਤੇ ਲਾਲਾ ਲਾਜਪਤ ਰਾਏ ਦੇ ਸਾਹਸਪੂਰਣ ਸੰਘਰਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ। ਸਮਾਗਮ ਦੇ ਅੰਤ ’ਚ ਸੰਸਥਾ ਦੇ ਸਕੱਤਰ ਡਾ. ਰਾਜੇਸ਼ ਪਸਰੀਚਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਲਾਲਾ ਲਾਜਪਤ ਰਾਏ ਜੀ ਦੇ ਆਦਰਸ਼ ਸਾਹਸ ਤਿਆਗ ਅਤੇ ਦੇਸ਼ ਭਗਤੀ ਦੀ ਪ੍ਰੇਰਣਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਡਾ. ਆਰੁਸ਼ ਪਸਰੀਚਾ, ਡਾ. ਦੀਪਕ ਮੋਦੀ ਅਤੇ ਹੋਰ ਹਾਜ਼ਰ ਸਨ।