ਜਲੰਧਰ, 23 ਸਤੰਬਰ (ਐੱਮ. ਐੱਸ. ਲੋਹੀਆ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਭਾਈ ਘਨਈਆ ਜੀ ਚੈਰਿਟੀ ਅਤੇ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਭਾਈ ਘਨ੍ਹਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਸਥਾਨਕ ਰੈੱਡ ਕਰਾਸ ਭਵਨ ਵਿਖੇ ਕਰਵਾਏ ਗਏ ਸਮਾਗਮ ’ਚ ਮੁੱਖ ਮੰਤਰੀ ਫੀਲਡ ਅਫ਼ਸਰ ਸ਼ਿਵਾਂਸ਼ ਅਸਥਾਨਾ (ਆਈ.ਏ.ਐਸ.) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਆਪਣੇ ਸੰਬੋਧਨ ’ਚ ਸ੍ਰੀ ਅਸਥਾਨਾ ਨੇ ਨੌਜਵਾਨਾਂ ਨੂੰ ਭਾਈ ਘਨ੍ਹਈਆ ਜੀ ਦੀਆਂ ਮਹਾਨ ਸੇਵਾਵਾਂ ਤੋਂ ਪ੍ਰੇਰਨਾ ਲੈਂਦਿਆਂ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਘਨ੍ਹਈਆ ਜੀ ਨੇ ਮੈਦਾਨ-ਏ-ਜੰਗ ’ਚ ਜ਼ਖਮੀਆਂ ਦੀ ਬਿਨਾਂ ਕਿਸੇ ਵਿਤਕਰੇ ਦੇ ਸੇਵਾ ਕੀਤੀ, ਜੋ ਮਨੁੱਖੀ ਕਦਰਾਂ-ਕੀਮਤਾਂ ਅਤੇ ਪਰਉਪਕਾਰ ਦੀ ਇਕ ਮਿਸਾਲ ਹੈ। ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸ੍ਰੀ ਅਸਥਾਨਾ ਵਲੋਂ ਸਮਾਜ ਸੇਵੀਆਂ ਅਤੇ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਭਾਈ ਘਨ੍ਹਈਆ ਜੀ ਦੇ ਜੀਵਨ ਸੰਬੰਧੀ ਕਰਵਾਏ ਗਏ ਲੇਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਭਾਈ ਘਨ੍ਹਈਆ ਜੀ ਦੇ ਜੀਵਨ ਅਤੇ ਉਨ੍ਹਾਂ ਵਲੋਂ ਮਨੁੱਖਤਾ ਦੀ ਸੇਵਾ ਹਿੱਤ ਕੀਤੀਆਂ ਗਈਆਂ ਮਹਾਨ ਸੇਵਾਵਾਂ ਸੰਬੰਧੀ ਜਾਣਕਾਰੀ ਦਿੱਤੀ। ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਭਾਈ ਘਨ੍ਹਈਆ ਜੀ ਦੇ ਜੀਵਨ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਹਾਜ਼ਰੀਨ ਨੇ ਮਨੁੱਖਤਾ ਦੀ ਸੇਵਾ ਅਤੇ ਸਰਬਸਾਂਝੀਵਾਲਤਾ ਦਾ ਪ੍ਰਣ ਵੀ ਲਿਆ। ਸਕੱਤਰ ਰੈੱਡ ਕਰਾਸ ਸੁਸਾਇਟੀ ਡਾ. ਸੁਰਜੀਤ ਲਾਲ ਨੇ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਸੇਵਾ ਦੇ ਮੌਕਿਆਂ ਨੂੰ ਪੂਰੀ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦੌਰਾਨ ਰੈੱਡ ਕਰਾਸ ਦਿਵਿਆਂਗ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਖੂਨਦਾਨ ਕੈਂਪ ਤੋਂ ਇਲਾਵਾ ਆਰਥੋ ਅਤੇ ਅੱਖਾਂ ਦਾ ਚੈੱਕਅਪ ਕੈਂਪ ਵੀ ਲਗਾਇਆ ਗਿਆ। ਸਮਾਗਮ ਦੌਰਾਨ ਸਮਾਜ ਸੇਵਿਕਾ ਪਰਮਿੰਦਰ ਬੇਰੀ, ਸਤਪਾਲ ਸਿੰਘ ਸਿਦਕੀ , ਗੁਰਮੇਲ ਸਿੰਘ, ਰਮੇਸ਼ ਲਖਨਪਾਲ, ਕੈਪਟਨ ਗੁਰਮੇਲ ਸਿੰਘ, ਵਰਿੰਦਰ ਸੈਣੀ, ਐਸ.ਪੀ. ਸਿੰਘ, ਬਹਾਦਰ ਸਿੰਘ, ਕੈਪਟਨ ਜਸਵਿੰਦਰ ਸਿੰਘ, ਮਾਸਟਰ ਅਮਰੀਕ ਸਿੰਘ, ਨੇਕ ਰਾਮ, ਡਾ. ਅਸ਼ੋਕ ਸਹੋਤਾ, ਦਵਿੰਦਰ ਸਿੰਘ ਰਹੇਜਾ, ਜੱਥੇਦਾਰ ਜਗਜੀਤ ਸਿੰਘ ਗਾਬਾ, ਗੁਰਬਖ਼ਸ਼ ਸਿੰਘ ਜੁਨੇਜਾ, ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ, ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ ਨੀਲਾਮਹਿਲ, ਮੋਹਨ ਸਿੰਘ (ਅਨਾਉਂਸਰ), ਸੁਰਿੰਦਰ ਸੈਣੀ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।