7 ਦਿਨਾਂ ਬਾਅਦ ਵੀ ਲੁਟੇਰਿਆਂ ਦਾ ਨਹੀਂ ਲੱਗਾ ਕੋਈ ਸੁਰਾਗ, ਪੀੜਤ ਨੇ ਮੰਗਿਆ ਇਨਸਾਫ਼
ਜਲੰਧਰ, 14 ਸਤੰਬਰ (ਜਤਿੰਦਰ ਪੰਮੀ)-ਥਾਣਾ ਭਾਰਗੋ ਕੈਂਪ ਅਧੀਨ ਆਉਂਦੇ ਇਲਾਕੇ ਦਿਓਲ ਨਗਰ ਦੇ ਨੇੜੇ ਪਾਰਕ ਕੋਲ ਆਪਣੇ ਪਤੀ ਨਾਲ ਸੈਰ ਕਰ ਰਹੀ ਔਰਤ ਕੋਲੋਂ ਮੋਟਰਸਾਈਕਲ ਸਵਾਰ 2 ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰ ਦਿਖਾ ਕੇ ਸੋਨੇ ਦੀਆਂ ਵਾਲੀਆਂ ਖੋਹਣ ਦੇ ਮਾਮਲੇ ’ਚ ਪੁਲਿਸ ਨੂੰ 7 ਦਿਨਾਂ ਬਾਅਦ ਵੀ ਕੋਈ ਸੁਰਾਗ ਨਹੀਂ ਲੱਗਾ। ਇਸ ਸਬੰਧੀ ਗੱਲਬਾਤ ਕਰਦਿਆਂ ਬਲਜੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਦਿਓਲ ਨਗਰ ਨੇ ਦੱਸਿਆ ਕਿ ਬੀਤੀ 7 ਸਤੰਬਰ ਨੂੰ ਸਵੇਰੇ 6.
ਜਲੰਧਰ, 14 ਸਤੰਬਰ (ਜਤਿੰਦਰ ਪੰਮੀ)-ਥਾਣਾ ਭਾਰਗੋ ਕੈਂਪ ਅਧੀਨ ਆਉਂਦੇ ਇਲਾਕੇ ਦਿਓਲ ਨਗਰ ਦੇ ਨੇੜੇ ਪਾਰਕ ਕੋਲ ਆਪਣੇ ਪਤੀ ਨਾਲ ਸੈਰ ਕਰ ਰਹੀ ਔਰਤ ਕੋਲੋਂ ਮੋਟਰਸਾਈਕਲ ਸਵਾਰ 2 ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰ ਦਿਖਾ ਕੇ ਸੋਨੇ ਦੀਆਂ ਵਾਲੀਆਂ ਖੋਹਣ ਦੇ ਮਾਮਲੇ ’ਚ ਪੁਲਿਸ ਨੂੰ 7 ਦਿਨਾਂ ਬਾਅਦ ਵੀ ਕੋਈ ਸੁਰਾਗ ਨਹੀਂ ਲੱਗਾ। ਇਸ ਸਬੰਧੀ ਗੱਲਬਾਤ ਕਰਦਿਆਂ ਬਲਜੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਦਿਓਲ ਨਗਰ ਨੇ ਦੱਸਿਆ ਕਿ ਬੀਤੀ 7 ਸਤੰਬਰ ਨੂੰ ਸਵੇਰੇ 6.15 ਦੇ ਕਰੀਬ ਜਦੋਂ ਉਹ ਆਪਣੇ ਪਤੀ ਨਾਲ ਸੈਰ ਕਰਦੇ ਹੋਏ ਆਈਸ ਕ੍ਰੀਮ ਫੈਕਟਰੀ ਪੁੱਜੀ ਤਾਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ, ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ, ਨੇ ਦਾਤਰ ਦਿਖਾਉਂਦਿਆਂ ਡਰਾ-ਧਮਕਾ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਤੇ ਫਰਾਰ ਹੋ ਗਏ। ਉਨ੍ਹਾਂ ਨੇ 8 ਸਤੰਬਰ ਨੂੰ ਥਾਣਾ ਭਾਰਗੋ ਕੈਂਪ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਹਾਲੇ ਤੱਕ ਪੁਲਿਸ ਲੁਟੇਰਿਆਂ ਤੱਕ ਨਹੀਂ ਪੁੱਜ ਸਕੀ। ਬਲਜੀਤ ਕੌਰ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਹ ਕਾਫ਼ੀ ਸਹਿਮੀ ਹੋਈ ਹੈ ਤੇ ਸੈਰ ਕਰਨ ਤੋਂ ਵੀ ਗੁਰੇਜ਼ ਕਰਦੀ ਹੈ। ਬਲਜੀਤ ਕੌਰ ਨੇ ਦੱਸਿਆ ਕਿ ਲੁੱਟਾਂ-ਖੋਹਾਂ ਕਾਰਨ ਇਲਾਕੇ ਦੀਆਂ ਸੈਰ ਕਰਨ ਵਾਲੀਆਂ ਔਰਤਾਂ ਵਿਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਤੋਂ ਮੰਗ ਕੀਤੀ ਕਿ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਜਲਦ ਕਾਬੂ ਕਰਕੇ ਉਸ ਦੀਆਂ ਵਾਲੀਆਂ ਬਰਾਮਦ ਕਰਵਾਈਆਂ ਜਾਣ। ਇਸ ਸਬੰਧੀ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਸਤਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ 7 ਸਤੰਬਰ ਵਾਲੀ ਘਟਨਾ ਦੀ ਜਾਂਚ ਚੱਲ ਰਹੀ ਹੈ ਅਤੇ ਲੁਟੇਰਿਆਂ ਦੀ ਸ਼ਨਾਖਤ ਕਰਕੇ ਕਾਬੂ ਕਰ ਲਿਆ ਜਾਵੇਗਾ।