05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਗੁਰਮੀਤ ਕੌਰ ਬਣੀ ਪੰਜਾਬ ਪੁਲਿਸ ਦੀ ਪਹਿਲੀ ਮਹਿਲਾ ਸਪੋਰਟਸ ਸਕੱਤਰ

ਜਲੰਧਰ, 4 ਸਤੰਬਰ (ਡਾ ਜਤਿੰਦਰ ਸਾਬੀ)-ਪੰਜਾਬ ਪੁਲਿਸ ਦੇ ਖੇਡ ਇਤਿਹਾਸ ਵਿੱਚ ਮਹਿਲਾ ਸਸ਼ਕਤੀਕਰਨ ਦਾ ਇੱਕ ਮਹੱਤਵਪੂਰਨ ਅਧਿਆਇ ਉਸ ਵੇਲੇ ਜੁੜ ਗਿਆ, ਜਦੋਂ ਅੰਤਰਰਾਸ਼ਟਰੀ ਫੁੱਟਬਾਲ ਖਿਡਾਰਨ ਗੁਰਮੀਤ ਕੌਰ ਨੇ ਪੰਜਾਬ ਪੁਲਿਸ ਦੇ ਸਪੋਰਟਸ ਸਕੱਤਰ ਵਜੋਂ ਜ਼ਿੰਮੇਵਾਰੀ ਸੰਭਾਲੀ। ਇਸ ਅਹੁਦੇ ਤੱਕ ਪਹੁੰਚਣ ਵਾਲੀ ਉਹ ਪੰਜਾਬ ਪੁਲਿਸ ਦੀ ਪਹਿਲੀ ਮਹਿਲਾ ਅਧਿਕਾਰੀ ਹੈ।

ਅਜੀਤ ਡੈਸਕ 05-09-2026
ਜਲੰਧਰ, 4 ਸਤੰਬਰ (ਡਾ ਜਤਿੰਦਰ ਸਾਬੀ)-ਪੰਜਾਬ ਪੁਲਿਸ ਦੇ ਖੇਡ ਇਤਿਹਾਸ ਵਿੱਚ ਮਹਿਲਾ ਸਸ਼ਕਤੀਕਰਨ ਦਾ ਇੱਕ ਮਹੱਤਵਪੂਰਨ ਅਧਿਆਇ ਉਸ ਵੇਲੇ ਜੁੜ ਗਿਆ, ਜਦੋਂ ਅੰਤਰਰਾਸ਼ਟਰੀ ਫੁੱਟਬਾਲ ਖਿਡਾਰਨ ਗੁਰਮੀਤ ਕੌਰ ਨੇ ਪੰਜਾਬ ਪੁਲਿਸ ਦੇ ਸਪੋਰਟਸ ਸਕੱਤਰ ਵਜੋਂ ਜ਼ਿੰਮੇਵਾਰੀ ਸੰਭਾਲੀ। ਇਸ ਅਹੁਦੇ ਤੱਕ ਪਹੁੰਚਣ ਵਾਲੀ ਉਹ ਪੰਜਾਬ ਪੁਲਿਸ ਦੀ ਪਹਿਲੀ ਮਹਿਲਾ ਅਧਿਕਾਰੀ ਹੈ। ਗੁਰਮੀਤ ਕੌਰ ਦਾ ਸਫ਼ਰ ਇਸ ਲਈ ਹੋਰ ਵੀ ਪ੍ਰੇਰਨਾਦਾਇਕ ਹੈ ਕਿਉਂਕਿ ਉਨ੍ਹਾਂ ਨੇ ਖੇਡ ਮੈਦਾਨ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਪੁਲਿਸ ਸੇਵਾ ਅਤੇ ਹੁਣ ਖੇਡ ਪ੍ਰਸ਼ਾਸਨ ਦੇ ਮਹੱਤਵਪੂਰਨ ਅਹੁਦੇ ਤੱਕ ਪਹੁੰਚ ਬਣਾਈ ਹੈ। ਉਹ ਕੌਮੀ ਪੱਧਰ ’ਤੇ ਫੁੱਟਬਾਲ ਖੇਡਣ ਦੇ ਨਾਲ ਪੰਜਾਬ ਦੀ ਟੀਮ ਦੀ ਕਪਤਾਨੀ ਵੀ ਕਈ ਵਾਰ ਕਰ ਚੁੱਕੇ ਹਨ । ਅੰਤਰਰਾਸ਼ਟਰੀ ਪੱਧਰ ’ਤੇ ਉਨ੍ਹਾਂ ਨੇ 1997 ਵਿੱਚ ਜਰਮਨੀ ਦੇ ਫੁੱਟਬਾਲ ਟੂਰਨਾਮੈਂਟ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ 1997, 1999 ਤੇ 2002 ਦੀਆਂ ਏਸ਼ੀਅਨ ਚੈਂਪੀਅਨਸ਼ਿਪਾਂ ਅਤੇ 1999 ਦੀਆਂ ਏਸ਼ੀਅਨ ਖੇਡਾਂ ’ਚ ਵੀ ਹਿੱਸਾ ਲਿਆ। ਖੇਡ ਮੈਦਾਨ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਗੁਰਮੀਤ ਕੌਰ ਸਾਲ 2001 ਵਿਚ ਪੰਜਾਬ ਪੁਲਿਸ ਵਿਚ ਇੰਸਪੈਕਟਰ ਵਜੋਂ ਸ਼ਾਮਿਲ ਹੋਏ। ਪੁਲਿਸ ਸੇਵਾ ਦੌਰਾਨ ਉਨ੍ਹਾਂ ਨੇ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਈਆਂ ਤੇ ਹੁਣ ਕਮਾਂਡੈਂਟ 27 ਬਟਾਲੀਅਨ ਹਨ। ਖੇਡਾਂ ਅਤੇ ਪੁਲਿਸ ਦੋਵਾਂ ਖੇਤਰਾਂ ਦਾ ਲੰਮਾ ਤਜਰਬਾ ਉਨ੍ਹਾਂ ਨੂੰ ਖੇਡ ਪ੍ਰਸ਼ਾਸਨ ਲਈ ਵਿਲੱਖਣ ਤੌਰ ’ਤੇ ਯੋਗ ਬਣਾਉਂਦਾ ਹੈ। ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਅਤੇ ਸੇਵਾਵਾਂ ਨੂੰ ਕਈ ਸਨਮਾਨਾਂ ਨਾਲ ਵੀ ਨਿਵਾਜਿਆ ਗਿਆ ਹੈ। ਖੇਡ ਵਿਰਸੇ ਨੂੰ ਅੱਗੇ ਵਧਾਉਣ ਲਈ ਖੇਡਾਂ ਦੀ ਸਮਝ ਰੱਖਣ ਵਾਲੀ ਇੱਕ ਅੰਤਰਰਾਸ਼ਟਰੀ ਖਿਡਾਰਨ ਦਾ ਸਪੋਰਟਸ ਪ੍ਰਸ਼ਾਸਨ ’ਚ ਆਉਣਾ ਨਿਸ਼ਚਿਤ ਤੌਰ ’ਤੇ ਮਹੱਤਵਪੂਰਨ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਗੁਰਮੀਤ ਕੌਰ ਦੇ ਤਜਰਬੇ ਦਾ ਲਾਭ ਪੰਜਾਬ ਪੁਲਿਸ ਦੀਆਂ ਮਹਿਲਾ ਖਿਡਾਰਨਾਂ ਨੂੰ ਵੀ ਮਿਲੇਗਾ। ਗੁਰਮੀਤ ਕੌਰ ਦਾ ਸਫ਼ਰ ਪੰਜਾਬ ਦੀਆਂ ਧੀਆਂ ਲਈ ਇੱਕ ਸਾਫ਼ ਸੰਦੇਸ਼ ਹੈ। ਇੱਕ ਅੰਤਰਰਾਸ਼ਟਰੀ ਫੁੱਟਬਾਲ ਖਿਡਾਰਨ ਵਜੋਂ ਦੇਸ਼ ਦੀ ਨੁਮਾਇੰਦਗੀ ਕਰਨ ਤੋਂ ਲੈ ਕੇ ਪੰਜਾਬ ਪੁਲਿਸ ਵਿੱਚ ਅਧਿਕਾਰੀ ਬਣਨ ਅਤੇ ਹੁਣ ਖੇਡ ਪ੍ਰਸ਼ਾਸਨ ਦੀ ਅਹਿਮ ਜ਼ਿੰਮੇਵਾਰੀ ਤੱਕ ਪਹੁੰਚਣਾ ਆਪਣੇ ਆਪ ਵਿੱਚ ਪ੍ਰੇਰਨਾਦਾਇਕ ਸਫ਼ਰ ਹੈ। ਪੰਜਾਬ ਪੁਲਿਸ ਦੇ ਖੇਡ ਇਤਿਹਾਸ ਵਿੱਚ ਗੁਰਮੀਤ ਕੌਰ ਦਾ ਇਹ ਅਧਿਆਇ ਸਿਰਫ਼ ‘ਪਹਿਲੀ ਮਹਿਲਾ’ ਦਾ ਰਿਕਾਰਡ ਨਾ ਰਹੇ, ਸਗੋਂ ਪੰਜਾਬ ਪੁਲਿਸ ਦੀਆਂ ਧੀਆਂ ਅਤੇ ਮਹਿਲਾ ਖਿਡਾਰਨਾਂ ਲਈ ਨਵੇਂ ਮੌਕਿਆਂ ਦਾ ਦਰਵਾਜ਼ਾ ਖੋਲ੍ਹਣ ਵਾਲਾ ਮੋੜ ਬਣੇ-ਇਹੀ ਇਸ ਨਿਯੁਕਤੀ ਦੀ ਸਭ ਤੋਂ ਵੱਡੀ ਸਫ਼ਲਤਾ ਹੋਵੇਗੀ।
ਪਿਛਲੀ ਖ਼ਬਰ ਸਵਾਈਨ ਫਲੂ (ਐੱਚ.-1ਐੱਨ-1) ਦੇ ਵਧਦੇ ਖ਼ਤਰੇ ਤੋਂ ਘਬਰਾਉਣ ਦੀ ਲੋੜ ਨਹੀਂ, ਪਰ ਸਾਵਧਾਨੀ ਜ਼ਰੂਰੀ- ਡਾ. ਪਾਰਸ ਵਰਮਾ ਅਗਲੀ ਖ਼ਬਰ ਹਾਕੀ ਦੇ ਮੈਦਾਨ ਤੋਂ ਪੁਲਿਸ ਪ੍ਰਸ਼ਾਸਨ ਦੀ ਵੱਡੀ ਜ਼ਿੰਮੇਵਾਰੀ ਤੱਕ ਜੁਗਰਾਜ ਸਿੰਘ ਕਲੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।