21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਕਰਨ ਉਤਸਵ ਬਣੇਗਾ ਪੂਰੇ ਕਰਨਾਲ ਦਾ ਮਹਾਂਉਤਸਵ

ਕਰਨਾਲ, 20 ਸਤੰਬਰ (ਗੁਰਮੀਤ ਸਿੰਘ ਸੱਗੂ)- ਦਾਨਵੀਰ ਕਰਨ ਦੀ ਇਤਿਹਾਸਕ ਵਿਰਾਸਤ ਨਾਲ ਜੁੜੇ ਸ਼ਹਿਰ ਕਰਨਾਲ ‘ਚ ਇਸ ਸਾਲ ਸ਼ੁਰੂ ਹੋਣ ਜਾ ਰਿਹਾ ਕਰਨ ਉਤਸਵ ਹੁਣ ਸਿਰਫ਼ ਇਕ ਸਮਾਗਮ ਨਹੀਂ, ਸਗੋਂ ਪੂਰੇ ਕਰਨਾਲ ਦਾ ਮਹਾਂਉਤਸਵ ਬਣਨ ਜਾ ਰਿਹਾ ਹੈ। ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ਼ ਆਰਟਿਸਟਸ ਐਂਡ ਐਕਟਿਵਿਸਟਸ (ਨਿਫਾ) ਤੇ ਦਾ ਇਵੈਂਟ੍ਰਜ਼ ਵਲੋਂ 13 ਨਵੰਬਰ ਤੋਂ 15 ਨਵੰਬਰ ਤੱਕ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਮਹਾਂਉਤਸਵ ਨੂੰ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ, ਕਰਨਾਲ ਪੁਲਿਸ, ਨਗਰ ਨਿਗਮ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਸਹਿਯੋਗ ਅਤੇ ਮਾਰਗਦਰਸ਼ਨ ਪ੍ਰਾਪਤ ਹੋਵੇਗਾ।

ਕਰਨ ਉਤਸਵ ਕਰਵਾਉਣ ਵਾਲੀਆਂ ਸੰਸਥਾਵਾਂ ਦੇ ਨੁਮਾਇੰਦੇ ਕੈਲੰਡਰ ਜਾਰੀ ਕਰਦੇ ਹੋਏ । ਤਸਵੀਰ : ਗੁਰਮੀਤ ਸਿੰਘ ਸੱਗੂ 21-09-2026
ਕਰਨਾਲ, 20 ਸਤੰਬਰ (ਗੁਰਮੀਤ ਸਿੰਘ ਸੱਗੂ)- ਦਾਨਵੀਰ ਕਰਨ ਦੀ ਇਤਿਹਾਸਕ ਵਿਰਾਸਤ ਨਾਲ ਜੁੜੇ ਸ਼ਹਿਰ ਕਰਨਾਲ ‘ਚ ਇਸ ਸਾਲ ਸ਼ੁਰੂ ਹੋਣ ਜਾ ਰਿਹਾ ਕਰਨ ਉਤਸਵ ਹੁਣ ਸਿਰਫ਼ ਇਕ ਸਮਾਗਮ ਨਹੀਂ, ਸਗੋਂ ਪੂਰੇ ਕਰਨਾਲ ਦਾ ਮਹਾਂਉਤਸਵ ਬਣਨ ਜਾ ਰਿਹਾ ਹੈ। ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ਼ ਆਰਟਿਸਟਸ ਐਂਡ ਐਕਟਿਵਿਸਟਸ (ਨਿਫਾ) ਤੇ ਦਾ ਇਵੈਂਟ੍ਰਜ਼ ਵਲੋਂ 13 ਨਵੰਬਰ ਤੋਂ 15 ਨਵੰਬਰ ਤੱਕ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਮਹਾਂਉਤਸਵ ਨੂੰ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ, ਕਰਨਾਲ ਪੁਲਿਸ, ਨਗਰ ਨਿਗਮ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਸਹਿਯੋਗ ਅਤੇ ਮਾਰਗਦਰਸ਼ਨ ਪ੍ਰਾਪਤ ਹੋਵੇਗਾ। ਕਰਨ ਉਤਸਵ ਦੀ ਪ੍ਰਬੰਧਕ ਕਮੇਟੀ ਨੇ ਕਰਨਾਲ ਦੇ ਵਿਧਾਇਕ ਜਗਮੋਹਨ ਆਨੰਦ, ਡਿਪਟੀ ਕਮਿਸ਼ਨਰ ਆਨੰਦ ਕੁਮਾਰ ਸ਼ਰਮਾ, ਮੇਅਰ ਰੇਣੂ ਬਾਲਾ ਗੁਪਤਾ, ਪੁਲਿਸ ਸੁਪਰਡੈਂਟ ਕਰਨ ਗੋਇਲ, ਨਗਰ ਨਿਗਮ ਕਮਿਸ਼ਨਰ ਸਲੋਨੀ ਸ਼ਰਮਾ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਗੀਤਾ ਰਾਣੀ ਨਾਲ ਮੁਲਾਕਾਤ ਕਰਕੇ ਮਹਾਂਉਤਸਵ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਤੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਤੇ ਮਾਰਗਦਰਸ਼ਨ ਦੀ ਅਪੀਲ ਕੀਤੀ। ਸਾਰਿਆਂ ਨੇ ਇਸ ਪਹਿਲ ਦਾ ਸਵਾਗਤ ਕਰਦਿਆਂ ਲੋੜੀਂਦੇ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰੋਗਰਾਮ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਕਰਨਾਲ ਦੀਆਂ ਕਈ ਪ੍ਰਮੁੱਖ ਸਮਾਜਿਕ, ਵਪਾਰਕ, ਵਿੱਦਿਅਕ ਤੇ ਮੈਡੀਕਲ ਸੰਸਥਾਵਾਂ ਵੀ ਭਾਗੀਦਾਰ ਬਣ ਰਹੀਆਂ ਹਨ। ਹਰਿਆਣਾ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼, ਸਿਟੀਜ਼ਨਜ਼ ਗ੍ਰੀਵੈਂਸਿਜ਼ ਕਮੇਟੀ, ਇੰਡੀਅਨ ਮੈਡੀਕਲ ਐਸੋਸੀਏਸ਼ਨ ਕਰਨਾਲ ਚੈਪਟਰ, ਬ੍ਰਹਮਾਕੁਮਾਰੀ ਸੈਕਟਰ-7 ਕੇਂਦਰ, ਵੋਇਸ ਆਫ਼ ਇੰਡੀਆ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਕਰਨਾਲ ਵਪਾਰ ਮੰਡਲ, ਹਰਿਆਣਾ ਵਪਾਰ ਮੰਡਲ ਕਰਨਾਲ ਯੂਨਿਟ ਅਤੇ ਸਹੋਦ ਸਕੂਲ ਕੰਪਲੈਕਸ ਇਸ ਸਮਾਗਮ ਦੀਆਂ ਭਾਗੀਦਾਰ ਸੰਸਥਾਵਾਂ ਵਜੋਂ ਆਪਣੀ ਭੂਮਿਕਾ ਨਿਭਾਉਣਗੀਆਂ। ਤਿੰਨ ਦਿਨਾਂ ਦੌਰਾਨ ਦੇਖਣ ਨੂੰ ਮਿਲਣਗੇ ਸੱਭਿਆਚਾਰ ਦੇ ਅਨੇਕਾਂ ਰੰਗ : ਕਰਨ ਉਤਸਵ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਪ੍ਰੀਤਪਾਲ ਸਿੰਘ ਪੰਨੂ ਨੇ ਦੱਸਿਆ ਕਿ ਤਿੰਨ ਰੋਜ਼ਾ ਮਹਾਂਉਤਸਵ ਦੀ ਸ਼ੁਰੂਆਤ 13 ਨਵੰਬਰ ਨੂੰ ਡਾ. ਮੰਗਲਸੇਨ ਆਡੀਟੋਰੀਅਮ ‘ਚ ਦਾਨਵੀਰ ਕਰਨ ਦੇ ਜੀਵਨ ‘ਤੇ ਆਧਾਰਿਤ ਲਾਈਟ ਐਂਡ ਸਾਊਂਡ ਨਾਟਕ ‘ਏਕ ਔਰ ਕੌਂਤੇਯ’ ਦੀ ਪੇਸ਼ਕਾਰੀ ਨਾਲ ਹੋਵੇਗੀ ਜਦਕਿ 14 ਨਵੰਬਰ ਨੂੰ ਦਰਸ਼ਕਾਂ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਲੋਕ-ਸੱਭਿਆਚਾਰਾਂ ਤੇ ਲੋਕ ਨਾਚਾਂ ਦੀਆਂ ਰੰਗਾਰੰਗ ਪੇਸ਼ਕਾਰੀਆਂ ਦੇਖਣ ਨੂੰ ਮਿਲਣਗੀਆਂ ਤੇ 15 ਨਵੰਬਰ ਨੂੰ ਮਹਾਂਉਤਸਵ ਦੀ ਸਮਾਪਤੀ ਗੀਤ-ਸੰਗੀਤ ਦੀ ਵਿਸ਼ੇਸ਼ ਸ਼ਾਮ ਨਾਲ ਹੋਵੇਗੀ ਜਿਸ ‘ਚ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਅਰਵਿੰਦ ਰਾਜਪੂਤ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ। ਉਨ੍ਹਾਂ ਦੱਸਿਆ ਕਿ ਆਡੀਟੋਰੀਅਮ ਦੇ ਮੁੱਖ ਆਡੀਟੋਰੀਅਮ ‘ਚ ਹੋਣ ਵਾਲੇ ਇਨ੍ਹਾਂ ਪ੍ਰੋਗਰਾਮਾਂ ਦੇ ਨਾਲ-ਨਾਲ ਆਡੀਟੋਰੀਅਮ ਦੇ ਬਾਹਰ ਇਕ ਵੱਖਰਾ ਮੰਚ ਵੀ ਤਿਆਰ ਕੀਤਾ ਜਾਵੇਗਾ ਜਿਥੇ ਕਿ ਕਰਨਾਲ ਜ਼ਿਲ੍ਹੇ ਦੇ ਸਥਾਨਕ ਕਲਾਕਾਰਾਂ ਤੇ ਕਲਾ ਸਮੂਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਇਸ ਸਥਾਨ ‘ਤੇ ਕਰਨਾਲ ਤੇ ਕਰਨ ਦੇ ਇਤਿਹਾਸ ‘ਤੇ ਆਧਾਰਿਤ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਦੇ ਨਾਲ ਹੀ ਲੋਕਾਂ ਨੂੰ ਵੱਖ-ਵੱਖ ਭਾਰਤੀ ਪਕਵਾਨਾਂ ਦਾ ਸਵਾਦ ਚੱਖਣ ਦਾ ਮੌਕਾ ਵੀ ਮਿਲੇਗਾ। ਸੱਭਿਆਚਾਰ ਦੇ ਨਾਲ ਜਨ-ਹਿੱਤ ਦੀਆਂ ਯੋਜਨਾਵਾਂ ਸੰਬੰਧੀ ਵੀ ਸਾਂਝੀ ਕੀਤੀ ਜਾਵੇਗੀ ਜਾਣਕਾਰੀ : ਪ੍ਰਬੰਧਕਾਂ ਨੇ ਦੱਸਿਆ ਕਿ ਕਰਨਾਲ ਨੂੰ ਦਾਨਵੀਰ ਕਰਨ ਦੀ ਨਗਰੀ ਵਜੋਂ ਪਛਾਣ ਦਿਵਾਉਣ ਵਾਲੇ ਇਸ ਮਹਾਂਉਤਸਵ ਦਾ ਉਦੇਸ਼ ਸਿਰਫ਼ ਸੱਭਿਆਚਾਰਕ ਪ੍ਰੋਗਰਾਮਾਂ ਤੱਕ ਸੀਮਿਤ ਨਹੀਂ ਰਹੇਗਾ। ਰੰਗਾਰੰਗ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਆਪਣੀ ਇਤਿਹਾਸਕ ਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਤੇ ਜ਼ਿਲ੍ਹਾ ਪ੍ਰੀਸ਼ਦ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਜਨਹਿੱਤਕਾਰੀ ਯੋਜਨਾਵਾਂ ਤੇ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸੇ ਦੌਰਾਲ ਕਰਨਾਲ ਪੁਲਿਸ ਵਲੋਂ ਸਾਈਬਰ ਅਪਰਾਧ ਤੋਂ ਬਚਾਅ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ ਤਾਂ ਜੋ ਮਹਾਂਉਤਸਵ ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਜਾਗਰੂਕਤਾ ਦਾ ਮਾਧਿਅਮ ਵੀ ਬਣੇ। ਪ੍ਰਮੁੱਖ ਸੰਸਥਾਵਾਂ ਨੇ ਦਿੱਤਾ ਸਹਿਯੋਗ ਦਾ ਭਰੋਸਾ : ਕਰਨਾਲ ਕਲੱਬ ‘ਚ ਕਰਵਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਗੀਦਾਰ ਸੰਸਥਾਵਾਂ ਵਲੋਂ ਬ੍ਰਹਮਾਕੁਮਾਰੀ ਤੋਂ ਬੀ.ਕੇ. ਪ੍ਰੇਮ ਦੀਦੀ, ਸਿਟੀਜ਼ਨਜ਼ ਗ੍ਰੀਵੈਂਸਿਜ਼ ਕਮੇਟੀ ਤੋਂ ਐਸ.ਐਮ. ਕੁਮਾਰ, ਆਈ.ਐਮ.ਏ. ਤੋਂ ਡਾ. ਸ਼ਲਿਲ ਗੁਪਤਾ, ਵੋਇਸ ਆਫ਼ ਇੰਡੀਆ ਤੋਂ ਡਾ. ਕ੍ਰਿਸ਼ਨ ਅਰੋੜਾ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਾਨਵਦੀਪ ਸਿੰਘ ਤੇ ਉਪ-ਪ੍ਰਧਾਨ ਪ੍ਰੀਤੀ ਰਾਣਾ, ਕਰਨਾਲ ਵਪਾਰ ਮੰਡਲ ਦੇ ਚੇਅਰਮੈਨ ਨਰਿੰਦਰ ਭਾਂਬਾ, ਹਰਿਆਣਾ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼ ਦੇ ਸੂਬਾ ਕਾਰਜਕਾਰਨੀ ਮੈਂਬਰ ਤੇ ਹਰਿਆਣਾ ਵਪਾਰ ਮੰਡਲ ਕਰਨਾਲ ਇਕਾਈ ਦੇ ਸਕੱਤਰ ਹਰਮੀਤ ਸਿੰਘ ਸਮੇਤ ਹੋਰ ਪ੍ਰਤੀਨਿਧੀਆਂ ਨੇ ਪੱਤਰਕਾਰਾਂ ਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਤੇ ਇਸ ਨੂੰ ਸਫ਼ਲ ਬਣਾਉਣ ਲਈ ਪੂਰੇ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਮੁੱਖ ਪ੍ਰਬੰਧਕ ਨਿਫਾ ਤੇ ਦਾ ਇਵੈਂਟ੍ਰਜ਼ ਵਲੋਂ ਪ੍ਰੀਤਪਾਲ ਸਿੰਘ ਪੰਨੂ, ਐਡਵੋਕੇਟ ਨਰੇਸ਼ ਬਰਾਨਾ, ਸ਼ਰਵਣ ਸ਼ਰਮਾ, ਜ਼ਿਲ੍ਹਾ ਪ੍ਰਧਾਨ ਹਿਤੇਸ਼ ਗੁਪਤਾ ਤੇ ਸ਼ਹਿਰੀ ਪ੍ਰਧਾਨ ਮਨਿੰਦਰ ਸਿੰਘ ਬੱਬੂ ਹਾਜ਼ਰ ਰਹੇ। ਕਰਨ ਤੇ ਕਰਨਾਲ ਦੇ ਇਤਿਹਾਸ ’ਤੇ ਪ੍ਰਕਾਸ਼ਿਤ ਹੋਵੇਗੀ ਵਿਸ਼ੇਸ਼ ਚਿੱਤਰਮਈ ਕੌਫੀ ਟੇਬਲ ਬੁੱਕ : ਕਰਨ ਉਤਸਵ ਦੌਰਾਨ ਕਰਨ ਤੇ ਕਰਨਾਲ ਦੇ ਇਤਿਹਾਸ ‘ਤੇ ਆਧਾਰਿਤ ਇਕ ਵਿਸ਼ੇਸ਼ ਚਿੱਤਰਮਈ ਕੌਫੀ ਟੇਬਲ ਬੁੱਕ ਨੂੰ ਲੋਕ ਅਰਪਣ ਕੀਤਾ ਜਾਵੇਗਾ। ਇਸ ਪੁਸਤਕ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੇ ਸ਼ਹਿਰ ਦੇ ਗੌਰਵਮਈ ਇਤਿਹਾਸ, ਵਿਰਾਸਤ ਤੇ ਉਪਲਬੱਧੀਆਂ ਨਾਲ ਜੋੜਨ ਦਾ ਯਤਨ ਕੀਤਾ ਜਾਵੇਗਾ। ਪੁਸਤਕ ‘ਚ ਮਹਾਂਭਾਰਤ ਕਾਲ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੇ ਕਰਨਾਲ ਦੇ ਇਤਿਹਾਸ, ਪ੍ਰਮੁੱਖ ਇਤਿਹਾਸਕ ਸਥਾਨਾਂ ਤੇ ਵਿਰਾਸਤੀ ਧ੍ਰੋਹਰਾਂ ਦਾ ਵਿਸਥਾਰਪੂਰਵਕ ਅਤੇ ਚਿੱਤਰਮਈ ਵੇਰਵਾ ਦਿੱਤਾ ਜਾਵੇਗਾ। ਸੀਨੀਅਰ ਪੱਤਰਕਾਰ ਤੇ ਲੇਖਕ ਵਿਜੇ ਸ਼ਰਮਾ ਨੇ ਇਸ ਮਹੱਤਵਪੂਰਨ ਕੰਮ ਦੀ ਜ਼ਿੰਮੇਵਾਰੀ ਸੰਭਾਲੀ ਹੈ। ਕੌਫੀ ਟੇਬਲ ਬੁੱਕ ‘ਚ ਉਦਯੋਗ, ਸਿੱਖਿਆ, ਵਪਾਰ, ਖੇਡਾਂ, ਕਲਾ-ਸੱਭਿਆਚਾਰ, ਮੈਡੀਕਲ, ਖੇਤੀਬਾੜੀ ਤੇ ਚੌਲ ਉਦਯੋਗ ਸ ਮੇਤ ਵੱਖ-ਵੱਖ ਖੇਤਰਾਂ ‘ਚ ਕਰਨਾਲ ਦੇ ਯੋਗਦਾਨ ਤੇ ਉਪਲੱਬਧੀਆਂ ਨੂੰ ਵੀ ਪ੍ਰਮੁੱਖਤਾ ਨਾਲ ਸਥਾਨ ਦਿੱਤਾ ਜਾਵੇਗਾ। ਇਨ੍ਹਾਂ ਵਿਸ਼ਿਆਂ ‘ਤੇ ਸੰਬੰਧਿਤ ਖੇਤਰਾਂ ਦੇ ਤਜਰਬੇਕਾਰ ਤੇ ਪ੍ਰਸਿੱਧ ਵਿਅਕਤੀਆਂ ਵਲੋਂ ਲੇਖ ਉਪਲਬਧ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕਰਨਾਲ ਜ਼ਿਲ੍ਹੇ ਨਾਲ ਸੰਬੰਧਿਤ ਸੈਨਿਕਾਂ, ਅਰਧ-ਸੈਨਿਕ ਬਲਾਂ ਅਤੇ ਪੁਲਿਸ ਦੇ ਉਨ੍ਹਾਂ ਬਹਾਦਰ ਜਵਾਨਾਂ ਤੇ ਅਧਿਕਾਰੀਆਂ ਦੀਆਂ ਗਾਥਾਵਾਂ ਨੂੰ ਵੀ ਪੁਸਤਕ ‘ਚ ਸ਼ਾਮਿਲ ਕੀਤਾ ਜਾਵੇਗਾ। ਜ਼ਿਲ੍ਹੇ ਨਾਲ ਸੰਬੰਧਿਤ ਆਜ਼ਾਦੀ ਘੁਲਾਟੀਆਂ ਬਾਰੇ ਜਾਣਕਾਰੀ ਵੀ ਪੁਸਤਕ ਦਾ ਮਹੱਤਵਪੂਰਨ ਹਿੱਸਾ ਹੋਵੇਗੀ। ਪ੍ਰਬੰਧਕਾਂ ਅਨੁਸਾਰ ਇਸ ਕੌਫੀ ਟੇਬਲ ਬੁੱਕ ਨੂੰ ਜ਼ਿਲ੍ਹੇ ਦੇ ਸਕੂਲਾਂ ਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਦੇ ਨਾਲ -ਨਾਲ ਪ੍ਰਮੁੱਖ ਜਨਤਕ ਵੇਟਿੰਗ ਏਰੀਆ ‘ਚ ਉਪਲੱਬਧ ਕਰਵਾਉਣ ਦਾ ਯਤਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਮਾਰਕੰਡੇਸ਼ਵਰ ਹਾਕੀ ਸਟੇਡੀਅਮ ਨੂੰ ਦੇਸ਼ ਦਾ ਸਭ ਤੋਂ ਵਧੀਆ ਖੇਡ ਮੈਦਾਨ ਬਣਾਉਣ ਲਈ ਯਤਨ ਤੇਜ਼ ਕੀਤੇ ਜਾਣਗੇ: ਸੰਸਦ ਮੈਂਬਰ... ਅਗਲੀ ਖ਼ਬਰ ਡੀ.ਡੀ.ਪੀ.ਓ. ਵਲੋਂ ਅਹਿਰਵਾਂ ਸਕੂਲ ਦੇ ਨਿਰੀਖਣ ਮੌਕੇ ਮਿਡ-ਡੇਅ ਮੀਲ ਤੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।