ਟੋਹਾਣਾ ਦੀ ਫਤਿਹਾਬਾਦ ਡਿਸਟ੍ਰੀਬਿਊਟਰ ਨਹਿਰ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਟੋਹਾਣਾ, 5 ਸਤੰਬਰ (ਮਨਜੀਤ ਸਿੰਘ)- ਟੋਹਾਣਾ ਦੇ ਜੈਨ ਸਮਾਧੀ ਹਸਪਤਾਲ ਦੇ ਸਾਹਮਣੇ ਫਤਿਹਾਬਾਦ ਡਿਸਟ੍ਰੀਬਿਊਟਰ ਨਹਿਰ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਤੈਰਦੀ ਮਿਲਣ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਨਹਿਰ ਵਿੱਚ ਲਾਸ਼ ਤੈਰਦੀ ਦੇਖ ਕੇ ਇੱਕ ਰਾਹਗੀਰ ਨੇ ਤੁਰੰਤ ਡਾਇਲ 112 ’ਤੇ ਪੁਲਿਸ ਨੂੰ ਸੂਚਨਾ ਦਿੱਤੀ।
ਫ
ਫਤਿਹਾਬਾਦ ਡਿਸਟ੍ਰੀਬਿਊਟਰ ਨਹਿਰ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਕੱਢਦੇ ਹੋਏ ਸਮਾਜ ਸੇਵੀ ਨਵਜੋਤ ਸਿੰਘ ਢਿੱਲੋਂ ਦੇ ਟੀਮ ਮੈਂਬਰ ਮੂਲ ਚੰਦ। ਤਸਵੀਰ : ਮਨਜੀਤ ਸਿੰਘ ਟੋਹਾਣਾ
06-09-2026
ਟੋਹਾਣਾ, 5 ਸਤੰਬਰ (ਮਨਜੀਤ ਸਿੰਘ)- ਟੋਹਾਣਾ ਦੇ ਜੈਨ ਸਮਾਧੀ ਹਸਪਤਾਲ ਦੇ ਸਾਹਮਣੇ ਫਤਿਹਾਬਾਦ ਡਿਸਟ੍ਰੀਬਿਊਟਰ ਨਹਿਰ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਤੈਰਦੀ ਮਿਲਣ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਨਹਿਰ ਵਿੱਚ ਲਾਸ਼ ਤੈਰਦੀ ਦੇਖ ਕੇ ਇੱਕ ਰਾਹਗੀਰ ਨੇ ਤੁਰੰਤ ਡਾਇਲ 112 ’ਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕਢਵਾਉਣ ਲਈ ਸਮਾਜ ਸੇਵੀ ਨਵਜੋਤ ਸਿੰਘ ਢਿੱਲੋਂ ਨੂੰ ਸੂਚਿਤ ਕੀਤਾ। ਸਮਾਜ ਸੇਵੀ ਨਵਜੋਤ ਸਿੰਘ ਢਿੱਲੋਂ ਦੀ ਟੀਮ ਦੇ ਮੈਂਬਰ ਮੂਲ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਪੁਲਿਸ ਦੀ ਮੌਜੂਦਗੀ ਵਿੱਚ ਲਾਸ਼ ਨੂੰ ਸਿਵਲ ਹਸਪਤਾਲ ਟੋਹਾਣਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ। ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ ਕਰਵਾਉਣ ਲਈ ਲਾਸ਼ ਨੂੰ ਨਿਯਮਾਂ ਅਨੁਸਾਰ 72 ਘੰਟਿਆਂ ਲਈ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕ ਦੀ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ। ਉਸ ਨੇ ਨੀਲੇ ਰੰਗ ਦੀ ਕਮੀਜ਼ ਤੇ ਕਰੀਮ ਰੰਗ ਦਾ ਅੰਡਰਵੀਅਰ ਪਾਇਆ ਹੋਇਆ ਸੀ। ਫਿਲਹਾਲ ਮ੍ਰਿਤਕ ਦੇ ਸਰੀਰ ਤੋਂ ਅਜਿਹਾ ਕੋਈ ਸਪੱਸ਼ਟ ਪਛਾਣ ਚਿੰਨ੍ਹ ਨਹੀਂ ਮਿਲਿਆ ਜਿਸ ਦੇ ਆਧਾਰ ’ਤੇ ਉਸ ਦੀ ਪਛਾਣ ਕੀਤੀ ਜਾ ਸਕੇ। ਮੁਢਲੀ ਜਾਣਕਾਰੀ ਅਨੁਸਾਰ ਲਾਸ਼ ਕਰੀਬ 2 ਤੋਂ 3 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ ਲਈ ਆਸ-ਪਾਸ ਦੇ ਥਾਣਿਆਂ ਤੇ ਸਬੰਧਤ ਗੋਤਾਖੋਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਮ੍ਰਿਤਕ ਦੀ ਪਛਾਣ ਅਤੇ ਨਹਿਰ ਵਿੱਚ ਲਾਸ਼ ਮਿਲਣ ਦੇ ਕਾਰਨਾਂ ਸੰਬੰਧੀ ਤੱਥ ਇਕੱਠੇ ਕੀਤੇ ਜਾ ਰਹੇ ਹਨ। ਸਮਾਜ ਸੇਵੀ ਨਵਜੋਤ ਸਿੰਘ ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਦਾ ਕੋਈ ਵਿਅਕਤੀ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੈ ਤੇ ਉਸ ਦਾ ਹੁਲੀਆ ਮਿਲਦਾ-ਜੁਲਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਮ੍ਰਿਤਕ ਦੀ ਪਛਾਣ ਕਰਵਾਉਣ ਵਿੱਚ ਸਹਿਯੋਗ ਕਰਨ। ਪੁਲਿਸ ਅਨੁਸਾਰ ਜੇਕਰ 72 ਘੰਟਿਆਂ ਦੌਰਾਨ ਮ੍ਰਿਤਕ ਦੀ ਪਛਾਣ ਨਹੀਂ ਹੋ ਸਕਦੀ ਤਾਂ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।