ਜਦੋਂ ਉਪਕੁਲਪਤੀ ਚਿੰਤਨ ਕਰਦਾ ਹੈ
ਪਿਛਲੇ ਦਿਨੀਂ ਉਪਕੁਲਪਤੀ, ਖ਼ਾਲਸਾ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਲਿਖੇ ਲੇਖ “'ਸਾਡਾ ਵਿਦਿਅਕ ਜਗਤ : ਦਿੱਖ ਤੋਂ ਦਿਸ਼ਾ ਵੱਲ'” ਵਿਚ ਸਿੱਖਿਆ ਦੇ ਉਦੇਸ਼ ਬਾਰੇ ਉਠਾਏ ਸਵਾਲ ਗੰਭੀਰ ਵਿਚਾਰ ਦੀ ਮੰਗ ਕਰਦੇ ਹਨ | ਲੇਖਕ ਦਾ ਇਹ ਸੰਕੇਤ ਮਹੱਤਵਪੂਰਨ ਹੈ ਕਿ ਸਿੱਖਿਆ ਨੂੰ ਡਿਗਰੀਆਂ ਅਤੇ ਪ੍ਰੀਖਿਆਵਾਂ ਤੱਕ ਸੀਮਤ ਰੱਖਣ ਦੀ ਬਜਾਏ ਵਿਦਿਆਰਥੀਆਂ ਦੀ ਸੋਚ, ਵਿਹਾਰਕ ਯੋਗਤਾ ਅਤੇ ਸਮਾਜਿਕ ਸੰਵੇਦਨਸ਼ੀਲਤਾ ਦੇ ਵਿਕਾਸ ਨਾਲ ਜੋੜਿਆ ਜਾਵੇ | ਇਸ ਲਈ ਪਾਠਕ੍ਰਮ, ਅਧਿਆਪਕ-ਸਿਖਲਾਈ ਅਤੇ ਸੰਸਥਾਗਤ ਕਾਰਜਪ੍ਰਣਾਲੀ ਵਿਚ ਠੋਸ ਤਬਦੀਲੀਆਂ ਲੋੜੀਂਦੀਆਂ ਹਨ |
ਮੇਰਾ ਮੰਨਣਾ ਹੈ ਕਿ ਯੂਨੀਵਰਸਿਟੀ ਦਾ ਉਪਕੁਲਪਤੀ, ਕਾਲਜ ਦਾ ਪਿ੍ੰਸੀਪਲ ਜਾਂ ਅਧਿਆਪਕ ਕੇਵਲ ਪ੍ਰਸ਼ਾਸਕ ਜਾਂ ਪਾਠ ਪੜ੍ਹਾਉਣ ਵਾਲਾ ਵਿਅਕਤੀ ਨਹੀਂ, ਸਗੋਂ ਆਪਣੇ-ਆਪ ਵਿਚ ਇਕ ਵਿਲੱਖਣ ਵਿਚਾਰਧਾਰਾ ਅਤੇ ਜੀਵਨ-ਦਿ੍ਸ਼ਟੀ ਦਾ ਧਾਰਨੀ ਹੋਣਾ ਚਾਹੀਦਾ ਹੈ | ਉਸ ਦੀ ਸ਼ਖ਼ਸੀਅਤ ਵਿਦਿਆਰਥੀਆਂ ਨੂੰ ਸੋਚਣ, ਸਵਾਲ ਕਰਨ, ਫ਼ੈਸਲੇ ਲੈਣ ਅਤੇ ਜੀਵਨ ਦੇ ਸੰਘਰਸ਼ਾਂ ਦਾ ਸਾਹਮਣਾ ਕਰਨ ਦੇ ਯੋਗ ਬਣਾਏ | ਸਿੱਖਿਆ ਦੀ ਅਸਲ ਸਫ਼ਲਤਾ ਡਿਗਰੀ ਦੇਣ ਵਿਚ ਨਹੀਂ, ਸਗੋਂ ਅਜਿਹੇ ਮਨੁੱਖ ਘੜਨ ਵਿਚ ਹੈ, ਜੋ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣ ਅਤੇ ਸਮਾਜ ਨੂੰ ਵੀ ਸਹੀ ਦਿਸ਼ਾ ਦੇ ਸਕਣ |
-ਬਿ੍ਜ ਭੂਸ਼ਣ ਗੋਇਲ,
ਲੁਧਿਆਣਾ
ਹਥਿਆਰਾਂ ਦੇ ਲਾਇਸੈਂਸਾਂ ਦੀ ਸਮੀਖਿਆ
ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਦੀ ਹੱਤਿਆ ਨੇ ਪੰਜਾਬ ਦੀ ਕਾਨੂੰਨ-ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਪੰਜਾਬ ਵਿਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮਾਨਸਾ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਇਹ ਘਟਨਾ ਇਕ ਮੈਡੀਕਲ ਸਟੋਰ 'ਤੇ ਨਸ਼ੀਲੇ ਪਦਾਰਥਾਂ ਦੀ ਕਥਿਤ ਵਿਕਰੀ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਵਾਪਰੀ | ਇਸ ਘਟਨਾ ਨੇ ਪੰਜਾਬ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਵਿਚ ਇੰਨੇ ਹਥਿਆਰਾਂ ਦੇ ਲਾਇਸੈਂਸ ਕਿਵੇਂ ਜਾਰੀ ਹੋ ਰਹੇ ਹਨ? ਜੇਕਰ ਹਰ ਤੀਜੇ ਵਿਅਕਤੀ ਕੋਲ ਪਿਸਤੌਲ ਹੈ, ਤਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ | ਹਥਿਆਰ ਲੋਕਾਂ ਦੀ ਸੁਰੱਖਿਆ ਲਈ ਹੁੰਦੇ ਹਨ, ਕਿਸੇ ਦੀ ਜਾਨ ਲੈਣ ਜਾਂ ਡਰ ਦਾ ਮਾਹੌਲ ਬਣਾਉਣ ਲਈ ਨਹੀਂ | ਪੰਜਾਬ ਵਿਚ ਹਰ ਰੋਜ਼ ਗੋਲੀਬਾਰੀ ਅਤੇ ਕਤਲ ਦੀਆਂ ਖ਼ਬਰਾਂ ਸਾਹਮਣੇ ਆਉਣੀਆਂ ਚਿੰਤਾ ਦਾ ਵਿਸ਼ਾ ਹਨ | ਸਰਕਾਰ ਨੂੰ ਹਥਿਆਰਾਂ ਦੇ ਲਾਇਸੈਂਸਾਂ ਦੀ ਨਿਰਪੱਖ ਸਮੀਖਿਆ ਕਰਨੀ ਚਾਹੀਦੀ ਹੈ | ਜਿੱਥੇ ਕਾਨੂੰਨੀ ਆਧਾਰ 'ਤੇ ਲਾਇਸੈਂਸ ਰੱਦ ਕਰਨਾ ਜ਼ਰੂਰੀ ਹੋਵੇ, ਉੱਥੇ ਸਖ਼ਤ ਕਾਰਵਾਈ ਹੋਵੇ | ਹਥਿਆਰਾਂ ਦੇ ਨਵੇਂ ਲਾਇਸੈਂਸ ਸਿਰਫ਼ ਅਸਲ ਲੋੜ, ਯੋਗਤਾ ਅਤੇ ਸੁਰੱਖਿਆ ਜਾਂਚ ਦੇ ਆਧਾਰ 'ਤੇ ਹੀ ਜਾਰੀ ਕੀਤੇ ਜਾਣ |
-ਬਿਕਰਮਜੀਤ ਸਿੰਘ ਸਠਿਆਲਾ
ਨਸ਼ਿਆਂ ਖ਼ਿਲਾਫ਼ ਇਕਜੁੱਟਤਾ ਜ਼ਰੂਰੀ
ਅੱਜ ਨਸ਼ਾ ਪੰਜਾਬ ਜਾਂ ਦੇਸ਼ ਦੀ ਸਮੱਸਿਆ ਨਹੀਂ, ਸਗੋਂ ਇਹ ਵਿਸ਼ਪ ਵਿਆਪੀ ਸਮੱਸਿਆ ਹੈ | ਨਸ਼ਾ ਦੈਂਤ ਵਾਂਗ ਮਨੁੱਖੀ ਜਾਨਾਂ ਨੂੰ ਨਿੱਤ ਨਿਗਲਦਾ ਜਾ ਰਿਹਾ | ਇਸ ਨੂੰ ਠੱਲ੍ਹ ਪਾਉਣ ਲਈ ਨਾ ਕੇਵਲ ਬਿਆਨਬਾਜ਼ੀ ਤੇ ਇਸ਼ਤਿਹਾਰਬਾਜ਼ੀ ਕੰਮ ਆਵੇਗੀ, ਸਗੋਂ ਇਸ ਲਈ ਸਮੁੱਚੀ ਮਨੁੱਖਤਾ ਨੂੰ ਇਕਜੁੱਟ ਹੋਣਾ ਪਵੇਗਾ | ਸਿਆਸੀ ਨੇਤਾਵਾਂ ਨੂੰ ਸੱਚੇ ਮਨੋ ਈਮਾਨਦਾਰੀ ਨਾਲ ਯਤਨ ਕਰਨ ਲਈ ਕਦਮ ਪੁੱਟਣੇ ਪੈਣਗੇ ਤੇ ਪ੍ਰਸ਼ਾਸਨ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕਰਨੇ ਪੈਣਗੇ | ਸਰਕਾਰੀ ਅਧਿਕਾਰੀਆਂ ਨੂੰ ਲਾਲਚ ਛੱਡ ਕੇ ਇਮਾਨਦਾਰੀ ਨਾਲ ਡਿਊਟੀ ਪ੍ਰਤੀ ਫਰਜ਼ਾਂ ਨੂੰ ਨਿਭਾਉਣ ਦੀ ਜ਼ਰੂਰਤ ਹੈ | ਨਸ਼ੇ ਦੇ ਦੈਂਤ ਨੇ ਪੰਜਾਬ ਦੀ ਜਵਾਨੀ ਨੂੰ ਨਿਗਲ ਲਿਆ ਹੈ ਤੇ ਆਉਣ ਵਾਲੀਆਂ ਨਸਲਾਂ ਦੀ ਨਸਲਕੁਸ਼ੀ ਕਰ ਦਿੱਤੀ ਹੈ | ਜੇ ਅਸੀ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਹੈ ਤਾਂ ਨਸ਼ੇ ਵਿਰੁੱਧ ਵਿਸ਼ਵ-ਵਿਆਪੀ ਇਕਜੁੱਟਤਾ ਨਾਲ ਅੰਦੋਲਨ ਵਿੱਢਣਾ ਪਵੇਗਾ | ਜ਼ਮੀਨੀ ਪੱਧਰ ਉੱਤੇ ਨਸ਼ੇ ਖ਼ਿਲਾਫ਼ ਸੱਚੇ ਮਨੋ ਸੰਘਰਸ਼ ਲੜਨਾ ਪਵੇਗਾ | ਨਹੀਂ ਤਾ ਐਂਟੀ ਡਰੱਗ ਐਕਟੀਵਿਸਟਾਂ ਦੇ ਕਤਲ ਹੁੰਦੇ ਰਹਿਣਗੇ, ਲੋਕ ਸੰਘਰਸ਼ ਕਰਦੇ ਰਹਿਣਗੇ ਤੇ ਸਾਡੇ ਨੌਜਵਾਨ ਤੇ ਆਮ ਲੋਕ ਨਸ਼ੇ ਦੇ ਦੈਂਤ ਵਲੋਂ ਨਿਗਲੇ ਜਾਂਦੇ ਰਹਿਣਗੇ ਅਤੇ ਪਰਵਿੰਦਰ ਝੋਟੇ ਵਰਗੇ ਨੌਜਵਾਨ ਨਸ਼ਾ ਤਸਕਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੇ ਰਹਿਣਗੇ | ਸੋ ਆਓ! ਇਕਜੁੱਟਤਾ ਨਾਲ ਨਸ਼ੇ ਖ਼ਿਲਾਫ਼ ਜੰਗ ਛੇੜੀਏ ਤੇ ਮੰਗ ਕਰੀਏ ਕਿ ਨਸ਼ਾ ਤਿਆਰ ਕਰਨ ਉੱਤੇ ਪੂਰਨ ਪਾਬੰਦੀ ਲੱਗੇ |
-ਲੈਕਚਰਾਰ ਅਜੀਤ ਖੰਨਾ
(ਪੰਜਾਬੀ ਲੇਖਕ )
ਅਮਰੀਕਾ 'ਚ ਫੜੋ-ਫੜੀ
ਕਈ ਸਾਲ ਪਹਿਲਾਂ ਭਾਰਤ ਦੇਸ਼ ਦੇ ਲੋਕ ਵਿਦੇਸ਼ੀ ਹਮਲਾਵਰਾਂ ਦਾ ਸ਼ਿਕਾਰ ਰਹੇ ਹਨ, ਸੋਚੋ ਉਹ ਕਿਸ ਤਰ੍ਹਾਂ ਦਾ ਸਮਾਂ ਤੇ ਡਰ ਦੇ ਸਾਏ ਹੇਠ ਲੋਕ ਕਿਵੇਂ ਦਿਨ ਕੱਟਦੇ ਹੋਣਗੇ ਕਦੋਂ ਵਿਦੇਸ਼ੀ ਧਾੜਵੀ ਆਉਣਗੇ ਤੇ ਲੋਕਾ ਨੂੰ ਲੁੱਟ ਕੁੱਟ ਕੇ ਉਹ ਜਾਣਗੇ ਕੀ ਪਤਾ ਜਾਂਦੇ ਹੋਏ ਔਰਤਾਂ ਨੂੰ ਵੀ ਲੈ ਜਾਣ | ਇਹ ਸਾਡੇ ਅਵਚੇਤਨ ਮਨ ਅੰਦਰ ਹਾਲੇ ਵੀ ਮੌਜੂਦ ਹੈ ਪਰ ਰੋਜ਼ਗਾਰ ਦੀ ਭਾਲ ਵਿਚ ਸਾਡੇ ਬੱਚੇ ਵਿਦੇਸ਼ ਵਿਚ ਵਸਦੇ ਆਏ ਹਨ ਤੇ ਵਸਦੇ ਰਹਿਣਗੇ ਪਰ ਅੱਜ ਜਿਸ ਤਰ੍ਹਾਂ ਦੀ ਸਥਿਤੀ ਅਮਰੀਕਾ ਵਿਚ ਸਾਹਮਣੇ ਆ ਰਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਕ੍ਰੀਮਿਨਲ ਲੋਕਾਂ ਨੂੰ ਫੜਿਆ ਜਾ ਰਿਹਾ ਹੈ ਪਰ ਸਥਿਤੀ ਬਹੁਤ ਹੀ ਡਰਾਉਣੀ ਹੈ, ਕੈਲੀਫੋਰਨੀਆ ਤੇ ਹੋਰ ਵੱਖ-ਵੱਖ ਸ਼ਹਿਰਾਂ ਵਿਚ ਸਾਡੇ ਪੰਜਾਬੀ ਨੌਜਵਾਨ ਪੁਲਿਸ ਤੋਂ ਡਰਦੇ ਲੁਕਦੇ ਫਿਰਦੇ ਹਨ ਕਈ ਸਿੱਖ ਪੰਜਾਬੀ ਨੌਜਵਾਨ ਫੜੇ ਗਏ ਹਨ ਪੁਲਿਸ ਜ਼ਿਆਦਾਤਰ ਮੈਕਸੀਕੋ ਦੇ ਲੋਕਾਂ ਨੂੰ ਟਾਰਗੇਟ ਕਰ ਰਹੀ ਹੈ ਪਰ ਜਿਹੜਾ ਕਾਬੂ ਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਂਦਾ ਆਪਣੇ ਪੇਪਰ ਵਰਕ ਪਰਮਿਟ, ਗਰੀਨ ਕਾਰਡ ਤੇ ਆਈ ਡੀ ਕੋਲ ਹੋਣੀ ਜ਼ਰੂਰੀ ਹੈ ਟੈਕਸਿਸ ਵਿਚ ਇਕ ਬੰਦੇ ਨੇ ਪੁਲਿਸ ਦਾ ਵਿਰੋਧ ਕੀਤਾ, ਜਿਹੜਾ ਕਿ ਸਿਟੀਜ਼ਨ ਵੀ ਸੀ ਉਸ 'ਤੇ ਪੁਲਿਸ ਨੇ ਗੋਲੀ ਚਲਾ ਦਿੱਤੀ, ਕਿੰਨਾ ਜ਼ਿਆਦਾ ਖੌਫ਼ਨਾਕ ਮੰਜ਼ਰ ਲੋਕਾਂ ਵਿਚ ਹੋਵੇਗਾ ਪਰ ਸਧਾਰਨ ਪੰਜਾਬੀ ਲੋਕਾਂ ਲਈ ਅਮਰੀਕਾ ਰਹਿ ਰਿਹਾ ਬੰਦਾ ਕਿੰਨਾ ਖਾਸ ਸਥਾਨ ਰੱਖਦਾ ਹੈ ਅਸਲ ਵਿਚ ਉਹ ਤਿਲ-ਤਿਲ ਕਰ ਕੇ ਡਰ ਨਾਲ ਮਰ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਇਹੋ ਅਪੀਲ ਹੈ, ਜਿਸ ਦਾ ਪੰਜਾਬ ਵਿਚ ਸਰਦਾ ਹੈ ਉਹ ਆਪਣੇ ਬੱਚੇ ਅਮਰੀਕਾ ਨਾ ਭੇਜਣ, ਕਿੳਾੁਕਿ ਵਿਦੇਸ਼ ਹੁਣ ਪਹਿਲਾਂ ਜਿਹੇ ਨਹੀਂ ਰਹੇ, ਜਿਸ ਨੇ ਭੇਜਣੇ ਹਨ ਉਹ ਪੱਕੇ ਪੈਰੀਂ ਜਾਣ |
-ਸਰਬਜੀਤ ਸਿੰਘ ਜੱਸੜ
ਵਿਕਾਸ ਨਗਰ, ਮੰਡੀ ਗੋਬਿੰਦਗੜ੍ਹ