20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

20-10-2026

20-10-2026

ਅਜੀਤ ਡੈਸਕ 20-10-2026

ਸੱਚਾਈ ਦਾ ਉਜਾਲਾ


ਪੰਚਾਇਤੀ ਚੋਣਾਂ ਦੌਰਾਨ ਪਿੰਡ ਦੀ ਸੱਥ ਵਿਚ ਬੈਠੇ ਕੁਝ ਬਜ਼ੁਰਗ ਆਪਸ ਵਿਚ ਵਿਚਾਰ ਚਰਚਾ ਕਰ ਰਹੇ ਸਨ | ਹਰੇਕ ਨੇ ਆਪਣੇ-ਆਪਣੇ ਵਿਚਾਰ ਪਿਛਲੀ ਪੰਚਾਇਤ ਬਾਰੇ ਕੁਝ ਖੱਟੇ. ਕੁਝ ਕੀੜੇ ਅਤੇ ਕਝ ਮਿੱਠੇ ਜ਼ਾਹਰ ਕੀਤੇ | ਮਕਸਦ ਸਭ ਦਾ ਪੰਚਾਇਤ ਵਲੋਂ ਪਿੰਡ ਵਿਚ ਕੀਤੇ ਕੰਮਾਂ ਦੀ ਪੜਚੋਲ ਕਰਨਾ ਹੀ ਸੀ | ਜੇ ਕਿਸੇ ਦਾ ਜਾਇਜ਼ ਕੰਮ ਪੰਚਾਇਤ ਨੇ ਕਰ ਦਿੱਤਾ ਉਸ ਲਈ ਪੰਚਾਇਤ ਚੰਗੀ | ਜੇ ਕਿਸੇ ਦਾ ਕੰਮ ਪੰਚਾਇਤ ਕੋਲੋਂ ਨਾ ਹੋਇਆ ਉਸ ਲਈ ਪੰਚਾਇਤ ਮਾੜੀ ਬਣ ਜਾਂਦੀ ਹੈ | ਭਾਵੇਂ ਪੰਚਾਇਤ ਬਿਨਾਂ ਕਿਸੇ ਪੱਖ-ਪਾਤ ਤੋਂ ਦੋ ਭਰਾਵਾਂ ਵਿਚ ਹੋਏ ਕਿਸੇ ਤਕਰਾਰ ਪ੍ਰਤੀ ਆਪਣਾ ਸਹੀ ਫ਼ੈਸਲਾ ਸੁਣਾ ਦੇਵੇ | ਪਰ ਫਿਰ ਵੀ ਇਕ ਧਿਰ ਨਰਾਜ਼ ਹੋ ਹੀ ਜਾਂਦੀ ਹੈ ਭਾਵੇਂ ਗਲਤੀ ਨਰਾਜ਼ ਧਿਰ ਦੀ ਹੀ ਹੋਵੇ | ਕਈ ਵਾਰ ਪੰਚਾਇਤ ਪ੍ਰਤੀ ਅਜਿਹੀਆ ਗੱਲਾਂ ਵੀ ਸੁਣਨ ਨੂੰ  ਮਿਲਦੀਆਂ ਹਨ ਕਿ ਸਰਪੰਚ ਨੇ ਗਰਾਂਟ ਖਾ ਲਈ ਜਾਂ ਸਰਕਾਰੀ ਗਰਾਂਟ ਦੀ ਵਰਤੋਂ ਸਹੀ ਨਹੀਂ ਕੀਤੀ | ਜੇਕਰ ਅੱਜ ਅਸੀਂ ਰਾਜਨੀਤੀ ਬਾਰੇ ਵਿਚਾਰ ਕਰੀਏ ਜਿਹੜੀ ਕਦੇ ਪਿੰਡ ਪੱਧਰ 'ਤੇ ਨਹੀਂ ਹੁੰਦੀ ਸੀ | ਜੋ ਹੁੰਦੀ ਸੀ ਤਾਂ ਬਲਾਕ ਪੱਧਰ, ਜ਼ਿਲ੍ਹਾ ਪੱਧਰ, ਵਿਧਾਨ ਸਭਾ ਅਤੇ ਲੋਕ ਸਭਾ ਪੱਧਰ 'ਤੇ ਹੁੰਦੀ ਸੀ, ਜਿਸ ਨੇ ਹੁਣ ਪਿੰਡ ਪੱਧਰ 'ਤੇ ਵੀ ਮਾਰ ਮਾਰੀ ਹੈ | ਪਿੰਡ ਰਾਜਨੀਤੀ ਕਰਕੇ ਧੜਿਆਂ ਵਿਚ ਵੰਡੇ ਹੋਏ ਹਨ | ਪਿੰਡਾਂ ਵਿਚਲੀ ਭਾਈਚਾਰਕ ਸਾਂਝ ਦਿਨੋਂ-ਦਿਨ ਘਟਦੀ ਜਾ ਰਹੀ ਹੈ ਅਤੇ ਰਾਜਨੀਤਕ ਧੜੇਬੰਦੀ ਵਧਦੀ ਜਾ ਰਹੀ ਹੈ | ਪਿੰਡਾਂ ਦੀਆਂ ਪੰਚਾਇਤਾਂ ਨੂੰ  ਵੀ ਵਿਕਾਸ ਦੇ ਕੰਮ ਕਰਵਾਉਣ ਲਈ ਮੌਕੇ ਦੀ ਸਰਕਾਰ ਦੇ ਗੁਲਾਮ ਬਣਨਾ ਪੈਂਦਾ ਹੈ | ਤਾਂ ਹੀ ਮੌਕੇ ਦੀ ਸਰਕਾਰ ਉਨ੍ਹਾਂ ਨੂੰ  ਕੁਝ ਨਾ ਕੁਝ ਗਰਾਂਟ ਦੇ ਰੂਪ ਵਿਚ ਸਹਾਇਤਾ ਪ੍ਰਦਾਨ ਕਰਦੀ ਹੈ | ਜਿਹੜੀ ਪੰਚਾਇਤ ਸਰਕਾਰ ਦੀ ਗੁਲਾਮ ਨਹੀਂ ਹੁੰਦੀ ਉਹ ਵਿਕਾਸ ਦੇ ਕੰਮਾਂ ਲਈ ਸਰਕਾਰੀ ਗਰਾਂਟ ਤੋਂ ਵਾਂਝੀ ਰਹਿ ਜਾਂਦੀ ਹੈ | ਲੋਕ ਪੰਚਾਇਤ ਨੂੰ  ਹੀ ਮਾੜਾ ਕਹਿਣ ਲੱਗ ਪੈਂਦੇ ਹਨ ਸਰਕਾਰ ਨੂੰ  ਕੋਈ ਨਹੀਂ ਪੁੱਛਦਾ ਕਿ ਸਾਡੇ ਪਿੰਡ ਦਾ ਵਿਕਾਸ ਕਿਉਂ ਨਹੀਂ ਹੋਇਆ | ਅੱਜ ਦੀ ਰਾਜਨੀਤੀ ਬਹੁਤ ਗੰਦੀ ਸਿਆਸਤ ਬਣਦੀ ਜਾ ਰਹੀ ਹੈ | ਰਾਜਨੀਤੀ ਤੋਂ ਦਿਨੋਂ-ਦਿਨ ਉੱਠਦਾ ਜਾ ਰਿਹਾ ਵਿਸ਼ਵਾਸ ਆਮ ਆਦਮੀ ਨੂੰ  ਸੋਚਣ ਲਈ ਮਜਬੂਰ ਕਰਦਾ ਕਿ ਅਜਿਹੇ ਹਾਲਾਤਾਂ ਵਿਚ ਕੀ ਲੋਕਾਂ ਨੂੰ  ਚੰਗੇ ਦਿਨ ਜਾਂ ਬੀਤਿਆ ਸਮਾਂ ਮੁੜ ਨਸੀਬ ਹੋਵੇਗਾ |

ਸੂਰਤੀ ਲਾਲ ਵਿਰਦੀ,
ਮਾਧੋਪੁਰੀ |

ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ


ਅੱਜ ਦੇ ਸਮੇਂ ਵਿਚ ਹਵਾ, ਪਾਣੀ ਅਤੇ ਮਿੱਟੀ ਦਾ ਪ੍ਰਦੂਸ਼ਣ ਇਕ ਗੰਭੀਰ ਸਮੱਸਿਆ ਬਣ ਚੁੱਕਾ ਹੈ | ਸ਼ਹਿਰਾਂ ਵਿਚ ਵਾਹਨਾਂ ਦਾ ਧੂੰਆਂ, ਫੈਕਟਰੀਆਂ ਵਿਚੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਅਤੇ ਕੂੜੇ ਨੂੰ  ਸਾੜਨ ਕਾਰਨ ਹਵਾ ਪ੍ਰਦੂਸ਼ਿਤ ਹੋ ਰਹੀ ਹੈ | ਇਸ ਤੋਂ ਇਲਾਵਾ ਦਰਿਆਵਾਂ ਅਤੇ ਨਹਿਰਾਂ ਵਿਚ ਗੰਦਾ ਪਾਣੀ ਅਤੇ ਕੂੜਾ ਸੁੱਟਣ ਕਾਰਨ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ | ਪ੍ਰਦੂਸ਼ਿਤ ਵਾਤਾਵਰਨ ਕਾਰਨ ਲੋਕਾਂ ਨੂੰ  ਸਾਹ ਦੀਆਂ ਬਿਮਾਰੀਆਂ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰੁੱਖਾਂ ਦੀ ਲਗਾਤਾਰ ਕਟਾਈ ਵੀ ਇਸ ਸਮੱਸਿਆ ਨੂੰ  ਹੋਰ ਗੰਭੀਰ ਬਣਾ ਰਹੀ ਹੈ | ਇਸ ਲਈ ਸਰਕਾਰ ਨੂੰ  ਪ੍ਰਦੂਸ਼ਣ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ | ਲੋਕਾਂ ਨੂੰ  ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣੇ, ਕੂੜਾ ਇੱਧਰ-ਉੱਧਰ ਨਹੀਂ ਸੁੱਟਣਾ ਅਤੇ ਵਾਹਨਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ | ਜੇਕਰ ਅਸੀਂ ਅੱਜ ਤੋਂ ਹੀ ਵਾਤਾਵਰਨ ਦੀ ਸੰਭਾਲ ਕਰਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ  ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਮਿਲ ਸਕੇਗਾ |

-ਨਾਜ਼ੀਆ
ਫ਼ਤਹਿਗੜ੍ਹ ਸਾਹਿਬ

ਇਹ ਮੇਰੀ ਜ਼ਿੰਦਗੀ ਹੈ


ਅੱਜ-ਕੱਲ੍ਹ ਦੇ ਭਾਰਤੀ ਪਰਿਵਾਰਾਂ ਦੇ ਹਾਲਾਤ ਬਹੁਤੇ ਠੀਕ ਨਹੀਂ ਹਨ | ਬਹੁਤੇ ਪਰਿਵਾਰ ਅਨੇਕਾਂ ਕਾਰਨਾਂ ਕਰਕੇ ਸਾਂਝੇ ਪਰਿਵਾਰਾਂ ਤੋਂ ਇਕਹਿਰੇ  ਪਰਿਵਾਰਾਂ ਵਿਚ ਤਬਦੀਲ ਹੋ ਗਏ ਹਨ, ਜਿਸ ਨਾਲ ਪਰਿਵਾਰਕ ਕਦਰਾਂ-ਕੀਮਤਾਂ ਭਾਵੇਂ ਉਹ ਨੈਤਿਕ ਹੋਣ ਜਾਂ ਸੱਭਿਆਚਾਰਕ ਦਾ ਪਤਨ ਹੋਇਆ ਹੈ | ਇਹ ਪਰਿਵਾਰ 'ਅਸੀਂ' (ਸਾਂਝੀ ਭਾਵ) ਤੋਂ 'ਮੈਂ (ਨਿੱਜੀ ਸਵਾਰਥ) ਵੱਲ ਵਧ ਗਏ ਹਨ ਅਤੇ ਸਵੈ-ਕੇਂਦਰਿਤ ਹੋ ਗਏ ਹਨ, ਜਿਸ ਕਾਰਨ ਸਤਿਕਾਰ, ਇਮਾਨਦਾਰੀ ਅਤੇ ਸ਼ੁਕਰਗੁਜ਼ਾਰੀ ਵਰਗੇ ਗੁਣਾਂ ਦੀ ਘਾਟ ਦੇਖਣ ਨੂੰ  ਮਿਲਦੀ ਹੈ | ਅੱਜ ਦੀ ਪੀੜ੍ਹੀ ਬਹੁਤ ਹੱਦ ਤੱਕ ਅਵਿਸ਼ਵਾਸਯੋਗ, ਸ਼ੱਕੀ, ਗੈਰ-ਜ਼ਿੰਮੇਵਾਰ, ਹੰਕਾਰੀ, ਬਦਤਮੀਜ਼, ਬਹੁਤ ਜ਼ਿਆਦਾ ਉਤੇਜਿਤ ਰਹਿਣ ਵਾਲੀ ਅਤੇ ਬੇਈਮਾਨ ਹੈ | ਉਹ ਸੋਚਦੇ ਹਨ ਕਿ ਉਹ ਆਪਣੇ ਬਜ਼ੁਰਗਾਂ ਨਾਲੋਂ ਵੱਧ ਜਾਣਦੇ ਹਨ ਹਾਂ, ਸੋਸ਼ਲ ਮੀਡੀਆ ਦੀ ਉਪਲਬਧਤਾ ਕਾਰਨ ਕੁਝ ਹੱਦ ਤੱਕ ਇਹ ਸੱਚ ਵੀ ਹੋ ਸਕਦਾ ਹੈ ਪਰ ਉਹ ਅਸਲ ਜ਼ਿੰਦਗੀ ਦੀ ਸੱਚਾਈ ਅਤੇ ਉਨ੍ਹਾਂ ਸੰਘਰਸ਼ਾਂ ਜਾਂ ਮੁਸ਼ਕਲਾਂ ਬਾਰੇ ਬਹੁਤ ਘੱਟ ਜਾਣਦੇ ਹਨ, ਜਿਨ੍ਹਾਂ ਵਿਚੋਂ ਉਨ੍ਹਾਂ ਦੇ ਮਾਪੇ ਉਨ੍ਹਾਂ ਦੇ ਪਾਲਣ-ਪੋਸ਼ਣ ਦੌਰਾਨ ਲੰਘੇ ਸਨ | ਮਾਪੇ ਚਾਹੁੰਦੇ ਤਾਂ ਉਸ ਸਮੇਂ ਦੌਰਾਨ ਆਲੀਸ਼ਾਨ ਜ਼ਿੰਦਗੀ ਜੀ ਸਕਦੇ ਸਨ ਅਤੇ ਆਪਣੇ 'ਤੇ ਖੁੱਲ੍ਹ ਕੇ ਖਰਚ ਕਰ ਸਕਦੇ ਸਨ, ਪਰ ਉਹ ਹਮੇਸ਼ਾ ਆਪਣੇ ਬੱਚਿਆਂ ਦੇ ਸਾਰਥਕ ਅਤੇ ਲਾਹੇਵੰਦ ਵਿਕਾਸ ਬਾਰੇ ਹੀ ਚਿੰਤਤ ਰਹਿੰਦੇ ਸਨ | ਅੱਜ, ਜੇਕਰ ਤੁਸੀਂ ਉਨ੍ਹਾਂ ਤੋਂ ਪੁੱਛੇ ਕਿ ਉਹ ਕਿੱਥੇ ਜਾ ਰਹੇ ਹਨ ਜਾਂ ਕਦੋਂ ਵਾਪਸ ਆਉਣਗੇ, ਤਾਂ ਉਨ੍ਹਾਂ ਦਾ ਸਿੱਧਾ ਜਵਾਬ ਹੁੰਦਾ ਹੈ: 'ਅਸੀਂ ਵੱਡੇ ਹੋ ਗਏ ਹਾਂ ਅਤੇ ਹੁਣ ਇਹ ਮੇਰੀ ਜ਼ਿੰਦਗੀ ਹੈ |'
ਅੱਜ ਉਨ੍ਹਾਂ ਵਿਚ ਆਗਿਆਕਾਰੀ ਜਾਂ ਨਿਮਰਤਾ ਦੀ ਘਾਟ ਹੈ; ਉਹ ਆਪਣੀਆਂ ਗਲਤੀਆਂ ਲਈ ਮੁਆਫ਼ੀ ਨਹੀਂ ਮੰਗਦੇ ਅਤੇ ਹੰਕਾਰੀ ਸੁਭਾਅ ਦੇ ਹੁੰਦੇ ਹਨ ਹਮੇਸ਼ਾ ਤਿਉੜੀਆਂ ਪਾ ਕੇ ਰੱਖਣਾ, ਬਦਤਮੀਜ਼ੀ ਭਰਿਆ ਵਿਹਾਰ ਅਤੇ ਰੁੱਖਾਪਣ ਦਿਖਾਉਣਾ ਉਨ੍ਹਾਂ ਦੀ ਪਛਾਣ ਬਣ ਗਿਆ ਹੈ, ਜਦਕਿ ਉਨ੍ਹਾਂ ਨੂੰ  ਸਿਆਣਪ ਅਤੇ ਸਮਝਦਾਰੀ ਦਿਖਾਉਣੀ ਚਾਹੀਦੀ ਹੈ | ਪਰਿਵਾਰਕ ਕਦਰਾਂ-ਕੀਮਤਾਂ ਦਾ ਪਤਨ ਇਕ ਗੁੰਝਲਦਾਰ ਵਰਤਾਰਾ ਹੈ, ਜੋ ਆਪਸ ਵਿਚ ਜੁੜੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਬਦਲਾਅ ਦੇ ਨਾਲ-ਨਾਲ ਮੋਬਾਈਲ ਫੋਨ, ਟੀ.ਵੀ. ਅਤੇ ਸੋਸ਼ਲ ਮੀਡੀਆ ਸਾਧਨਾਂ ਦੇ ਪ੍ਰਭਾਵ ਕਾਰਨ ਵਾਪਰ ਰਿਹਾ ਹੈ | ਕੁਝ ਹੱਦ ਤੱਕ ਗਲਤ ਢੰਗ ਨਾਲ ਪਾਲਣ-ਪੋਸ਼ਣ, ਬੱਚਿਆਂ ਨੂੰ  ਦਿੱਤੀ ਗਈ ਬੇਲੋੜੀ ਆਜ਼ਾਦੀ ਅਤੇ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਦੀ ਉਪਲਬਧਤਾ ਦੇ ਨਾਲ-ਨਾਲ ਹਾਣੀਆਂ ਦੇ ਦਬਾਅ (ਪੀਅਰ ਪ੍ਰੈਸ਼ਰ) ਵੀ ਇਸ ਲਈ ਜ਼ਿੰਮੇਵਾਰ ਹਨ; ਜਦਕਿ ਅਸਲ ਵਿਚ ਪਰਿਵਾਰ ਇਕ ਸਮਾਜਿਕ ਸਮੂਹ ਹੁੰਦਾ ਹੈ |

ਪਿ੍ੰ. (ਡਾ.) ਐਸ.ਐਸ.ਮਿਨਹਾਸ ਡੀ.ਲਿਟ
ਕੰਜਕ ਦਾ ਹਰ ਦਿਨ ਸਤਿਕਾਰ 

ਭਾਰਤ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ |  ਇੱਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਜੋ ਆਪਣੇ ਧਰਮ ਮੁਤਾਬਕ ਤਿਉਹਾਰ ਮਨਾਉਂਦੇ ਹਨ | ਇਵੇਂ ਹੀ ਹਿੰਦੂ ਧਰਮ ਵਿਚ ਨਰਾਤਿਆਂ ਦੇ ਤਿਉਹਾਰ ਨੂੰ  ਲੋਕ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ | 'ਨਰਾਤਿਆਂ ਦੇ ਨੌ ਦਿਨ ਬਹੁਤ ਹੀ ਸ਼ੁੱਭ ਮੰਨੇ ਗਏ ਹਨ | ਲੋਕ ਨੌ ਦਿਨ ਮਾਂ ਦੁਰਗਾ ਦੇ ਵੱਖ-ਵੱਖ ਨੌ ਰੂਪਾਂ ਦੀ ਪੂਜਾ ਕਰਦੇ ਹਨ ਜਿਸ ਵਿਚੋਂ ਇੱਕ ਦਿਨ ਕੰਜਕ ਪੂਜਾ ਹੁੰਦੀ ਹੈ | ਕੰਜਕ ਪੂਜਾ ਵਿਚ ਦੋ ਸਾਲ ਤੋਂ ਲੈ ਕੇ ਦਸ ਸਾਲ ਦੀ ਬੱਚੀਆਂ ਨੂੰ  ਸ਼ਾਮਿਲ ਕੀਤਾ ਜਾਂਦਾ ਹੈ | ਪੁਰਾਣੇ ਸਮਿਆਂ ਵਿਚ ਲੋਕ ਆਪਣੇ ਆਲੇ-ਦੁਆਲੇ ਦੀਆਂ ਛੋਟੀਆਂ ਬੱਚੀਆਂ ਨੂੰ  ਬੜੇ ਪ੍ਰੇਮ ਅਤੇ ਸਤਿਕਾਰ ਨਾਲ ਸੱਦ ਕੇ ਉਨ੍ਹਾਂ ਦੇ ਪੈਰ ਧੋ ਕੇ ਫਿਰ ਭੋਜਨ ਛਕਾਉਂਦੇ ਸਨ | ਪਰ ਅੱਜ ਸਵਾਲ ਇਹ ਹੈ ਕਿ ਕੁੜੀਆਂ ਦਾ ਸਤਿਕਾਰ ਸਿਰਫ ਕੰਜਕ ਪੂਜਾ ਤੱਕ ਹੀ ਸੀਮਤ ਹੈ | ਹਰ ਰੋਜ਼ ਅਖਬਾਰਾਂ ਅਜਿਹੇ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਜਿਸ ਵਿਚ ਛੋਟੀ ਬੱਚੀਆਂ ਤੇ ਜਵਾਨ ਕੁੜੀਆਂ ਨਾਲ ਸਰੀਰਕ ਸ਼ੋਸ਼ਣ ਹੋ ਰਿਹਾ | ਅੱਜ ਇਕ ਮਾਂ ਆਪਣੀ ਚਾਰ ਸਾਲ ਦੀ ਬੱਚੀ ਨੂੰ  ਵੀ ਗੁਆਂਢ ਵਿਚ ਖੇਡਣ ਲਈ ਨਹੀਂ ਭੇਜ ਸਕਦੀ ਕਿਉਂਕਿ ਕੁਝ ਕਲਯੁਗੀ ਲੋਕ ਉਨ੍ਹਾਂ ਨੂੰ  ਗ਼ਲਤ ਨਜ਼ਰ ਨਾਲ ਦੇਖਦੇ ਹਨ | ਲੋਕਾਂ ਵਿਚ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ | ਸਿਰਫ ਨੌ ਦਿਨ ਕੁੜੀਆਂ ਦੀ ਪੂਜਾ ਕਰਨ ਨਾਲ ਰੱਬ ਖੁਸ਼ ਕਿਵੇਂ ਹੋ ਸਕਦਾ ਜਦੋਂ ਉਸ ਦੀ ਸਿਰਜੀ ਇਸਤਰੀ ਦੀ ਬੇਕਦਰੀ ਹੋ ਰਹੀ ਹੋਵੇ | ਹਰ ਉਮਰ ਦੀ ਲੜਕੀ ਨੂੰ  ਸਨਮਾਨ ਨਾਲ ਜਿਊਣ ਦਾ ਹੱਕ ਹੈ | ਕੁੜੀਆਂ ਨੂੰ  ਦੇਵੀ ਸਮਝਣ ਤੋਂ ਪਹਿਲਾਂ, ਜੇ ਆਪਾਂ ਉਸ ਨੂੰ  ਕੇਵਲ ਇਨਸਾਨ ਵੀ ਸਮਝ ਲਈਏ ਤਾਂ ਵੀ ਸਭ ਕੁਝ ਸੁਖਦ ਅਤੇ ਸੁਰੱਖਿਅਤ ਹੋ ਸਕਦਾ |

-ਡਾ. ਜਸਲੀਨ ਕੌਰ
ਸੰਗਰੂਰ

ਪਿਛਲੀ ਖ਼ਬਰ ਹਰਦੇਵ ਮੇਘਵਾਲ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਵਿਚਾਰ-ਪ੍ਰਵਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।