15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

15-09-2026

15-09-2026

ਅਜੀਤ ਡੈਸਕ 15-09-2026

ਚਮਕਦੇ ਸਿਤਾਰਿਆਂ ਅੱਗੇ ਹਨੇਰਾ

ਸਿਤਾਰੇ ਚਮਕਦੇ ਸੋਹਣੇ ਲੱਗਦੇ ਹਨ, ਹਨ੍ਹੇਰਾ ਇਨ੍ਹਾਂ ਦੇ ਟਿਮ ਟਿਮਾਉਣ ਲਈ ਜ਼ਰੂਰੀ ਹੈ ਕਿਉਂਕਿ ਹਨ੍ਹੇਰਾ ਹੀ ਇਨ੍ਹਾਂ ਦੀ ਹੋਂਦ ਨੂੰ  ਦਰਸਾਉਂਦਾ ਹੈ, ਪ੍ਰੰਤੂ ਕੁਝ ਸਿਤਾਰੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ  ਹਨ੍ਹੇਰਾ ਹੀ ਖਾ ਜਾਂਦਾ ਹੈ | ਅਜਿਹੇ ਹੀ ਸਿਤਾਰੇ ਹਨ ਉਹ ਹੋਣਹਾਰ ਬੱਚੇ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਡਾਕਟਰ ਅਤੇ ਇੰਜਨੀਅਰ ਬਣਨ ਦੇ ਸੁਪਨੇ ਦੇਖੇ, ਬਿਨਾਂ ਕਿਸੇ ਪ੍ਰਾਈਵੇਟ ਕੋਚਿੰਗ ਦੇ ਨੀਟ ਵਰਗੇ ਇਮਤਿਹਾਨਾਂ ਨੂੰ  ਪਾਸ ਕੀਤਾ ਪ੍ਰੰਤੂ ਹੁਣ ਜਦੋਂ ਡਾਕਟਰ ਬਣਨ ਦਾ ਸੁਪਨਾ ਸੱਚ ਕਰਨ ਲਈ ਕਾਲਜ, ਯੂਨੀਵਰਸਿਟੀਆਂ ਵਿਚ ਦਾਖ਼ਲੇ ਦਾ ਸਮਾਂ ਆਇਆ ਤਾਂ ਇਨ੍ਹਾਂ ਹੋਣਹਾਰ ਬੱਚਿਆਂ ਅਤੇ ਇਨ੍ਹਾਂ ਦੇ ਮਾਪਿਆਂ ਨੂੰ  ਦਾਖਲੇ ਲਈ ਲੱਖਾਂ ਰੁਪਏ ਦੇ ਫ਼ਿਕਰਾਂ ਨੇ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ | ਇਹ ਹੋਣਹਾਰ ਬੱਚੇ ਜਿਨ੍ਹਾਂ ਨੇ ਕਾਮਯਾਬੀ ਦੇ ਝੰਡੇ ਗੱਡੇ ਇਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਇਨ੍ਹਾਂ ਦੀ ਪੜ੍ਹਾਈ ਲਈ ਬਹੁਤ ਪਾਪੜ ਵੇਲੇ ਹਨ | ਇਹ ਝੋਰਾ ਕੇਵਲ ਮਾਪਿਆਂ ਨੂੰ  ਨਹੀਂ ਸਗੋਂ ਹਰੇਕ ਬੁੱਧੀਜੀਵੀ ਨੂੰ  ਵੀ ਖਾਂਦਾ ਹੈ | ਸਮਾਜਿਕ ਕਲਿਆਣ ਦਾ ਹੋਕਾ ਦੇਣ ਵਾਲੇ ਵੋਟਾਂ ਵਟੋਰਨ ਸਮੇਂ ਪੀ.ਐੱਚ. ਡੀ. ਤੱਕ ਦੀ ਪੜ੍ਹਾਈ ਮੁਫ਼ਤ ਹੋਵੇਗੀ ਦੇ ਬਹੁਤ ਵੱਡੇ-ਵੱਡੇ ਦਾਅਵੇ ਕਰਦੇ ਹਨ | ਇਨ੍ਹਾਂ ਦਾਅਵਿਆਂ ਨੂੰ  ਕਿਸ ਤੱਕੜੀ ਵਿਚ ਤੋਲੀਏ ਵੀ ਕਿੰਨੇ ਸੱਚ ਹੋਏ, ਹਕੀਕਤ ਤਾਂ ਇਹ ਹੈ ਕਿ ਦਿਨੋਂ ਦਿਨ ਉਚੇਰੀ ਸਿੱਖਿਆ ਮਹਿੰਗੀ ਖ਼ਾਸ ਕਰਕੇ ਡਾਕਟਰੀ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਗ਼ਰੀਬ ਬੱਚਿਆਂ ਤੋਂ ਬਾਹਰ ਹੋ ਰਹੀ ਹੈ | ਇਹੀ ਕੌੜੀ ਸੱਚਾਈ ਹੈ ਜਿਸ ਨੂੰ  ਦਿਲ 'ਤੇ ਪੱਥਰ ਰੱਖ ਮੰਨਣਾ ਪਵੇਗਾ | ਹੋਣਹਾਰ ਬੱਚਿਆਂ ਦੀ ਮਦਦ ਲਈ ਸਰਕਾਰ ਨੂੰ  ਅੱਗੇ ਆਉਣਾ ਚਾਹੀਦਾ ਹੈ | ਇਹ ਉਹ ਬੱਚੇ ਨੇ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਦੇ ਨਤੀਜੇ ਬਦਲ ਕੇ ਸਰਕਾਰੀ ਸਕੂਲਾਂ ਦਾ ਨਾਂਅ ਚਮਕਾਇਆ, ਹੁਣ ਇਨ੍ਹਾਂ ਬੱਚਿਆਂ ਦੀ ਮਦਦ ਕਰਕੇ ਸਰਕਾਰ ਨੂੰ  ਆਪਣੇ ਫਰਜ਼ ਨਿਭਾਉਣੇ ਚਾਹੀਦੇ ਹਨ | ਯੂਨੀਵਰਸਿਟੀ ਅਤੇ ਕਾਲਜਾਂ ਦੇ ਨਾਲ-ਨਾਲ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਸਕਾਲਰਸ਼ਿਪ ਸਕੀਮਾਂ ਇਨ੍ਹਾਂ ਬੱਚਿਆਂ ਤੱਕ ਪਹੁੰਚਾਉਣੀਆਂ ਹੋਣਗੀਆਂ, ਇਸਦੇ ਨਾਲ ਹੀ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ  ਵੀ ਇਨ੍ਹਾਂ ਬੱਚਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ |]


-ਰਜਵਿੰਦਰ ਪਾਲ ਸ਼ਰਮਾ 

ਵਿਆਪਕ ਰਣਨੀਤੀ ਦੀ ਲੋੜ

ਨਿਪਾਲ ਵਿਚ ਹਰ ਸਾਲ ਮੌਨਸੂਨ ਦੌਰਾਨ ਭਾਰੀ ਮੀਂਹ, ਗਲੇਸ਼ੀਅਰਾਂ ਦੇ ਪਿਘਲਣ ਅਤੇ ਜ਼ਮੀਨ ਖਿਸਕਣ ਕਾਰਨ ਹੜ੍ਹਾਂ ਨਾਲ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ | ਇਸ ਸਮੱਸਿਆ ਦੇ ਹੱਲ ਲਈ ਆਧੁਨਿਕ ਸ਼ੁਰੂਆਤੀ ਚਿਤਾਵਨੀ ਪ੍ਰਣਾਲੀ ਨੂੰ  ਮਜ਼ਬੂਤ ਕਰਨਾ, ਪਹਾੜੀ ਖੇਤਰਾਂ ਵਿਚ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਨਦੀਆਂ ਦੇ ਕੰਢਿਆਂ 'ਤੇ ਮਜ਼ਬੂਤ ਬੰਨ੍ਹ ਬਣਾਉਣਾ ਜ਼ਰੂਰੀ ਹੈ | ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਗੈਰ-ਕਾਨੂੰਨੀ ਨਿਰਮਾਣ 'ਤੇ ਰੋਕ ਲਗਾਉਣੀ ਚਾਹੀਦੀ ਹੈ | ਇਸ ਦੇ ਨਾਲ ਭਾਰਤ ਸਮੇਤ ਗੁਆਂਢੀ ਦੇਸ਼ਾਂ ਨਾਲ ਨਦੀ ਜਲ ਪ੍ਰਬੰਧਨ ਅਤੇ ਹੜ੍ਹ ਸਬੰਧੀ ਡਾਟਾ ਸਾਂਝਾ ਕਰਨ ਲਈ ਸਹਿਯੋਗ ਵਧਾਉਣਾ ਚਾਹੀਦਾ ਹੈ | ਸਥਾਨਕ ਲੋਕਾਂ ਨੂੰ  ਆਫ਼ਤ ਪ੍ਰਬੰਧਨ ਦੀ ਸਿਖਲਾਈ ਅਤੇ ਬਚਾਅ ਟੀਮਾਂ ਨੂੰ  ਹਰ ਸਮੇਂ ਤਿਆਰ ਰੱਖ ਕੇ ਹੜ੍ਹਾਂ ਦੇ ਨੁਕਸਾਨ ਨੂੰ  ਕਾਫ਼ੀ ਘਟਾਇਆ ਜਾ ਸਕਦਾ ਹੈ |


-ਦਲਜੀਤ ਸਿੰਘ ਬਾਜਵਾ,
ਫ਼ਤਹਿਗੜ੍ਹ ਸਾਹਿਬ

ਸਰਕਾਰੀ ਬੱਸਾਂ ਨਹੀਂ ਰੁਕਦੀਆਂ

ਸਵੇਰੇ ਚੱਲਣ ਵਾਲੀਆਂ ਪੰਜਾਬ ਰੋਡਵੇਜ਼ ਜਾਂ ਪੈਪਸੂ ਰੋਡਵੇਜ਼ ਦੀਆਂ ਬੱਸਾਂ ਜੋ ਕਿ ਆਪਣੇ ਮੁੱਖ ਅੱਡੇ ਤੋਂ ਚੱਲ ਕੇ ਹੋਰ ਸ਼ਹਿਰਾਂ ਲਈ ਰਵਾਨਾ ਹੁੰਦੀਆਂ ਹਨ ਪਰ ਰਾਹ ਵਿਚ ਜਿੰਨੇ ਵੀ ਬੱਸ ਅੱਡੇ ਆਉਂਦੇ ਹਨ ਉਨ੍ਹਾਂ 'ਤੇ ਡਰਾਈਵਰ ਬੱਸ ਖੜ੍ਹੀ ਕਰਨ ਦੀ ਖੇਚਲ ਹੀ ਨਹੀਂ ਕਰਦੇ | ਜੇਕਰ ਕੋਈ ਬੱਸ ਰੁਕਦੀ ਵੀ ਹੈ ਤਾਂ ਅੱਡੇ ਤੋਂ 10-20 ਮੀਟਰ ਅੱਗੇ ਜਾਂ ਪਿੱਛੇ | ਜਿਸ ਕਰਕੇ ਦੂਰ ਨੇੜੇ ਜਾਣ ਦੀਆਂ ਸਵਾਰੀਆਂ ਨੂੰ  ਆਪਣਾ ਸਮਾਨ ਚੁੱਕ ਕੇ ਬੱਸਾਂ ਦੇ ਅੱਗੇ-ਪਿੱਛੇ ਭੱਜਣਾ ਪੈਂਦਾ ਹੈ ਜੋ ਕਿ ਦੁਰਘਟਨਾ ਦਾ ਕਾਰਨ ਵੀ ਬਣਦਾ ਹੈ | ਇਸੇ ਦੌਰਾਨ ਇਹ ਵੀ ਵੇਖਣ ਵਿਚ ਆਇਆ ਹੈ ਕਿ ਕਈ ਸਰਕਾਰੀ ਬੱਸਾਂ ਬਿਲਕੁਲ ਸਹੀ ਟਿਕਾਣੇ 'ਤੇ ਰੁਕਦੀਆਂ ਹਨ ਅਤੇ ਬੜੇ ਪਿਆਰ ਭਾਵ ਨਾਲ ਸਵਾਰੀਆਂ ਚੁੱਕਦੀਆਂ ਹਨ ਪਰ ਕਈ ਬੱਸਾਂ ਵਾਲੇ ਇਹੋ ਜਿਹੇ ਵੀ ਹਨ ਜੋ ਕਿ ਪ੍ਰਾਈਵੇਟ ਬੱਸਾਂ ਖੜੀਆਂ ਦੇਖ ਕੇ ਆਪਣੀ ਬੱਸ ਨੂੰ  ਉੱਥੇ ਬਿਨਾਂ ਰੋਕੇ ਹੀ ਅੱਗੇ ਲੈ ਜਾਂਦੇ ਹਨ | ਜਿਸ ਕਰਕੇ ਸਕੂਲ-ਕਾਲਜ ਦੇ ਬੱਚਿਆਂ ਦੇ ਨਾਲ-ਨਾਲ ਮਹਿਲਾ ਸਵਾਰੀਆਂ ਨੂੰ  ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਦਕਿ ਪਹਿਲੇ ਸਮੇਂ ਵਿਚ ਇਹ ਹੁੰਦਾ ਸੀ ਕਿ ਬੱਸਾਂ ਰਾਹ ਦੇ ਸਾਰੇ ਮੁੱਖ ਅੱਡਿਆਂ 'ਤੇ ਰੁਕ ਕੇ ਜਾਂਦੀਆਂ ਸਨ | ਸੋ, ਸਰਕਾਰ ਨੂੰ  ਚਾਹੀਦਾ ਹੈ ਕਿ ਇਨ੍ਹਾਂ ਛੋਟੇ ਅੱਡਿਆਂ 'ਤੇ ਸਰਕਾਰੀ ਬੰਦਿਆਂ ਦੀ ਡਿਊਟੀ ਲਗਾਈ ਜਾਵੇ ਜੇਕਰ ਸਰਕਾਰੀ ਬੱਸ ਉਥੇ ਨਾ ਰੁਕੇ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇ |

-ਗੁਰਸ਼ਰਨ ਸਿੰਘ
ਰਈਆ |

ਅਧਿਆਪਕਾਂ ਦਾ ਸਤਿਕਾਰ ਕਰੋ

ਸਾਡੀਆਂ ਸਰਕਾਰਾਂ ਅਧਿਆਪਕਾਂ ਨੂੰ  ਸਮੇਂ ਦੇ ਹਾਣੀ ਬਣਾਉਣ ਲਈ ਕਰੋੜਾਂ ਰੁਪਏ ਸੈਮੀਨਾਰਾਂ, ਵਰਕਸ਼ਾਪਾਂ ਅਤੇ ਬਾਹਰਲੇ ਮੁਲਕਾਂ ਤੋਂ ਸਿਖਲਾਈ ਦਿਵਾਉਣ 'ਤੇ ਖਰਚ ਕਰ ਰਹੀਆਂ ਹਨ | ਪਰ ਅਧਿਆਪਕ ਨੂੰ  ਸੋਸ਼ਲ ਮੀਡੀਆ ਦੀ ਬਿਮਾਰੀ ਤੋਂ ਪੀੜਤ ਵਿਦਿਆਰਥੀਆਂ ਨੂੰ  ਪੜ੍ਹਾਈ ਵੱਲ ਧਿਆਨ ਦੇਣ ਵੱਲ ਜ਼ੋਰ ਦੇਣਾ ਪੈ ਰਿਹਾ ਹੈ | ਮੋਬਾਈਲ ਦੇ ਯੁੱਗ 'ਚ ਅਧਿਆਪਨ ਚੁਣੌਤੀਆਂ ਭਰਿਆ ਕੰਮ ਬਣ ਗਿਆ ਹੈ | ਕਿਸੇ ਸਮੇਂ ਵਿਦਿਆਰਥੀ ਅੰਦਰ ਆਤਮਿਕ, ਬੋਧਿਕ ਤੇ ਮਾਨਸਿਕ ਵਿਕਾਸ ਸਹਿਜੇ ਹੀ ਹੋ ਜਾਂਦਾ ਸੀ |  ਉਨ੍ਹਾਂ ਦੇ ਅੰਦਰ ਅਧਿਆਪਕ ਪ੍ਰਤੀ ਪੂਰਨ ਆਦਰ ਤੇ ਕਦਰ ਸੀ | ਪੰ੍ਰਤੂ ਅੱਜ ਅਧਿਆਪਕ ਤੋਂ ਕੁਝ ਸਿੱਖਣ ਦੀ ਲਾਲਸਾ ਅੱਜ ਦੇ ਵਿਦਿਆਰਥੀਆਂ 'ਚ ਲਗਭਗ ਖਤਮ ਹੋ ਗਈ ਹੈ | ਉਹ ਕਿਤਾਬਾਂ ਨਾਲੋਂ ਆਨਲਾਈਨ ਪੜ੍ਹਾਈ 'ਤੇ ਜ਼ਿਆਦਾ ਸਮਾਂ ਬਤੀਤ ਕਰਦਾ ਹੈ | ਅਧਿਆਪਕ ਨੂੰ  ਇਹ ਸਮਝਣ 'ਚ ਜ਼ਿਆਦਾ ਸਮਾਂ ਲਗਦਾ ਹੈ ਕਿ ਵਿਦਿਆਰਥੀਆਂ ਨੂੰ  ਜਮਾਤ 'ਚ ਪੜ੍ਹਾਈ ਦੀ ਸਮਝ ਵੀ ਰਹੀ ਹੈ ਕਿ ਨਹੀਂ, ਵਿਦਿਆਰਥੀ ਸਰੀਰਕ ਤੌਰ 'ਤੇ ਜਮਾਤ 'ਚ ਬੈਠਾ ਹੁੰਦਾ ਹੈ, ਮਾਨਸਿਕ ਤੌਰ 'ਤੇ ਉਸ ਦਾ ਧਿਆਨ ਸੋਸ਼ਲ ਮੀਡੀਆ ਵੱਲ ਹੁੰਦਾ ਹੈ |

-ਅਮਨਦੀਪ ਸ਼ਰਮਾ
ਬਾਹਮਣਵਾਲਾ, ਕੋਟਕਪੂਰਾ |

ਪਿਛਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੇ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਹੱਲ ਲਈ ਵਚਨਬੱਧ-ਚੀਮਾ ਅਗਲੀ ਖ਼ਬਰ ਜਦੋਂ ਮਾੜੇ ਇਨਸਾਨ ਇਕੱਠੇ ਹੋ ਜਾਂਦੇ ਹਨ ਤਾਂ ਚੰਗਿਆਂ ਨੂੰ ਵੀ ਆਪਸ ਵਿਚ ਮਿਲ ਜਾਣਾ ਚਾਹੀਦਾ ਹੈ | ¸ਐਡਮੰਡ ਬਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।