ਵਾਹਨ ਨੇ ਚਾਰ ਪੈਦਲ ਯਾਤਰੀ ਦਰੜੇ, ਦੋ ਦੀ ਮੌਤ, ਦੋ ਜ਼ਖ਼ਮੀ
ਵੈਨਕੂਵਰ, 30 ਸਤੰਬਰ (ਮਲਕੀਤ ਸਿੰਘ)-ਸਾਊਥ ਡੈਲਟਾ ਸਥਿਤ ਟਸਾਵਾਸਨ ਮਿਲਜ਼ ਖਰੀਦਦਾਰੀ ਕੇਂਦਰ ਦੀ ਪਾਰਕਿੰਗ ਵਿਚ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਵਾਹਨ ਦੀ ਲਪੇਟ ‘ਚ ਆਉਣ ਨਾਲ ਦੋ ਪੈਦਲ ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਡੈਲਟਾ ਪੁਲਿਸ ਅਨੁਸਾਰ ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਹਾਦਸੇ ਤੋਂ ਪਹਿਲਾਂ ਵਾਹਨ ਚਾਲਕ ਨੂੰ ਅਚਾਨਕ ਸਿਹਤ ਸਬੰਧੀ ਸਮੱਸਿਆ ਆਈ ਹੋ ਸਕਦੀ ਹੈ।
ਵੈਨਕੂਵਰ, 30 ਸਤੰਬਰ (ਮਲਕੀਤ ਸਿੰਘ)-ਸਾਊਥ ਡੈਲਟਾ ਸਥਿਤ ਟਸਾਵਾਸਨ ਮਿਲਜ਼ ਖਰੀਦਦਾਰੀ ਕੇਂਦਰ ਦੀ ਪਾਰਕਿੰਗ ਵਿਚ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਵਾਹਨ ਦੀ ਲਪੇਟ ‘ਚ ਆਉਣ ਨਾਲ ਦੋ ਪੈਦਲ ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਡੈਲਟਾ ਪੁਲਿਸ ਅਨੁਸਾਰ ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਹਾਦਸੇ ਤੋਂ ਪਹਿਲਾਂ ਵਾਹਨ ਚਾਲਕ ਨੂੰ ਅਚਾਨਕ ਸਿਹਤ ਸਬੰਧੀ ਸਮੱਸਿਆ ਆਈ ਹੋ ਸਕਦੀ ਹੈ। ਪੁਲਿਸ ਅਨੁਸਾਰ ਹਾਦਸਾ ਸਵੇਰੇ ਕਰੀਬ 10.25 ਵਜੇ ਟਸਾਵਾਸਨ ਮਿਲਜ਼ ਦੀ ਪਾਰਕਿੰਗ ਵਿੱਚ ਵਾਪਰਿਆ। ਵਾਹਨ ਨੇ ਚਾਰ ਪੈਦਲ ਯਾਤਰੀਆਂ ਨੂੰ ਟੱਕਰ ਮਾਰੀ। ਇਨ੍ਹਾਂ ਵਿੱਚੋਂ ਦੋ ਦੀ ਸੱਟਾਂ ਕਾਰਨ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਦੋ ਜ਼ਖ਼ਮੀਆਂ ਨੂੰ ਬੀ.ਸੀ. ਐਮਰਜੈਂਸੀ ਸਿਹਤ ਸੇਵਾਵਾਂ ਦੇ ਕਰਮਚਾਰੀਆਂ ਨੇ ਮੌਕੇ ‘ਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਪਹੁੰਚਾਇਆ। ਘਟਨਾ ਤੋਂ ਬਾਅਦ ਪੁਲਿਸ, ਐਂਬੂਲੈਂਸਾਂ ਅਤੇ ਹੋਰ ਹੰਗਾਮੀ ਸੇਵਾਵਾਂ ਵੱਡੀ ਗਿਣਤੀ ਵਿੱਚ ਮੌਕੇ ‘ਤੇ ਪਹੁੰਚੀਆਂ। ਇਲਾਕੇ ਨੂੰ ਪੁਲਿਸ ਵਲੋਂ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸੇ ਸਮੇਂ ਟਸਾਵਾਸਨ ਫਸਟ ਨੇਸ਼ਨ ਵਲੋਂ ਕੌਮੀ ਸੱਚਾਈ ਅਤੇ ਮੇਲ-ਮਿਲਾਪ ਦਿਵਸ ਮੌਕੇ ਭਾਈਚਾਰਕ ਪੈਦਲ ਯਾਤਰਾ ਕੀਤੀ ਜਾ ਰਹੀ ਸੀ। ਹਾਦਸੇ ਤੋਂ ਬਾਅਦ ਇਹ ਸਮਾਗਮ ਰੱਦ ਕਰ ਦਿੱਤਾ ਗਿਆ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਹਾਦਸੇ ਦਾ ਇਸ ਪੈਦਲ ਯਾਤਰਾ ਨਾਲ ਕੋਈ ਸਬੰਧ ਨਹੀਂ ਹੈ ਪੁਲਿਸ ਨੇ ਘਟਨਾ ਵੇਲੇ ਇਲਾਕੇ ਵਿੱਚ ਮੌਜੂਦ ਲੋਕਾਂ, ਖ਼ਾਸ ਕਰਕੇ ਵਾਹਨਾਂ ਦੇ ਕੈਮਰਿਆਂ ਦੀ ਰਿਕਾਰਡਿੰਗ ਰੱਖਣ ਵਾਲਿਆਂ, ਨੂੰ ਜਾਂਚ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਬਾਰੇ ਤੁਰੰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।