ਜਲੰਧਰ, 29 ਅਕਤੂਬਰ (ਡਾ. ਜਤਿੰਦਰ ਸਾਬੀ)-ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚਲ ਰਹੀ ਏਸ਼ੀਅਨ ਚੈਪੀਅਨਜ਼ ਟਰਾਫ਼ੀ ਦੌਰਾਨ ਵੀਰਵਾਰ ਨੂੰ ਦਿਨ ਦੇ ਖੇਡੇ ਗਏ ਪਹਿਲੇ ਮੈਚ ਵਿਚ ਮਲੇਸ਼ੀਆ ਨੇ ਦੱਖਣੀ ਕੋਰੀਆ ਤੇ 3-1 ਨਾਲ, ਜਦੋਂਕਿ ਦੂਜੇ ਮੈਚ ’ਚ ਜਪਾਨ ਨੇ ਬੰਗਾਲਾਦੇਸ਼ ਨੂੰ 1-0 ਨਾਲ ਹਰਾਇਆ। ਪਹਿਲੇ ਮੈਚ ਵਿਚ ਮਲੇਸ਼ੀਆ ਦੇ ਖਿਡਾਰੀ ਅਜਹਾਰ ਅਮੀਰੂਲ ਨੂੰ 100 ਕੌਮਾਂਤਰੀ ਮੈਚ ਪੂਰੇ ਕਰਨ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਮੈਚ ਦੌਰਾਨ ਮਲੇਸ਼ੀਆ ਦਾ ਪੱਲੜਾ ਪੂਰੀ ਤਰ੍ਹਾਂ ਭਾਰੂ ਰਿਹਾ। ਮਲੇਸ਼ੀਆ ਲਈ ਪਹਿਲਾ ਗੋਲ 10ਵੇਂ ਮਿੰਟ ਵਿਚ ਕਮਾਰੂਦੀਨ ਨੇ ਮੈਦਾਨੀ ਦਾਗ ਕੇ ਕੀਤਾ। ਦੂਜੇ ਕੁਆਰਟਰ ਵਿਚ ਦੱਖਣੀ ਕੋਰੀਆ ਦੀ ਟੀਮ ਨੇ ਗੋਲ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀ ਹੋਈ। ਤੀਜੇ ਕੁਆਰਟਰ ਦੇ ਸ਼ੂਰੂ ਵਿਚ ਦੱਖਣੀ ਕੋਰੀਆ ਦੇ ਸਾਂਗ ਹੀਸੇਂਗ ਨੇ ਸ਼ਾਨਦਾਰ ਮੈਦਾਨੀ ਗੋਲ ਦਾਗ ਕੇ ਟੀਮ ਨੂੰ 1-1 ਦੀ ਬਰਾਬਰੀ ’ਤੇ ਲੈ ਆਂਦਾ। 36ਵੇਂ ਮਿੰਟ ਵਿਚ ਮਲੇਸ਼ੀਆ ਦੀ ਟੀਮ ਨੂੰ ਪਹਿਲ ਪੈਨਾਲਟੀ ਕਾਰਨਰ ਮਿਲਿਆ, ਜਿਸ ਨੂੰ ਅਨੂਰ ਅਕੀਮੁਲ ਨੇ ਗੋਲ ਤਬਦੀਲ ਕਰਕੇ ਸਕੋਰ 2-1 ਕਰ ਦਿੱਤਾ। ਚੌਥੇ ਕੁਆਰਟਰ ਵਿਚ ਮਲੇਸ਼ੀਆ ਦੇ ਸਾਰੀ ਫਜਲ ਨੇ ਖ਼ੂਬਸੂਰਤ ਮੈਦਾਨੀ ਗੋਲ ਦਾਗ ਕੇ ਟੀਮ ਨੂੰ 3-1 ਦੀ ਜੇਤੂ ਬੜਤ ਦਿਵਾਈ, ਜੋ ਅੰਤ ਤੱਕ ਜਾਰੀ ਰਹੀ। ਬੰਗਲਾਦੇਸ਼ ਤੇ ਜਪਾਨ ਵਿਚਾਲੇ ਖੇਡੇ ਗਏ ਦੂਜੇ ਮੈਚ ਦੇ ਅੱਧੇ ਸਮੇਂ ਤੱਕ ਦੋਵੇਂ ਟੀਮਾਂ ਕੋਈ ਗੋਲ ਨਾ ਕਰ ਸਕੀਆਂ। ਤੀਜੇ ਕੁਆਟਰ ਵਿਚ ਜਪਾਨ ਦੀ ਟੀਮ ਨੂੰ 40ਵੇਂ ਮਿੰਟ ਵਿਚ ਮਿਲੇ ਇਕ ਪੈਨਾਲਟੀ ਕਾਰਨਰ ਕਪਤਾਨ ਫੁੱਜੀ ਸ਼ੀਮਾ ਨੇ ਗੋਲ ਵਿਚ ਬਦਲ ਕੇ ਟੀਮ ਨੂੰ 1-0 ਦੀ ਬੜਤ ਦਿਵਾਈ, ਜੋ ਅੰਤ ਤੱਕ ਜਾਰੀ ਰਹੀ। ਅੰਤਰਰਾਸ਼ਟਰੀ ਕਰੀਅਰ ਦਾ 150ਵਾਂ ਮੈਚ ਖੇਡ ਰਹੇ ਬੰਗਲਾਦੇਸ਼ ਦੇ ਖਿਡਾਰੀ ਮੁਹੰਮਦ ਰਸਾਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।