ਦੁਬਈ, 10 ਸਤੰਬਰ (ਪੀ. ਟੀ. ਆਈ.)-ਸ਼ੈਫਾਲੀ ਵਰਮਾ (64) ਅਤੇ ਦੀਪਤੀ ਸ਼ਰਮਾ (3/26) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਕੇ ਇਥੇ ਮਹਿਲਾ ਟੀ- 20 ਏਸ਼ੀਆ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ।ਜਿੱਤ ਲਈ 150 ਦੌੜਾਂ ਦਾ ਮੁਸ਼ਕਲ ਟੀਚਾ ਮਿਲਣ ਤੋਂ ਬਾਅਦ ਭਾਰਤ ਨੇ ਸ਼ਾਨਦਾਰ ਖੇਡ ਦਿਖਾ ਰਹੀ ਬੰਗਲਾਦੇਸ਼ ਦੀ ਟੀਮ ਨੂੰ 7 ਵਿਕਟਾਂ ’ਤੇ 109 ਦੌੜਾਂ ‘ਤੇ ਰੋਕ ਦਿੱਤਾ। ਭਾਰਤ ਵਲੋਂ ਦੀਪਤੀ ਸ਼ਰਮਾ ਨੇ ਇਕ ਵਾਰ ਫਿਰ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਦਿਆਂ 4 ਓਵਰਾਂ ’ਚ 26 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।ਇਸ ਤੋਂ ਪਹਿਲਾਂ ਧੀਮੀ ਪਿੱਚ ’ਤੇ ਸ਼ੈਫਾਲੀ ਦੀਆਂ 40 ਗੇਂਦਾਂ ‘ਤੇ 64 ਦੌੜਾਂ (ਚੌਕੇ: 7, ਛੱਕੇ: 3) ਦੀ ਮਦਦ ਨਾਲ ਭਾਰਤ ਨੇ 6 ਵਿਕਟਾਂ ’ਤੇ 149 ਦੌੜਾਂ ਬਣਾਈਆਂ ਸਨ।