24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਭਾਰਤ-ਨਿਪਾਲ ਦੋਸਤੀ

ਭਾਰਤ-ਨਿਪਾਲ ਦੋਸਤੀ

ਅਜੀਤ ਡੈਸਕ 24-11-2026

ਨਿਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦੋ ਦਿਨ ਲਈ ਭਾਰਤ ਦੇ ਦੌਰੇ 'ਤੇ ਆਏ ਹਨ | ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ੀ ਯਾਤਰਾ ਹੈ | ਬਾਲੇਂਦਰ ਸ਼ਾਹ ਪਿਛਲੇ ਲੰਮੇ ਸਮੇਂ ਤੋਂ ਭਾਰਤ ਨਾਲ ਲਗਾਤਾਰ ਜੁੜੇ ਰਹੇ ਹਨ ਅਤੇ ਉਨ੍ਹਾਂ ਦੀ ਇੱਥੇ ਦੇ ਲੋਕਾਂ ਨਾਲ ਵੀ ਭਾਵੁਕ ਸਾਂਝ ਬਣੀ ਰਹੀ ਹੈ | ਜਿੱਥੋਂ ਤੱਕ ਨਿਪਾਲ ਦਾ ਸੰਬੰਧ ਹੈ, ਇਸ ਨਾਲ ਭਾਰਤ ਦਾ ਗੁਆਂਢੀਆਂ ਵਾਲਾ ਹੀ ਨਹੀਂ, ਸਗੋਂ ਭਰਾਵਾਂ ਵਾਲਾ ਰਿਸ਼ਤਾ ਬਣਿਆ ਰਿਹਾ ਹੈ | ਅੱਜ ਲੱਖਾਂ ਹੀ ਨਿਪਾਲੀ ਕਿਸੇ ਨਾ ਕਿਸੇ ਰੂਪ ਵਿਚ ਭਾਰਤ 'ਚ ਵਸ ਰਹੇ ਹਨ | ਲੱਖਾਂ ਹੀ ਭਾਰਤੀ ਨਿਪਾਲ ਵਿਚ ਜੀਵਨ ਬਸਰ ਕਰ ਰਹੇ ਹਨ | ਅੰਗਰੇਜ਼ਾਂ ਦੇ ਸਮੇਂ ਤੋਂ ਹੀ ਨਿਪਾਲੀ ਗੋਰਖੇ ਭਾਰਤੀ ਫ਼ੌਜ ਦਾ ਅਹਿਮ ਅੰਗ ਮੰਨੇ ਜਾਂਦੇ ਰਹੇ ਹਨ | 20ਵੀਂ ਸਦੀ ਦੇ ਅੱਧ ਤੋਂ ਹੀ ਨਿਪਾਲ ਨੇ ਵੱਡੀਆਂ ਸਿਆਸੀ ਅੰਗੜਾਈਆਂ ਲਈਆਂ ਹਨ | ਇੱਥੇ ਸੈਂਕੜੇ ਵਰਿ੍ਹਆਂ ਦੀ ਰਾਜਾਸ਼ਾਹੀ ਨੂੰ  ਬੜੇ ਲੰਮੇ ਸੰਘਰਸ਼ ਤੋਂ ਬਾਅਦ ਖ਼ਤਮ ਕਰ ਦਿੱਤਾ ਗਿਆ ਸੀ | ਇਸ ਸੰਘਰਸ਼ ਵਿਚ ਉੱਥੇ ਦੀਆਂ ਕਮਿਊਨਿਸਟ ਪਾਰਟੀਆਂ ਨੇ ਵੀ ਆਪਣਾ ਵੱਡਾ ਯੋਗਦਾਨ ਪਾਇਆ ਸੀ |
ਰਾਜਾਸ਼ਾਹੀ ਦੇ ਸਮੇਂ ਤੋਂ ਹੀ ਨਿਪਾਲੀ ਕਾਂਗਰਸ ਉੱਥੋਂ ਦੀ ਸਿਆਸਤ ਦਾ ਅਹਿਮ ਹਿੱਸਾ ਬਣੀ ਰਹੀ ਹੈ | ਉਸ ਸਮੇਂ ਵੀ ਆਪਣੀਆਂ ਸੀਮਤ ਸ਼ਕਤੀਆਂ ਦੇ ਬਾਵਜੂਦ ਇਸ ਪਾਰਟੀ ਨੇ ਦੇਸ਼ ਦੇ ਸਿਆਸੀ ਮੰਚ 'ਤੇ ਵੱਡਾ ਰੋਲ ਅਦਾ ਕੀਤਾ ਸੀ | ਰਾਜਾਸ਼ਾਹੀ ਦੇ ਖ਼ਾਤਮੇ ਤੋਂ ਬਾਅਦ ਨਿਪਾਲੀ ਕਾਂਗਰਸ ਦੇ ਨਾਲ-ਨਾਲ ਕਮਿਊਨਿਸਟ ਪਾਰਟੀਆਂ ਵੀ ਸਿਆਸਤ ਦੇ ਮੈਦਾਨ ਵਿਚ ਉਤਰੀਆਂ ਸਨ | ਇੱਥੇ ਦੇ ਸੰਵਿਧਾਨ ਨੂੰ  ਦੁਬਾਰਾ ਲਿਖ ਸਕਣਾ ਅਤੇ ਇਸ ਨੂੰ  ਸਿਰੇ ਚੜ੍ਹਾ ਸਕਣਾ ਬੇਹੱਦ ਜੋਖ਼ਮ ਭਰਿਆ ਕੰਮ ਸੀ, ਜਿਸ ਲਈ ਕਿੰਨੇ ਹੀ ਸਾਲ ਲੱਗ ਗਏ, ਕਿਉਂਕਿ ਉੱਥੋਂ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਇਸ ਅਮਲ ਵਿਚ ਆਪੋ-ਆਪਣਾ ਪ੍ਰਭਾਵਸ਼ਾਲੀ ਰੋਲ ਅਦਾ ਕੀਤਾ ਜਾਂਦਾ ਰਿਹਾ ਸੀ | ਨਵੇਂ ਸੰਵਿਧਾਨ ਅਨੁਸਾਰ ਹੋਈਆਂ ਚੋਣਾਂ ਵਿਚ ਚਾਹੇ ਕਮਿਊਨਿਸਟ ਪਾਰਟੀਆਂ ਨੂੰ  ਪੂਰਨ ਬਹੁਮਤ ਤਾਂ ਪ੍ਰਾਪਤ ਨਾ ਹੋ ਸਕਿਆ, ਪਰ ਉਹ ਆਪਸੀ ਰਲੇਵੇਂ ਨਾਲ ਸਮੇਂ-ਸਮੇਂ ਸਰਕਾਰਾਂ ਬਣਾਉਣ ਵਿਚ ਸਫ਼ਲ ਜ਼ਰੂਰ ਹੋਈਆਂ | ਉਨ੍ਹਾਂ ਨੇ ਆਪਣੇ ਸਿਧਾਂਤਾਂ ਦੇ ਅਨੁਸਾਰੀ ਹੁੰਦਿਆਂ ਦੇਸ਼ ਦੀ ਸਿਆਸਤ ਨੂੰ  ਨਵੀਂ ਦਿਸ਼ਾ ਦੇਣ ਦਾ ਵੀ ਯਤਨ ਕੀਤਾ ਅਤੇ ਇਸ ਦੇ ਸਮੁੱਚੇ ਢਾਂਚੇ ਨੂੰ  ਨਵਿਆਉਣ ਲਈ ਵੀ ਵੱਡੇ ਯਤਨ ਕੀਤੇ | ਭਾਰਤ ਵਾਂਗ ਚੀਨ ਵੀ ਦੂਸਰੇ ਪਾਸੇ ਤੋਂ ਨਿਪਾਲ ਦਾ ਗੁਆਂਢੀ ਦੇਸ਼ ਰਿਹਾ ਹੈ | ਚਾਹੇ ਸਦੀਆਂ ਤੋਂ ਨਿਪਾਲ ਦੇ ਭਾਰਤ ਨਾਲ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਹੋਰ ਹਰ ਤਰ੍ਹਾਂ ਦੇ ਸੰਬੰਧ ਜੁੜੇ ਰਹੇ ਹਨ, ਪਰ ਨੇੜਲਾ ਗਆਂਢੀ ਹੋਣ ਕਰਕੇ ਨਿਪਾਲ ਵਿਚ ਅਕਸਰ ਚੀਨ ਦਾ ਅਸਰ ਵੀ ਦੇਖਿਆ ਜਾਂਦਾ ਰਿਹਾ ਹੈ | ਖ਼ਾਸ ਤੌਰ 'ਤੇ ਕਮਿਊਨਿਸਟਾਂ ਦੇ ਪ੍ਰਭਾਵ ਵਾਲੀਆਂ ਸਰਕਾਰਾਂ ਵਿਚ ਚੀਨ ਦੀ ਕਿਸੇ ਨਾ ਕਿਸੇ ਰੂਪ ਵਿਚ ਇਥੇ ਦਖ਼ਲਅੰਦਾਜ਼ੀ ਬਣੀ ਰਹੀ ਹੈ | ਉਸ ਨੇ ਨਿਪਾਲ ਨੂੰ  ਕਈ ਤਰ੍ਹਾਂ ਦੀਆਂ ਸਹਾਇਤਾ ਯੋਜਨਾਵਾਂ ਵੀ ਦਿੱਤੀਆਂ | ਅਜਿਹੇ ਸਮੇਂ ਕੁਝ ਸਰਹੱਦੀ ਮਸਲਿਆਂ ਨੂੰ  ਲੈ ਕੇ ਅਤੇ ਚੀਨ ਦੇ ਵਧਦੇ ਪ੍ਰਭਾਵ ਕਰਕੇ ਭਾਰਤ ਨਾਲ ਨਿਪਾਲ ਦੇ ਸੰਬੰਧਾਂ ਵਿਚ ਖਟਾਸ ਵੀ ਆਉਂਦੀ ਰਹੀ, ਪਰ ਅਜਿਹੀ ਖਟਾਸ ਇਸ ਲਈ ਬਹੁਤਾ ਸਮਾਂ ਜਾਰੀ ਨਾ ਰਹਿ ਸਕੀ, ਕਿਉਂਕਿ ਇਨ੍ਹਾਂ ਦੋਹਾਂ ਦੇਸ਼ਾਂ ਦੇ ਸੰਬੰਧ ਹਰ ਰੂਪ ਵਿਚ ਸਦੀਆਂ ਤੋਂ ਬੜੇ ਗਹਿਰੇ ਬਣੇ ਰਹੇ ਹਨ |
ਬਾਲੇਂਦਰ ਸ਼ਾਹ ਦੇੇ ਸੱਤਾ ਸੰਭਾਲਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਮੁੜ ਨੇੜਤਾ ਵਧਣ ਦੀ ਸੰਭਾਵਨਾ ਉਜਾਗਰ ਹੋਈ ਹੈ | ਅਗਸਤ ਦੇ ਮਹੀਨੇ ਵਿਚ ਨਿਪਾਲ 'ਚ ਭਿਆਨਕ ਹੜ੍ਹ ਆਏ ਸਨ, ਜਿਨ੍ਹਾਂ ਨੇ ਬਹੁਤ ਸਾਰੇ ਹਿੱਸਿਆਂ ਵਿਚ ਵੱਡੀ ਤਬਾਹੀ ਮਚਾਈ ਸੀ, ਉਸ ਸਮੇਂ ਭਾਰਤ ਨੇ ਨਿਪਾਲ ਦੀ ਹਰ ਪੱਖੋਂ ਵੱਡੀ ਸਹਾਇਤਾ ਕੀਤੀ ਸੀ, ਜਿਸ ਨਾਲ ਦੋਹਾਂ ਦੇਸ਼ਾਂ ਦਾ ਆਪਸੀ ਮਾਹੌਲ ਵੀ ਬਦਲਿਆ ਜਾਪਣ ਲੱਗਾ | ਇਸ ਕਰਕੇ ਹੁਣ ਬਾਲੇਂਦਰ ਸ਼ਾਹ ਦੀ ਸੰਖੇਪ ਯਾਤਰਾ ਨੇ ਵੀ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ  ਹੋਰ ਮਜ਼ਬੂਤੀ ਬਖ਼ਸ਼ੀ ਹੈ | ਬਾਲੇਂਦਰ ਸ਼ਾਹ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਭਾਰਤ ਅਤੇ ਨਿਪਾਲ ਦੇ ਸੰਬੰਧ ਹਿਮਾਲਾ ਦੀ ਤਰ੍ਹਾਂ ਮਜ਼ਬੂਤ ਹਨ ਅਤੇ ਮਹਾਸਾਗਰਾਂ ਦੀ ਤਰ੍ਹਾਂ ਵਿਸ਼ਾਲ ਹਨ | ਇਹ ਵੀ ਕਿ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਵਿਸ਼ਵਾਸ ਦਾ ਹਮੇਸ਼ਾ ਇਕ ਮਜ਼ਬੂਤ ਆਧਾਰ ਬਣਿਆ ਰਿਹਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਹਾਂ ਦੇਸ਼ਾਂ ਦੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਦੋਵੇਂ ਸਿਰਫ਼ ਗੁਆਂਢੀ ਦੇਸ਼ ਹੀ ਨਹੀਂ ਹਨ, ਸਗੋਂ ਇਨ੍ਹਾਂ ਦਾ ਪਰਿਵਾਰਕ ਸੰਬੰਧ ਰਿਹਾ ਹੈ | ਦੋਹਾਂ ਦੀਆਂ ਖ਼ੁਸ਼ੀਆਂ ਸਾਂਝੀਆਂ ਹਨ ਅਤੇ ਭਾਰਤ ਨੇ ਇਕ ਵੱਡੇ ਭਰਾ ਵਾਂਗ ਹਮੇਸ਼ਾ ਨਿਪਾਲ ਨਾਲ ਖੜ੍ਹੇ ਹੋਣ ਨੂੰ  ਤਰਜੀਹ ਦਿੱਤੀ ਹੈ | ਭਾਰਤ ਨੇ ਊਰਜਾ ਅਤੇ ਖਾਦ ਦੇ ਖੇਤਰ ਵਿਚ ਵੀ ਨਿਪਾਲ ਦੀ ਵੱਧ ਤੋਂ ਵੱਧ ਮਦਦ ਕਰਨ ਦਾ ਹਮੇਸ਼ਾ ਇਰਾਦਾ ਦਿਖਾਇਆ ਹੈ |
ਇਸ ਦੌਰੇ ਦੌਰਾਨ ਵੀ ਦੋਹਾਂ ਦੇਸ਼ਾਂ ਨੇ 8 ਸਮਝੌਤੇ ਕੀਤੇ ਹਨ, ਜਿਨ੍ਹਾਂ ਵਿਚ ਸਿੱਖਿਆ, ਸ਼ਹਿਰੀ ਵਿਕਾਸ, ਸਿਹਤ ਆਦਿ ਦੇ ਮਹੱਤਵਪੂਰਨ ਖੇਤਰ ਆਉਂਦੇ ਹਨ | ਇਸ ਤੋਂ ਇਲਾਵਾ ਭਾਰਤ ਨੇ ਨਿਪਾਲ ਲਈ 24000 ਕਰੋੜ ਨਿਪਾਲੀ ਰੁਪਏ (14.992.97 ਕਰੋੜ ਭਾਰਤੀ ਰੁਪਏ) ਦੇ ਵਿਕਾਸ ਤੇ ਮੁੜ ਨਿਰਮਾਣਪੈਕੇਜ ਦਾ ਵੀ ਐਲਾਨ ਕੀਤਾ ਹੈ | ਦੋਹਾਂ ਦੇਸ਼ਾਂ ਵਿਚ ਸਦੀਆਂ ਤੋਂ ਧਾਰਮਿਕ ਅਤੇ ਸਮਾਜਿਕ ਸੰਬੰਧ ਬਣੇ ਰਹੇ ਹਨ | ਇਸ ਨੂੰ  ਹੋਰ ਵੀ ਗੂੜ੍ਹੀ ਰੰਗਤ ਦੇਣ ਲਈ ਸਰਯੂ-ਕਮਲਾ ਐਕਸਪ੍ਰੈੱਸ ਰੇਲ ਗੱਡੀ ਚਲਾਈ ਜਾ ਰਹੀ ਹੈ | ਇਹ ਮੰਨਿਆ ਜਾਂਦਾ ਹੈ ਕਿ ਅਯੁੱਧਿਆ ਵਿਚ ਭਗਵਾਨ ਰਾਮ ਦਾ ਜਨਮ ਹੋਇਆ ਅਤੇ ਨਿਪਾਲ ਦੇ ਜਨਕਪੁਰ ਵਿਚ ਸੀਤਾ ਮਾਤਾ ਦਾ ਜਨਮ ਹੋਇਆ ਸੀ | ਚੱਲਣ ਵਾਲੀ ਇਸ ਨਵੀਂ ਹਫ਼ਤਾਵਾਰੀ ਰੇਲ ਗੱਡੀ ਰਾਹੀਂ ਦੋਹਾਂ ਦੇਸ਼ਾਂ ਦੇ ਇਨ੍ਹਾਂ ਧਾਰਮਿਕ ਅਸਥਾਨਾਂ ਨਾਲ ਸ਼ਰਧਾਲੂਆਂ ਨੂੰ  ਜੋੜਿਆ ਜਾਏਗਾ, ਜਿਸ ਨਾਲ ਦੋਹਾਂ ਦੇਸ਼ਾਂ ਵਿਚ ਸੰਬੰਧ ਹੋਰ ਵੀ ਮਜ਼ਬੂਤ ਹੋਣਗੇ | ਅਜਿਹੇ ਮਾਹੌਲ ਵਿਚ ਭਾਰਤ ਵਲੋਂ ਵੱਡੇ ਭਰਾ ਦਾ ਰੋਲ ਅਦਾ ਕਰਦਿਆਂ ਆਪ ਅੱਗੇ ਵਧ ਕੇ ਨਿਪਾਲ ਨਾਲ ਸੰਬੰਧਿਤ ਸਰਹੱਦੀ ਮਸਲਿਆਂ ਨੂੰ  ਸੁਲਝਾਉਣ ਦੇ ਯਤਨ ਕਰਨੇ ਚਾਹੀਦੇ ਹਨ, ਜੋ ਕਿ ਆਪਸੀ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਗੰਢਾਂ ਨੂੰ  ਹੋਰ ਵੀ ਮਜ਼ਬੂਤ ਕਰਨ ਵਿਚ ਸਹਾਈ ਹੋਣਗੇ |

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਲੋਕਾਂ ਦੀ ਖੁਸ਼ੀ ਤੇ ਸੰਤੁਸ਼ਟੀ ਹੀ ਗ਼ਰੀਬੀ ਘਟਣ ਦੀ ਗਵਾਹ ਬਣੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।