02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕੀ ਰਾਮਲੀਲ੍ਹਾ ਮੈਦਾਨ ਇਕ ਵਾਰ ਫਿਰ ਇਤਿਹਾਸਕ ਭੂਮਿਕਾ ਨਿਭਾਏਗਾ?

ਕੀ ਰਾਮਲੀਲ੍ਹਾ ਮੈਦਾਨ ਇਕ ਵਾਰ ਫਿਰ ਇਤਿਹਾਸਕ ਭੂਮਿਕਾ ਨਿਭਾਏਗਾ?

ਅਜੀਤ ਡੈਸਕ 03-11-2026

ਕੀ ਰਾਮਲੀਲ੍ਹਾ ਮੈਦਾਨ ਇਕ ਵਾਰ ਫਿਰ ਇਤਿਹਾਸਕ ਭੂਮਿਕਾ ਨਿਭਾਉਣ ਲਈ ਤਿਆਰ ਹੈ? ਕੀ ਵਿਰੋਧੀ ਧਿਰ ਦੀ ਰੈਲੀ ਨੇ ਇਕ ਵਾਰ ਫਿਰ ਭਾਰਤ 'ਚ ਸੱਤਾ ਤਬਦੀਲੀ ਦੀ ਲਹਿਰ ਪੈਦਾ ਕਰ ਦਿੱਤੀ ਹੈ? ਕੀ ਰਾਹੁਲ ਗਾਂਧੀ ਦੀ ਅਗਵਾਈ ਵਿਚ ਦਿੱਲੀ ਆਈ ਭੀੜ ਨੇ ਐਲਾਨ ਕਰ ਦਿੱਤਾ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਜਾਣ ਦਾ ਸਮਾਂ ਆ ਗਿਆ ਹੈ? ਕੀ ਮੋਦੀ ਤੇ ਸ਼ਾਹ ਸੱਚਮੁੱਚ ਧਾਂਦਲੀ ਕਰਕੇ ਚੋਣਾਂ ਜਿੱਤ ਰਹੇ ਸਨ? ਇਹ ਕੁਝ ਸਵਾਲ ਹਨ ਜਿਨ੍ਹਾਂ ਦੇ ਜਵਾਬ ਦੇਸ਼ ਮੰਗ ਰਿਹਾ ਹੈ | ਰਾਮਲੀਲ੍ਹਾ ਮੈਦਾਨ ਦੇਸ਼ 'ਚ ਤਬਦੀਲੀ ਦਾ ਪ੍ਰਤੀਕ ਰਿਹਾ ਹੈ | ਭਾਵੇਂ ਇਹ 1975 'ਚ ਜੇ.ਪੀ. ਦੀ ਰੈਲੀ ਹੋਵੇ, ਜਿਸ ਨੇ ਇੰਦਰਾ ਗਾਂਧੀ ਦੀ ਸਰਕਾਰ ਨੂੰ  ਉਖਾੜ ਸੁੱਟਿਆ ਸੀ ਜਾਂ ਅੰਨਾ ਦਾ ਅੰਦੋਲਨ ਹੋਵੇ, ਜਿਸ ਨੇ ਮਨਮੋਹਨ ਸਿੰਘ ਦੀ ਸਰਕਾਰ ਦੇ ਜਾਣ ਦਾ ਰਾਹ ਪੱਧਰਾ ਕੀਤਾ ਸੀ | ਹੁਣ ਸਮੁੱਚੀ ਵਿਰੋਧੀ ਧਿਰ ਉਸੇ ਰਾਮਲੀਲ੍ਹਾ ਮੈਦਾਨ 'ਚ ਮੋਦੀ ਸਰਕਾਰ ਦੇ ਖ਼ਿਲਾਫ਼  ਇਕੱਠੀ ਹੋ ਗਈ ਹੈ | ਅਜਿਹੀ ਸਥਿਤੀ 'ਚ ਉੱਪਰ ਪੁੱਛੇ ਗਏ ਸਵਾਲ ਮਹੱਤਵਪੂਰਨ ਹਨ ਤੇ ਰਾਹੁਲ ਗਾਂਧੀ ਦਾ ਕਹਿਣਾ ਠੀਕ ਲਗਦਾ ਹੈ ਕਿ ਮੋਦੀ ਤੇ ਸ਼ਾਹ ਨੂੰ  ਰਾਤ ਨੂੰ  ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਹੋਵੇਗੀ |

ਰਾਮਲੀਲ੍ਹਾ ਮੈਦਾਨ ਦੀ ਰੈਲੀ ਨੇ 3 ਗੱਲਾਂ ਦੀ ਪੁਸ਼ਟੀ ਕਰ ਦਿੱਤੀ ਹੈ | ਪਹਿਲੀ ਕਾਂਗਰਸ ਪਾਰਟੀ 'ਚ ਇਕ ਨਵੀਂ ਊਰਜਾ ਭਰ ਗਈ ਹੈ, ਜਿਸ ਪਾਰਟੀ ਨੂੰ  ਕਦੇ ਮਰ ਰਹੀ ਸਮਝਿਆ ਜਾਣ ਲੱਗਾ ਸੀ | ਕਾਂਗਰਸ ਦਾ ਕੇਡਰ ਨਵੇਂ ਸਿਰੇ ਤੋਂ ਉੱਠ ਖੜਿ੍ਹਆ ਹੈ ਤੇ ਜਿਹੜੇ ਲੋਕ ਸੜਕਾਂ 'ਤੇ ਉਤਰਨਾ ਭੁੱਲ ਗਏ ਸਨ ਉਹ ਆਪਣੀ ਪਾਰਟੀ ਤੇ ਨੇਤਾ ਲਈ ਲੜਨ ਲਈ ਤਿਆਰ ਹੋ ਰਹੇ ਹਨ | ਉਹ ਲਾਠੀਆਂ ਖਾ ਰਹੇ ਹਨ ਤੇ ਜੇਲ੍ਹ ਜਾਣ ਦਾ ਡਰ ਉਨ੍ਹਾਂ ਦੇ ਮਨ 'ਚੋਂ ਨਿਕਲ ਗਿਆ ਹੈ | ਕਾਂਗਰਸੀ ਵਰਕਰ ਪਿਛਲੇ ਇਕ ਮਹੀਨੇ ਦੌਰਾਨ ਦੋ ਵਾਰ ਸੜਕਾਂ 'ਤੇ ਉਤਰੇ ਹਨ, ਉਨ੍ਹਾਂ ਪਹਿਲਾਂ 12 ਅਕਤੂਬਰ ਨੂੰ  ਬਾਰਾਖੰਭਾ ਰੋਡ ਤੋਂ ਸੁਪਰੀਮ ਕੋਰਟ ਤੱਕ ਮਾਰਚ ਕੀਤਾ ਅਤੇ ਹੁਣ ਉਹ ਰਾਮਲੀਲ੍ਹਾ ਮੈਦਾਨ 'ਚ ਇੱਕਠੇ ਹੋਏ ਹਨ | ਦੋਵੇਂ ਵਾਰ ਇੱਕਠੀ ਹੋਈ ਭਾਰੀ ਭੀੜ ਕਾਰਨ ਸਰਕਾਰ ਦੀ ਨੀਂਦ ਉਡ ਗਈ ਹੈ | ਦੂਜਾ ਰਾਮਲੀਲ੍ਹਾ ਮੈਦਾਨ ਨੇ ਹੁਣ ਸਾਬਤ ਕਰ ਦਿੱਤਾ ਹੈ ਕਿ ਰਾਹੁਲ ਗਾਂਧੀ ਇਕੋ-ਇਕ ਵਿਰੋਧੀ ਧਿਰ ਦੇ ਨੇਤਾ ਹਨ, ਜਿਨ੍ਹਾਂ ਨੂੰ  ਕਿਸੇ ਤੋਂ ਕੋਈ ਚੁਣੌਤੀ ਨਹੀਂ ਹੈ | ਰਾਹੁਲ ਨੂੰ  'ਭਾਰਤ ਜੋੜੋ ਯਾਤਰਾ' ਤੋਂ ਬਾਅਦ ਜੋ ਕਾਮਯਾਬੀ ਮਿਲੀ ਸੀ, ਉਹ ਲਗਾਤਾਰ ਉਸ ਨੂੰ  ਅੱਗੇ ਵਧਾ ਰਹੇ ਹਨ | 
ਭਾਵੇਂ ਸ੍ਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਦੇ ਪਹਿਲੇ ਦਿਨ ਤੋਂ ਹੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਰਾਹੁਲ ਗਾਂਧੀ ਇਕ ਨੇਤਾ ਵਜੋਂ ਉੱਭਰ ਨਾ ਸਕੇ ਤੇ ਉਹ ਕਾਫ਼ੀ ਹੱਦ ਤੱਕ ਇਸ 'ਚ ਸਫਲ ਵੀ ਹੋਏ | ਦੇਸ਼ 'ਚ ਰਾਹੁਲ ਨੂੰ  'ਪੱਪੂ' ਸਾਬਤ ਕਰਨ ਲਈ ਹਰ ਹੀਲਾ ਵਰਤਿਆ ਗਿਆ ਤੇ ਲੋਕ ਉਨ੍ਹਾਂ ਦਾ ਨਾਮ ਲੈਣ 'ਤੇ ਨੱਕ-ਬੁੱਲ੍ਹ ਸਕੋੜਦੇ ਸਨ | ਪਰ ਹੁਣ ਪੂਰੀ ਵਿਰੋਧੀ ਧਿਰ ਨੂੰ  ਰਾਹੁਲ 'ਚ ਭਵਿੱਖ ਦਿਖਾਈ ਦਿੰਦਾ ਹੈ, ਇਹ ਕੋਈ ਮਾਮੂਲੀ ਗੱਲ ਨਹੀਂ ਹੈ | ਭਾਰਤ ਦੇ ਇਤਿਹਾਸ 'ਚ ਕਿਸੇ ਵੀ ਸਿਆਸਤਦਾਨ ਨੇ ਰਾਹੁਲ ਗਾਂਧੀ ਜਿੰਨੀ ਬੇਇੱਜ਼ਤੀ ਦਾ ਸਾਹਮਣਾ ਨਹੀਂ ਕੀਤਾ ਹੋਵੇਗਾ | ਵਿਰੋਧੀ ਧਿਰ ਦੇ ਬਹੁਤੇ ਆਗੂ ਰਾਹੁਲ ਗਾਂਧੀ ਨੂੰ  ਆਪਣਾ ਨੇਤਾ ਮੰਨਣ ਲਈ ਤਿਆਰ ਨਹੀਂ ਸਨ | ਪਰ ਜਦੋਂ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਬਣ ਗਏ ਹਨ ਤਾਂ ਇਨ੍ਹਾਂ  ਆਗੂਆਂ ਕੋਲ ਉਸ ਨੂੰ  ਆਪਣਾ ਨੇਤਾ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ | ਉਹ ਇਕਲੌਤਾ ਨੇਤਾ ਹੈ, ਜਿਸ ਨੇ ਸਰਕਾਰ ਨਾਲ ਆਹਮੋ-ਸਾਹਮਣੇ ਹੋ ਕੇ ਗੱਲ ਕਰਦਿਆਂ ਲਗਾਤਾਰ ਆਪਣੇ ਹਮਲਾਵਰ ਰੁਖ ਨਾਲ  ਸਰਕਾਰ ਨੂੰ  ਚੁਣੌਤੀ ਦਿੱਤੀ ਹੈ | ਅੱਜ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਹੈ ਕਿ ਉਨ੍ਹਾਂ ਨੂੰ  ਸਮਝ ਨਹੀਂ ਆ ਰਹੀ ਕਿ ਰਾਹੁਲ ਗਾਂਧੀ ਨਾਲ ਕਿਵੇਂ ਨਜਿੱਠਣਾ ਹੈ?
ਰਾਹੁਲ ਗਾਂਧੀ ਦੀ ਕਾਮਯਾਬੀ 'ਭਾਰਤ ਜੋੜੋ' ਮੁਹਿੰਮ ਨਾਲ ਸ਼ੁਰੂ ਹੋਈ ਹੈ, ਉਹ ਚੰਦਰਸ਼ੇਖਰ ਤੋਂ ਬਾਅਦ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਯਾਤਰਾ ਕਰਨ ਵਾਲੇ ਇਕਲੌਤੇ ਆਗੂ ਹਨ | ਇਸ ਤੋਂ ਬਾਅਦ ਉਨ੍ਹਾਂ ਨੂੰ  ਗੁਹਾਟੀ ਤੋਂ ਗੁਜਰਾਤ ਤੱਕ ਦੀ ਯਾਤਰਾ ਦੌਰਾਨ ਸਮਝ ਆ ਗਿਆ ਕਿ ਲੋਕਾਂ 'ਚ ਮੋਦੀ ਸਰਕਾਰ ਨੂੰ  ਲੈ ਕੇ ਇਕ ਬੇਚੈਨੀ ਹੈ | ਉਨ੍ਹਾਂ ਮਹਿਸੂਸ ਕੀਤਾ ਕਿ ਲੋਕਾਂ ਦੇ ਮੁੱਦਿਆਂ ਨੂੰ  ਸੁਹਿਰਦਤਾ ਨਾਲ ਉਠਾਉਣ ਦੀ ਲੋੜ ਹੈ | ਜੇਕਰ ਲੋਕਾਂ ਨੂੰ  ਕਿਸੇ ਨੇਤਾ ਦੀ ਇਮਾਨਦਾਰੀ 'ਤੇ ਭਰੋਸਾ ਹੋ ਜਾਵੇ ਤਾਂ ਉਹ ਆਪਣੇ ਆਪ ਹੀ ਲਾਮਬੰਦ ਹੋਣ ਲੱਗ ਪੈਂਦੇ ਹਨ | ਰਾਹੁਲ ਨੇ ਆਪਣੀ ਯਾਤਰਾ ਤੋਂ ਬਾਅਦ ਸੰਵਿਧਾਨ ਤੇ ਲੋਕਤੰਤਰ ਨੂੰ  ਬਚਾਉਣ ਲਈ ਸ਼ੁਰੂ ਕੀਤੀ ਲੜਾਈ ਦੌਰਾਨ ਜੋ ਹਮਲਾਵਰ ਰੁਖ਼ ਦਿਖਾਇਆ ਸੀ, ਉਸ 'ਤੇ ਲੋਕਾਂ ਦਾ ਭਰੋਸਾ ਬੱਝ ਗਿਆ ਸੀ | 2024 ਦੇ ਚੋਣ ਨਤੀਜੇ ਇਸ ਦਾ ਪੁਖਤਾ ਸਬੂਤ ਹਨ | ਭਾਜਪਾ, ਸਰਕਾਰ ਤੇ ਸੰਘ ਪਰਿਵਾਰ ਨੂੰ  ਅਹਿਸਾਸ ਹੋਇਆ ਕਿ ਜੇਕਰ ਉਨ੍ਹਾਂ ਆਪਣੀਆਂ ਗਲਤੀਆਂ ਨੂੰ  ਸਮੇਂ ਸਿਰ ਨਾ ਸੁਧਾਰਿਆ ਤਾਂ ਅੱਗੇ ਦਾ ਰਸਤਾ ਬਹੁਤ ਮੁਸ਼ਕਿਲ ਹੋ ਜਾਵੇਗਾ | ਰਾਹੁਲ ਦੀ ਨਜ਼ਰ 'ਚ ਚੋਣ ਕਮਿਸ਼ਨਰ ਦੀ ਰੱਖਿਆ ਲਈ ਕਾਨੂੰਨ 'ਚ ਬਦਲਾਅ ਕਰਨ ਦੇ ਨਾਲ-ਨਾਲ ਹੁਣ ਗਿਆਨੇਸ਼ ਕੁਮਾਰ ਨੂੰ  ਕਿਸੇ ਵੀ ਤਰੀਕੇ ਨਾਲ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਦੋਂ ਰਾਹੁਲ ਨੇ ਸ਼ੁਰੂ ਵਿਚ ਵੋਟ ਚੋਰੀ ਦਾ ਮੁੱਦਾ ਉਠਾਇਆ ਸੀ ਤਾਂ ਬਹੁਤੇ ਲੋਕਾਂ ਨੂੰ  ਵਿਸ਼ਵਾਸ ਨਾ ਹੋਇਆ, ਪਰ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਤੋਂ ਬਾਅਦ ਲੋਕਾਂ ਨੂੰ  ਇਸ 'ਚ ਕੋਈ ਸ਼ੱਕ ਨਹੀਂ ਰਹਿ ਗਿਆ | ਵਿਰੋਧੀ ਧਿਰ ਦੇ ਆਗੂਆਂ ਦਾ ਰਾਹੁਲ 'ਤੇ ਵਿਸ਼ਵਾਸ ਕਰਨਾ ਰਾਹੁਲ ਦੀ ਵੱਡੀ ਜਿੱਤ ਹੈ |
ਤੀਜਾ 2014 ਤੋਂ ਬਾਅਦ ਪਹਿਲੀ ਵਾਰ ਮੋਦੀ ਸਰਕਾਰ ਭਾਰੀ ਦਬਾਅ ਹੇਠ ਹੈ, ਮੋਦੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ | 2014 ਤੋਂ 2024 ਤੱਕ ਉਨ੍ਹਾਂ ਦਾ ਰਾਜਨੀਤਿਕ ਸਫ਼ਰ ਬਹੁਤ ਸੁਚਾਰੂ ਸੀ ਤੇ ਉਨ੍ਹਾਂ ਨੂੰ  ਅਜੇਤੂ  ਮੰਨਿਆ ਜਾਂਦਾ ਸੀ | ਮੋਦੀ ਨੂੰ  ਲਗਦਾ ਸੀ ਕਿ ਉਸ ਦੇ ਸਾਹਮਣੇ ਕੋਈ ਚੁਣੌਤੀ ਨਹੀਂ ਹੈ, ਪਰ 2024 ਦੀਆਂ ਚੋਣਾਂ ਨੇ ਉਨ੍ਹਾਂ ਦਾ ਅਜਿਹਾ ਭਰਮ ਤੋੜਿਆ ਕਿ ਉਸ ਤੋਂ ਬਾਅਦ ਉਹ ਸੰਭਲ ਨਹੀਂ ਸਕੇ |
ਮੋਦੀ ਦੇ ਬਾਰੇ ਮਸ਼ਹੂਰ ਸੀ ਕਿ ਬਿਰਤਾਂਤ (ਨੈਰੇਟਿਵ) ਘੜਨ ਵਿਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ | ਪਰ ਹੁਣ ਉਹ ਇਸ ਕਲਾ ਵਿਚ ਲਗਾਤਾਰ ਅਸਫਲ ਹੋ ਰਹੇ ਹਨ ਅਤੇ ਉਨ੍ਹਾਂ ਦਾ ਮਿੱਤਰ ਮੀਡੀਆ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਪਾ ਰਿਹਾ ਹੈ | ਮੋਦੀ ਤੇ ਉਨ੍ਹਾਂ ਦੀ ਪਾਰਟੀ ਲਗਾਤਾਰ ਬਚਾਅ ਦੀ ਮੁਦਰਾ 'ਚ ਹਨ | ਰਾਮਲੀਲ੍ਹਾ ਮੈਦਾਨ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਨੂੰ  'ਵਿਦੇਸ਼ੀ ਸਾਜਿਸ਼' ਕਹਿਣ ਦੀ ਰਣਨੀਤੀ ਬਹੁਤ ਕਮਜ਼ੋਰ ਹੋ ਗਈ ਹੈ, ਅਤੇ 1 ਨਵੰਬਰ ਦੀ ਰੈਲੀ ਨੂੰ  ਸਿੱਖ ਦੰਗਿਆਂ ਨਾਲ ਜੋੜਨ ਦੀ ਕੋਸ਼ਿਸ਼ ਨਾਲ ਵੀ ਗੱਲ ਨਹੀਂ ਬਣੇਗੀ | ਜਿਸ  ਸਰਕਾਰ ਨੇ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਨੂੰ  ਭਾਰੀ ਪੁਲਿਸ ਬਲ ਦੀ ਮਦਦ ਨਾਲ ਦਬਾਇਆ ਸੀ, ਉਹ ਰਾਮਲੀਲ੍ਹਾ ਮੈਦਾਨ 'ਚ ਭੀੜ ਨੂੰ  ਆਉਣ ਤੋਂ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ, ਅਸਮਰੱਥ ਤੇ ਬੇਵੱਸ ਸਾਬਤ ਹੋਈ ਹੈ | ਇਹ ਮੋਦੀ ਤੇ ਸ਼ਾਹ ਦੀ  ਨਿੱਜੀ ਹਾਰ ਹੈ |
  ਇਸ ਦੌਰਾਨ ਚੌਥੀ ਗੱਲ ਇਹ ਹੋਈ ਕਿ ਵਿਰੋਧੀ ਧਿਰ ਦੀ ਏਕਤਾ ਨੂੰ  ਲੈ ਕੇ ਮੋਦੀ ਦੇ ਮਿੱਤਰ ਮੀਡੀਆ ਵਲੋਂ ਉਠਾਏ ਜਾਂਦੇ ਸਵਾਲਾਂ ਦਾ ਭਰਮ ਵੀ ਟੁੱਟ ਗਿਆ ਹੈ | ਅਖਿਲੇਸ਼ ਤੇ ਰਾਹੁਲ ਗਾਂਧੀ ਵਿਚਕਾਰ ਮਤਭੇਦਾਂ ਨੂੰ  ਜਾਣਬੁੱਝ ਕੇ ਵਧਾਅ-ਚੜ੍ਹਾਅ ਕੇ ਪੇਸ਼ ਕੀਤਾ ਜਾਂਦਾ ਰਿਹਾ, ਪਰ ਰਾਹੁਲ ਤੇ ਅਖਿਲੇਸ਼ ਦੀ ਇਕੋ ਟਰੱਕ 'ਤੇ ਇਕੱਠੇ ਬੈਠਿਆਂ ਦੀ ਤਸਵੀਰ ਨੇ ਉਨ੍ਹਾਂ ਦੇ ਝੂਠ ਨੂੰ  ਬੇਨਕਾਬ ਕਰ ਦਿੱਤਾ ਹੈ | ਇੱਥੋਂ ਇਹ ਲੜਾਈ ਹੁਣ ਨਿਰਣਾਇਕ ਪੜਾਅ 'ਤੇ ਪਹੁੰਚ ਰਹੀ ਹੈ | ਹੁਣ ਇਹ ਦੇਖਣਾ  ਬਾਕੀ ਹੈ ਕਿ ਗਿਆਨੇਸ਼ ਕੁਮਾਰ ਕਦੋਂ ਅਸਤੀਫਾ ਦਿੰਦੇ ਹਨ ਜਾਂ ਹਟਾਏ ਜਾਂਦੇ ਹਨ, ਕਿਉਂਕਿ ਉਸ ਦਾ ਅਹੁਦੇ 'ਤੇ ਬਣੇ ਰਹਿਣਾ ਮੋਦੀ ਸਰਕਾਰ ਦੇ ਹਿੱਤ 'ਚ ਨਹੀਂ ਹੈ | ਲੋਕਾਂ ਦੇ ਮਨਾਂ 'ਚ ਇਹ ਸਵਾਲ ਡੂੰਘਾ ਬੈਠਦਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਦੀ ਉਸ ਦਾ ਬਚਾਅ ਕਰਨ ਲਈ ਕਿਹੜੀ ਮਜਬੂਰੀ ਹੈ? ਚੋਣਾਂ 'ਚ ਧਾਂਦਲੀ ਹੋਣ ਬਾਰੇ ਸ਼ੱਕ ਹੋਰ ਵੀ ਮਜ਼ਬੂਤ ਹੁੰਦਾ ਜਾ ਰਿਹਾ ਹੈ | 
ਰੋਜ਼ਾਨਾ ਅਖ਼ਬਾਰਾਂ 'ਚ ਐਸ.ਆਈ.ਆਰ. ਬਾਰੇ ਛਪਦੀਆਂ ਖ਼ਬਰਾਂ ਲੋਕਾਂ ਦੇ ਸ਼ੱਕ ਨੂੰ  ਹੋਰ ਮਜ਼ਬੂਤ ਕਰ ਰਹੀਆਂ ਹਨ | ਅਜਿਹੀ ਸਥਿਤੀ 'ਚ ਗਿਆਨੇਸ਼ ਦਾ ਕੁਰਸੀ 'ਤੇ ਬਣੇ ਰਹਿਣਾ ਮੋਦੀ ਸਰਕਾਰ ਲਈ ਖ਼ਤਰਨਾਕ ਹੈ | ਪਰ ਉਹ ਇਹ ਵੀ ਜਾਣਦੇ ਹਨ ਕਿ ਜੇਕਰ ਗਿਆਨੇਸ਼ ਚਲੇ ਜਾਂਦੇ ਹਨ ਤਾਂ ਰਾਹੁਲ ਦੇ ਨਿਸ਼ਾਨੇ 'ਤੇ ਸਿੱਧੇ ਮੋਦੀ ਤੇ ਸ਼ਾਹ ਹੋਣਗੇ | ਕੀ ਮੋਦੀ ਸਰਕਾਰ ਤੇ ਸੰਘ ਪਰਿਵਾਰ ਇਸ ਸਥਿਤੀ ਦਾ ਸਾਹਮਣਾ ਕਰ ਸਕਣਗੇ?

ashutosh83b0gmail.com

ਪਿਛਲੀ ਖ਼ਬਰ 'ਵੋਟ ਬਚਾਓ-ਦੇਸ਼ ਬਚਾਓ' ਅਗਲੀ ਖ਼ਬਰ ਪੰਜਾਬ ਦੀ ਖੇਤੀ 'ਤੇ ਇਕ ਝਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।