12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਾਈਕਲ ਨਾਲ ਜੁੜਿਆ ਵਿਗਿਆਨ

ਸਾਈਕਲ ਨਾਲ ਜੁੜਿਆ ਵਿਗਿਆਨ

ਅਜੀਤ ਡੈਸਕ 12-09-2026

ਪਿਆਰੇ ਬੱਚਿਓ! ਤੁਸੀਂ ਸਾਰਿਆਂ ਨੇ ਸਾਈਕਲ ਜ਼ਰੂਰ ਚਲਾਇਆ ਹੋਵੇਗਾ | ਤੁਸੀਂ ਇਸ ਵਿਚ ਲੱਗੇ ਵੱਖ-ਵੱਖ ਪੁਰਜੇ ਵੀ ਵੇਖੇ ਹੋਣਗੇ | ਅੱਜ ਆਪਾਂ ਇਸ ਸਾਈਕਲ ਵਿਚ ਛੁਪੇ ਵਿਗਿਆਨ ਦੇ ਵੱਖ-ਵੱਖ ਸਿਧਾਂਤਾਂ ਬਾਰੇ ਗੱਲ ਕਰਾਂਗੇ | ਸਾਈਕਲ ਦੀ ਪਹਿਲੀ ਵਾਰ ਖੋਜ ਜਰਮਨੀ ਦੇਸ਼ ਦੇ ਖੋਜਕਰਤਾ ਕਾਰਲ ਵਾੱਨ ਡਰੈਸ ਨੇ ਸੰਨ 1817 ਵਿਚ ਕੱਢੀ ਸੀ | ਇਸ ਵਿਚ ਪੈਡਲ ਨਹੀਂ ਸਨ ਅਤੇ ਇਸ ਦਾ ਢਾਂਚਾ ਲੱਕੜੀ ਦੇ ਬੀਮ ਦਾ ਬਣਿਆ ਸੀ | 

ਸਾਈਕਲ ਦੀ ਵਰਤੋਂ ਕਈ ਕੰਮਾਂ ਲਈ ਕੀਤੀ ਜਾਂਦੀ ਹੈ, ਜਿਵੇਂ ਰੋਜ਼ਾਨਾ ਆਵਾਜਾਈ, ਸਿਹਤ ਅਤੇ ਤੰਦਰੁਸਤੀ, ਮਨੋਰੰਜਨ ਅਤੇ ਖੇਡਾਂ, ਸਾਈਕਲ ਰੈਲੀ, ਯਾਤਰਾ, ਟਰੈਕ ਰੇਸ, ਕੋਰੀਅਰ, ਡਾਕ ਆਦਿ ਸਾਮਾਨ ਦੀ ਡਿਲਿਵਰੀ | ਰੋਜ਼ਾਨਾ ਸਾਈਕਲ ਚਲਾਉਣ ਨਾਲ ਵਿਅਕਤੀ ਮੋਟਾਪਾ, ਸ਼ੂਗਰ, ਗਠੀਆ ਆਦਿ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ | ਤੰਦਰੁਸਤੀ ਬਰਕਰਾਰ ਰੱਖਣ ਲਈ ਸਾਈਕਲ ਵਰਜਿਸ਼ ਦਾ ਬਹੁਤ ਵਧੀਆ ਢੰਗ ਹੈ | ਸਾਈਕਲ ਵਾਤਾਵਰਨ-ਮਿੱਤਰ ਹੈ, ਪੈਟਰੋਲ-ਡੀਜ਼ਲ ਦੀ ਬੱਚਤ ਹੁੰਦੀ ਹੈ | ਸਾਈਕਲ ਕੋਈ ਗਰੀਨ-ਹਾਊਸ ਗੈਸ ਨਹੀਂ ਛੱਡਦਾ | ਇਸ ਨੂੰ  ਚਲਾਉਣ ਲਈ ਸਿਰਫ ਮਨੁੱਖੀ ਸ਼ਕਤੀ ਦੀ ਵਰਤੋਂ ਹੁੰਦੀ ਹੈ | ਮੋਟਰਸਾਈਕਲਾਂ ਨਾਲੋਂ ਸਾਈਕਲ ਬਹੁਤ ਸਸਤੇ ਹੁੰਦੇ ਹਨ | 
ਸਾਈਕਲ ਵਿਚ ਦੋ ਪਹੀਏ ਹੁੰਦੇ ਹਨ | ਇਸ ਨੂੰ  ਪੈਰਾਂ ਨਾਲ ਚਲਾਇਆ ਜਾਂਦਾ ਹੈ | ਦੋ ਪਹੀਆਂ ਕਰ ਕੇ ਇਸ ਨੂੰ  'ਬਾਈਸਾਈਕਲ' (ਬਾਈ ਮਤਲਬ ਦੋ, ਸਾਈਕਲ ਯਾਨੀ ਚੱਕਰ ਜਾਂ ਪਹੀਆ) ਵੀ ਕਿਹਾ ਜਾਂਦਾ ਹੈ | ਇਕ ਪਹੀਏ ਵਾਲੇ ਸਾਈਕਲ ਨੂੰ  ਯੁਨੀਸਾਈਕਲ, ਦੋ ਵਾਲੇ ਨੂੰ  ਬਾਈਸਾਈਕਲ ਅਤੇ ਤਿੰਨ ਪਹੀਏ ਵਾਲੇ ਸਾਈਕਲ ਨੂੰ  ਟਰਾਈਸਾਈਕਲ ਕਹਿੰਦੇ ਹਨ | ਹਰ ਸਾਲ 3 ਜੂਨ ਨੂੰ  'ਕੌਮਾਂਤਰੀ ਸਾਈਕਲ ਦਿਵਸ' ਮਨਾਇਆ ਜਾਂਦਾ ਹੈ | ਸਾਈਕਲ ਚਲਾਉਣ ਵਾਲੇ ਵਿਅਕਤੀ ਨੂੰ  'ਸਾਈਕਲਿਸਟ' ਕਿਹਾ ਜਾਂਦਾ ਹੈ | 
ਸਾਈਕਲ ਵਿਚ ਵਧੇਰੇ ਕਰਕੇ ਭੌਤਿਕ ਵਿਗਿਆਨ, ਪਦਾਰਥ ਵਿਗਿਆਨ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ ਸਿਧਾਂਤਾਂ ਦੀ ਵਰਤੋਂ ਹੁੰਦੀ ਹੈ | ਸਾਈਕਲ ਵਿਚ ਐਕਸਲ, ਬੈਰਿੰਗ, ਘੰਟੀ, ਗੇਅਰ, ਚੇਨ, ਪੈਡਲ,ਰਿਮ, ਹੱਬ, ਸਪੋਕਸ, ਕਰਾਸਬਾਰ, ਬਰੇਕ ਹੈਂਡਲ ਆਦਿ ਮੁੱਖ ਪੁਰਜੇ ਹੁੰਦੇ ਹਨ | ਸਾਈਕਲ ਦਾ ਫਰੇਮ ਹਲਕੇ ਮਟੀਰੀਅਲ ਜਿਵੇਂ ਸਟੀਲ, ਐਲੂਮੀਨੀਅਮ, ਕਾਰਬਨ ਫਾਈਬਰ ਆਦਿ ਦਾ ਬਣਿਆ ਹੁੰਦਾ ਹੈ | ਸਾਈਕਲ ਚਲਾਉਣ ਵਾਲੇ ਦਾ ਭਾਰ ਦੋਨੋਂ ਪਹੀਆਂ 'ਤੇ ਸਹੀ ਵੰਡਿਆ ਜਾਂਦਾ ਹੈ | ਰਿਮ ਪਹੀਏ ਦੇ ਘੇਰੇ ਨੂੰ  ਬਣਾਉਂਦਾ ਹੈ, ਜਿਸ ਉਪਰ ਰਬੜ ਦਾ ਟਾਇਰ ਚੜ੍ਹਾਇਆ ਜਾਂਦਾ ਹੈ | ਪਹੀਏ ਦੇ ਕੇਂਦਰ 'ਤੇ ਹੱਬ ਹੁੰਦੀ ਹੈ ਜਿਸ ਵਿਚੋਂ ਤਾਰਾਂ (ਸਪੋਕਸ) ਨਿਕਲਦੀਆਂ ਹਨ | ਪਹੀਏ ਵਿਚ ਤਾਰਾਂ (ਸਪੋਕਸ) ਇਸ ਨੂੰ  ਮਜ਼ਬੂਤ ਅਤੇ ਹਲਕਾ ਬਣਾਉਂਦੀਆਂ ਹਨ ਅਤੇ ਹਵਾ ਰੋਧਕ ਬਲ ਨੂੰ  ਘੱਟ ਕਰਦੀਆਂ ਹਨ | ਹੱਬ ਦੇ ਅੰਦਰ ਬੈਰਿੰਗ ਹੁੰਦਾ ਹੈ, ਜੋ ਘਸਰਵੀਂ ਰਗੜ ਨੂੰ  ਘੁੰਮਣੀ ਰਗੜ ਵਿਚ ਤਬਦੀਲ ਕਰਦਾ ਹੈ | ਇਸ ਨਾਲ ਸਾਈਕਲ ਚਲਾਉਣ ਲਈ ਘੱਟ ਬਲ ਦੀ ਲੋੜ ਪੈਂਦੀ ਹੈ | ਸਾਈਕਲ ਦੀ ਚੇਨ ਗਤੀ ਨੂੰ  ਪਿਛਲੇ ਪਹੀਏ ਤੱਕ ਲਿਜਾਂਦੀ ਹੈ | 
ਜਦੋਂ ਅਸੀਂ ਸਾਈਕਲ ਦਾ ਪੈਡਲ ਮਾਰਦੇ ਹਾਂ ਤਾਂ ਸਾਡੀ ਭੋਜਨ ਵਿਚਲੀ ਊਰਜਾ ਚੱਕਰੀ ਗਤੀ ਵਿਚ ਤਬਦੀਲ ਹੋ ਜਾਂਦੀ ਹੈ | ਸਾਈਕਲ ਚਲਾਉਣ ਸਮੇਂ ਲਗਭਗ 90 ਫ਼ੀਸਦੀ ਮਨੁੱਖੀ ਊਰਜਾ ਗਤਿਜ ਊਰਜਾ ਵਿਚ ਤਬਦੀਲ ਹੁੰਦੀ ਹੈ | ਇਹ ਊਰਜਾ ਦੇ ਸੁਰੱਖਿਅਣ ਨਿਯਮ ਨੂੰ  ਦਰਸਾਉਂਦਾ ਹੈ | 
ਟਾਇਰਾਂ ਅਤੇ ਸੜਕ ਵਿਚਕਾਰ ਰਗੜ ਬਲ ਸਾਈਕਲ ਨੂੰ  ਚਲਾਉਣ ਵਿਚ ਸਹਾਈ ਹੁੰਦਾ ਹੈ | ਰਗੜ ਕਾਰਨ ਬਰੇਕ ਸ਼ੂਅ ਊਰਜਾ ਨੂੰ  ਤਾਪ ਵਿਚ ਤਬਦੀਲ ਕਰਦੇ ਹਨ ਅਤੇ ਸਾਈਕਲ ਨੂੰ  ਹੌਲੀ ਕਰਨ ਵਿਚ ਮਦਦ ਮਿਲਦੀ ਹੈ | ਜਦੋਂ ਪਿਛਲਾ ਪਹੀਆ ਘੁੰਮਦਾ ਹੈ ਤਾਂ ਸਥਿਰ ਰਗੜ ਕਾਰਨ ਸੜਕ ਨਾਲ ਪਕੜ ਬਣਾਉਂਦਾ ਹੈ ਅਤੇ ਸਾਈਕਲ ਨੂੰ  ਅੱਗੇ ਵੱਲ ਧੱਕਦਾ ਹੈ | ਟਾਇਰ 'ਚ ਪੂਰੀ ਹਵਾ ਹੋਣੀ ਜ਼ਰੂਰੀ ਹੁੰਦੀ ਹੈ | ਘੱਟ ਹਵਾ ਸੜਕ ਨਾਲ ਵੱਧ ਸੰਪਰਕ ਅਤੇ ਵੱਧ ਰੋਲਿੰਗ ਪ੍ਰਤੀਰੋਧ ਪੈਦਾ ਕਰਦੀ ਹੈ | ਟਾਇਰ ਦੀ ਘਸਾਈ ਘੱਟ ਕਰਨ ਲਈ ਇਸ ਵਿਚ ਪੂਰੀ ਹਵਾ ਭਰਨੀ ਚਾਹੀਦੀ ਹੈ | 
ਉੱਚ ਰਗੜ ਬਲ ਅਤੇ ਪਕੜ, ਬਰੇਕ, ਸਪੀਡ ਵਧਾਉਣ, ਸੁਰੱਖਿਅਤ ਮੋੜ ਕੱਟਣ, ਝਟਕੇ ਸੋਖਣ ਕਾਰਨ ਟਾਇਰ ਰਬੜ ਦੇ ਬਣਾਏ ਜਾਂਦੇ ਹਨ | 
ਖੜ੍ਹੇ ਸਾਈਕਲ ਨਾਲੋਂ ਚਲਦਾ ਸਾਈਕਲ ਵਧੇਰੇ ਸੰਤੁਲਨ 'ਚ ਰਹਿੰਦਾ ਹੈ | ਇਸ ਦਾ ਕਾਰਨ ਕੋਣੀ ਸੰਵੇਗ ਦਾ ਸੁਰੱਖਿਅਣ ਨਿਯਮ ਹੈ | 
ਹੈੱਡਲਾਈਟ ਚਲਾਉਣ ਲਈ ਸਾਈਕਲ 'ਤੇ ਡਾਇਨਮੋ ਦੀ ਵੀ ਵਰਤੋਂ ਕੀਤੀ ਜਾਂਦੀ ਹੈ | ਇਸ ਵਿਚ ਸਾਈਕਲ ਦੀ ਯੰਤਰਿਕ ਊਰਜਾ ਬਿਜਲਈ ਊਰਜਾ ਵਿਚ ਤਬਦੀਲ ਹੁੰਦੀ ਹੈ | ਸਾਈਕਲ 'ਤੇ ਲਗਾਇਆ ਰਿਫਲੈਕਟਰ ਇਸ ਉਪਰ ਪੈਂਦੀ ਰੋਸ਼ਨੀ ਨੂੰ  ਪ੍ਰਕਾਸ਼ ਦੇ ਪਰਾਵਰਤਨ ਕਾਰਨ ਸਰੋਤ ਵੱਲ ਮੋੜਦਾ ਹੈ | ਸਾਈਕਲ ਦੀ ਕਾਠੀ ਵਿਚ ਸਪਰਿੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ | ਸਪਰਿੰਗਾਂ ਦੀ ਲਚਕਤਾ ਕਾਰਨ ਸਾਈਕਲ ਚਲਾਉਣ ਵਾਲੇ ਨੂੰ  ਝਟਕੇ ਘੱਟ ਲੱਗਦੇ ਹਨ | ਸੜਕ 'ਤੇ ਪੈਦਲ ਜਾ ਰਹੇ ਲੋਕਾਂ, ਹੋਰ ਸਾਈਕਲ ਸਵਾਰਾਂ ਜਾਂ ਸੜਕ 'ਤੇ ਮੌਜੂਦ ਹੋਰ ਲੋਕਾਂ ਨੂੰ  ਸੁਚੇਤ ਕਰਨ ਲਈ ਸਾਈਕਲ 'ਤੇ ਲੱਗੀ ਘੰਟੀ ਵਜਾਈ ਜਾਂਦੀ ਹੈ | ਜਦੋਂ ਅਸੀਂ ਅੰਗੂਠੇ ਨਾਲ ਸਾਈਕਲ ਦੀ ਘੰਟੀ ਦਾ ਲੀਵਰ ਦਬਾਉਂਦੇ ਹਾਂ ਤਾਂ ਇਸ ਵਿਚ ਧਾਤੂ ਦੇ ਡਿਸਕ ਦੇ ਘੁੰਮਣ ਕਾਰਨ ਧੁਨੀ ਪੈਦਾ ਹੁੰਦੀ ਹੈ | 
-ਮੋਬਾਈਲ : 98145-92534

ਪਿਛਲੀ ਖ਼ਬਰ ਵੱਖ-ਵੱਖ ਰਾਜਾਂ ਦੇ ਹਾਈ ਕੋਰਟ ਤੇ ਉਨ੍ਹਾਂ ਦੇ ਮੁੱਖ ਜੱਜ ਅਗਲੀ ਖ਼ਬਰ ਸੰਤ ਬਾਬਾ ਪਾਲਾ ਸਿੰਘ ਗਊਆਂ ਵਾਲਿਆਂ ਦੀ ਯਾਦ ਨੂੰ ਸਮਰਪਿਤ 8ਵਾਂ ਗੋਲਡ ਕਬੱਡੀ ਕੱਪ ਕਰਵਾਇਆ ਬਾਬਾ ਜੋਗਾ ਸਿੰਘ, ਬਾਬਾ ਗੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।