02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਅਸੰਭਵ ਨੂੰ ਸੰਭਵ ਬਣਾਉਣ ਵਾਲਾ ਪਹਾੜੀ ਯੋਧਾ ਨਿਮਸ ਪੁਰਜਾ

ਅਸੰਭਵ ਨੂੰ ਸੰਭਵ ਬਣਾਉਣ ਵਾਲਾ ਪਹਾੜੀ ਯੋਧਾ ਨਿਮਸ ਪੁਰਜਾ

ਅਜੀਤ ਡੈਸਕ 01-09-2026

 

ਕੁਝ ਖਿਡਾਰੀ ਮੈਦਾਨ 'ਚ ਰਿਕਾਰਡ ਬਣਾਉਂਦੇ ਹਨ, ਕੁਝ ਆਪਣੀ ਖੇਡ ਨਾਲ ਇਤਿਹਾਸ ਲਿਖਦੇ ਹਨ ਅਤੇ ਕੁਝ ਅਜਿਹੇ ਹੁੰਦੇ ਹਨ, ਜੋ ਮਨੁੱਖੀ ਸਮਰੱਥਾ ਦੀਆਂ ਹੱਦਾਂ ਨੂੰ  ਹੀ ਚੁਣੌਤੀ ਦੇ ਦਿੰਦੇ ਹਨ | ਨਿਰਮਲ 'ਨਿਮਸ' ਪੁਰਜਾ ਅਜਿਹਾ ਹੀ ਇਕ ਨਾਂਅ ਹੈ, ਜਿਸ ਨੇ ਦੁਨੀਆ ਦੇ ਸਭ ਤੋਂ ਉੱਚੇ ਪਹਾੜਾਂ ਨੂੰ  ਆਪਣੀ ਹਿੰਮਤ, ਅਨੁਸ਼ਾਸਨ ਤੇ ਅਟਲ ਇਰਾਦਿਆਂ ਨਾਲ ਜਿੱਤ ਕੇ ਪਰਬਤਾਰੋਹਣ ਨੂੰ  ਨਵਾਂ ਅਰਥ ਦਿੱਤਾ ਹੈ | ਨਿਪਾਲ ਵਿਚ ਜਨਮੇ ਤੇ ਬਾਅਦ 'ਚ ਬਿ੍ਟਿਸ਼ ਨਾਗਰਿਕਤਾ ਹਾਸਿਲ ਕਰਨ ਵਾਲੇ ਪੁਰਜਾ ਨੂੰ  ਦੁਨੀਆ ਭਰ ਵਿਚ 'ਨਿਮਸ ਦਾਈ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ | ਬਿ੍ਟਿਸ਼ ਗੁਰਖਾ ਤੇ ਬਾਅਦ 'ਚ ਰਾਇਲ ਨੇਵੀ ਦੀ ਸਪੈਸ਼ਲ ਬੋਟ ਸਰਵਿਸ ਵਿਚ ਸੇਵਾ ਕਰਨ ਪਿੱਛੋਂ ਉਨ੍ਹਾਂ ਨੇ ਪਰਬਤਾਰੋਹਣ ਨੂੰ  ਆਪਣਾ ਪੂਰਾ ਸਮਾਂ ਸਮਰਪਿਤ ਕੀਤਾ | ਉਨ੍ਹਾਂ ਦੇ ਫ਼Ïਜੀ ਪਿਛੋਕੜ ਨੇ ਉਨ੍ਹਾਂ 'ਚ ਅਨੁਸ਼ਾਸਨ, ਫਿਟਨੈੱਸ, ਫ਼ੈਸਲਾ ਲੈਣ ਦੀ ਸਮਰੱਥਾ ਅਤੇ ਮੁਸ਼ਕਿਲ ਹਾਲਾਤ ਵਿਚ ਹੌਸਲਾ ਕਾਇਮ ਰੱਖਣ ਦੀ ਤਾਕਤ ਪੈਦਾ ਕੀਤੀ |
2019 ਵਿਚ ਉਨ੍ਹਾਂ ਨੇ ਦੁਨੀਆ ਨੂੰ  ਹੈਰਾਨ ਕਰ ਦੇਣ ਵਾਲਾ ਆਪਣਾ 'ਪ੍ਰੋਜੈਕਟ ਪਾਸਿਬਲ' ਸ਼ੁਰੂ ਕੀਤਾ | ਉਦੇਸ਼ ਸੀ ਦੁਨੀਆ ਦੀਆਂ 8,000 ਮੀਟਰ ਤੋਂ ਉੱਚੀਆਂ ਸਾਰੀਆਂ 14 ਚੋਟੀਆਂ ਨੂੰ  ਰਿਕਾਰਡ ਸਮੇਂ 'ਚ ਸਰ ਕਰਨਾ | 23 ਅਪ੍ਰੈਲ 2019 ਨੂੰ  ਅੰਨਾਪੂਰਨਾ ਤੋਂ ਸ਼ੁਰੂ ਹੋਇਆ ਇਹ ਅਭਿਆਨ 29 ਅਕਤੂਬਰ 2019 ਨੂੰ  ਸ਼ਿਸ਼ਾਪਾਂਗਮਾ ਦੀ ਚੋਟੀ 'ਤੇ ਪਹੁੰਚ ਕੇ ਪੂਰਾ ਹੋਇਆ | ਉਸ ਸਮੇਂ ਇਹ ਦੁਨੀਆ ਦਾ ਸਭ ਤੋਂ ਤੇਜ਼ ਚੋਟੀਆਂ ਫ਼ਤਹਿ ਕਰਨ ਦਾ ਰਿਕਾਰਡ ਸੀ | ਉਨ੍ਹਾਂ ਨੇ ਇਸ ਮੁਹਿੰਮ ਦਾ ਨਾਂਅ ਹੀ 'ਪ੍ਰੋਜੈਕਟ ਪਾਸਿਬਲ' ਇਸ ਸੋਚ ਨਾਲ ਰੱਖਿਆ ਕਿ ਜਿਹੜੀ ਗੱਲ ਦੁਨੀਆ ਨੂੰ  ਅਸੰਭਵ ਲੱਗਦੀ ਹੈ, ਉਸ ਨੂੰ  ਸਹੀ ਯੋਜਨਾ, ਤਿਆਰੀ ਤੇ ਵਿਸ਼ਵਾਸ ਨਾਲ ਸੰਭਵ ਬਣਾਇਆ ਜਾ ਸਕਦਾ ਹੈ | ਇੱਥੇ ਇਕ ਤੱਥ ਸਪੱਸ਼ਟ ਕਰਨਾ ਵੀ ਜ਼ਰੂਰੀ ਹੈ ਕਿ 2019 ਦੇ ਇਸ ਰਿਕਾਰਡ ਅਭਿਆਨ ਵਿਚ ਪੁਰਜਾ ਨੇ ਵਾਧੂ ਆਕਸੀਜਨ ਦੀ ਵਰਤੋਂ ਕੀਤੀ ਸੀ | ਇਸ ਲਈ ਉਨ੍ਹਾਂ ਦੇ 189 ਦਿਨਾਂ ਵਾਲੇ ਰਿਕਾਰਡ ਨੂੰ  'ਬਿਨਾਂ ਆਕਸੀਜਨ' ਵਾਲਾ ਰਿਕਾਰਡ ਦੱਸਣਾ ਸਹੀ ਨਹੀਂ ਹੋਵੇਗਾ | 16 ਜਨਵਰੀ 2021 ਨੂੰ  ਉਹ 10 ਨਿਪਾਲੀ ਪਰਬਤਾਰੋਹੀਆਂ ਦੀ ਉਸ ਇਤਿਹਾਸਕ ਟੀਮ ਦਾ ਹਿੱਸਾ ਸਨ, ਜਿਸ ਨੇ ਪਹਿਲੀ ਵਾਰ ਸਰਦੀਆਂ ਵਿਚ ਦੁਨੀਆ ਦੀਆਂ ਸਭ ਤੋਂ ਖ਼ਤਰਨਾਕ ਚੋਟੀਆਂ 'ਚੋਂ ਇਕ ਕੇ-2 ਨੂੰ  ਸਰ ਕੀਤਾ | ਇਸ ਇਤਿਹਾਸਕ ਚੜ੍ਹਾਈ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਟੀਮ ਨੇ ਵਾਧੂ ਆਕਸੀਜਨ ਤੋਂ ਬਿਨਾਂ ਕੇ-2 ਦੀ ਸਰਦ ਰੁੱਤੇ ਚੜ੍ਹਾਈ ਪੂਰੀ ਕੀਤੀ | ਇਹ ਉਪਲਬਧੀ ਪੁਰਜਾ ਦੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ 'ਚ ਗਿਣੀ ਜਾਂਦੀ ਹੈ |
30 ਜੁਲਾਈ 2026 ਨੂੰ  ਪਾਕਿਸਤਾਨ ਦੇ ਕਾਰਾਕੋਰਮ ਖੇਤਰ ਵਿਚ ਸਥਿਤ ਬੋਰਡ ਪੀਕ 'ਤੇ ਜ਼ਮੀਨ ਖਿਸਕਣ ਨਾਲ 10 ਮੈਂਬਰੀ ਅੰਤਰਰਾਸ਼ਟਰੀ ਪਰਬਤਾਰੋਹੀ ਟੀਮ ਇਸ ਦੀ ਲਪੇਟ 'ਚ ਆ ਗਈ ਸੀ | ਇਸ ਟੀਮ ਦੀ ਅਗਵਾਈ ਨਿਮਸ ਪੁਰਜਾ ਕਰ ਰਹੇ ਸਨ | ਬਾਅਦ ਵਿਚ ਸਾਰੇ 10 ਪਰਬਤਾਰੋਹੀਆਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ | ਪੁਰਜਾ ਦੀ ਮਿ੍ਤਕ ਦੇਹ ਵੀ ਬਾਅਦ 'ਚ ਬਚਾਅ ਟੀਮਾਂ ਨੇ ਬਹੁਤ ਮੁਸ਼ਕਿਲ ਹਾਲਾਤ ਵਿਚ ਬਰਾਮਦ ਕੀਤੀ | ਨਿਮਸ ਪੁਰਜਾ ਦੀ ਜ਼ਿੰਦਗੀ ਤੋਂ ਖਿਡਾਰੀਆਂ ਨੂੰ  ਇਕ ਨਹੀਂ, ਕਈ ਸਬਕ ਮਿਲਦੇ ਹਨ ਜਿਵੇਂ ਟੀਚਾ ਵੱਡਾ ਰੱਖੋ, ਤਿਆਰੀ ਉਸ ਤੋਂ ਵੀ ਵੱਡੀ ਕਰੋ, ਮੁਸ਼ਕਿਲਾਂ ਤੋਂ ਡਰੋ ਨਾ ਅਤੇ ਅਸਫਲਤਾ ਨੂੰ  ਅੰਤ ਨਹੀਂ, ਅਗਲੇ ਯਤਨ ਦੀ ਸ਼ੁਰੂਆਤ ਸਮਝੋ | ਪਰ ਉਨ੍ਹਾਂ ਦੀ ਕਹਾਣੀ ਦਾ ਇਕ ਹੋਰ ਮਹੱਤਵਪੂਰਨ ਪੱਖ ਖ਼ੁਦ ਨੂੰ  ਸੁਰੱਖਿਅਤ ਰੱਖਣਾ ਵੀ ਹੈ | ਭਾਵੇਂ ਨਿਮਸ ਪੁਰਜਾ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੀ ਕਹਾਣੀ ਪਹਾੜਾਂ ਦੀਆਂ ਚੋਟੀਆਂ ਤੋਂ ਵੀ ਉੱਚੀ ਰਹੇਗੀ | 
-ਮੋਬਾਈਲ : 98729-78781

ਪਿਛਲੀ ਖ਼ਬਰ ਡੂੁਰੰਡ ਕੱਪ–2026 ਪੂਰਬੀ ਬੰਗਾਲ ਟੀਮ 22 ਸਾਲ ਬਾਅਦ ਬਣੀ ਚੈਂਪੀਅਨ ਅਗਲੀ ਖ਼ਬਰ ਪੰਜਾਬ ਦੇ ਲੀਚੀ ਕਾਸ਼ਤਕਾਰਾਂ 'ਚ ਮੋਹਰੀ ਕਿਸਾਨ ਦਿਲਬਾਗ ਸਿੰਘ ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।