ਨਿਊਜ਼ੀਲੈਂਡ ਭੇਜਣ ਅਤੇ ਬਿਊਟੀ ਥੈਰੇਪਿਸਟ ਦੀ ਨੌਕਰੀ ਦਿਵਾਉਣ ਦੇ ਨਾਂਅ ’ਤੇ 7 ਲੱਖ ਦੀ ਠੱਗੀ
ਮਾਛੀਵਾੜਾ ਸਾਹਿਬ, 12 ਸਤੰਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਨਿਊਜ਼ੀਲੈਂਡ ਵਿਖੇ ਬਿਊਟੀ ਥੈਰੇਪਿਸਟ ਦੀ ਨੌਕਰੀ ਦਿਵਾਉਣ ਅਤੇ ਵਰਕ ਵੀਜ਼ਾ ਲਗਵਾ ਕੇ ਵਿਦੇਸ਼ ਭੇਜਣ ਦੇ ਨਾਂ ‘ਤੇ ਮਾਛੀਵਾੜਾ ਖਾਮ ਦੀ ਇੱਕ ਮਹਿਲਾ ਜਸਵਿੰਦਰ ਕੌਰ ਤੋਂ 7 ਲੱਖ ਰੁਪਏ ਦੀ ਰਕਮ ਲੈਣ ਦੇ ਮਾਮਲੇ ਵਿਚ ਥਾਣਾ ਮਾਛੀਵਾੜਾ ਪੁਲਿਸ ਨੇ ਨਿਊਜ਼ੀਲੈਂਡ ਰਹਿੰਦੇ ਗੁਰਜਿੰਦਰ ਸਿੰਘ ਅਤੇ ਉਸ ਦੀ ਮਾਤਾ ਕੁਲਵਿੰਦਰ ਕੌਰ ਵਾਸੀ ਮਹਾਂਵੀਰ ਕਾਲੋਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਕੱਦਮਾ ਨੰਬਰ 0345 ਤਹਿਤ ਉਕਤ ਦੋਸ਼ੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 318(4), 61(2) ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਕਾਰਵਾਈ ਕੀਤੀ ਗਈ ਹੈ।
ਮਾਛੀਵਾੜਾ ਸਾਹਿਬ, 12 ਸਤੰਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਨਿਊਜ਼ੀਲੈਂਡ ਵਿਖੇ ਬਿਊਟੀ ਥੈਰੇਪਿਸਟ ਦੀ ਨੌਕਰੀ ਦਿਵਾਉਣ ਅਤੇ ਵਰਕ ਵੀਜ਼ਾ ਲਗਵਾ ਕੇ ਵਿਦੇਸ਼ ਭੇਜਣ ਦੇ ਨਾਂ ‘ਤੇ ਮਾਛੀਵਾੜਾ ਖਾਮ ਦੀ ਇੱਕ ਮਹਿਲਾ ਜਸਵਿੰਦਰ ਕੌਰ ਤੋਂ 7 ਲੱਖ ਰੁਪਏ ਦੀ ਰਕਮ ਲੈਣ ਦੇ ਮਾਮਲੇ ਵਿਚ ਥਾਣਾ ਮਾਛੀਵਾੜਾ ਪੁਲਿਸ ਨੇ ਨਿਊਜ਼ੀਲੈਂਡ ਰਹਿੰਦੇ ਗੁਰਜਿੰਦਰ ਸਿੰਘ ਅਤੇ ਉਸ ਦੀ ਮਾਤਾ ਕੁਲਵਿੰਦਰ ਕੌਰ ਵਾਸੀ ਮਹਾਂਵੀਰ ਕਾਲੋਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਕੱਦਮਾ ਨੰਬਰ 0345 ਤਹਿਤ ਉਕਤ ਦੋਸ਼ੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 318(4), 61(2) ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਪੜਤਾਲ ਰਿਪੋਰਟ ਅਤੇ ਸ਼ਿਕਾਇਤ ਵਿਚ ਦਰਜ ਵੇਰਵਿਆਂ ਅਨੁਸਾਰ ਮਾਛੀਵਾੜਾ ਖਾਮ ਵਾਸੀ ਜਸਵਿੰਦਰ ਕੌਰ ਵਲੋਂ ਦਰਜ ਕਰਵਾਈ ਰਿਪੋਰਟ ਅਨੁਸਾਰ ਗੁਰਜਿੰਦਰ ਸਿੰਘ ਨਿਊਜ਼ੀਲੈਂਡ ਵਿਚ ਰਹਿੰਦਾ ਹੈ ਅਤੇ ਉਸ ਵਲੋਂ ਨਿਊਜ਼ੀਲੈਂਡ ਵਿਖੇ ਬਿਊਟੀ ਪਾਰਲਰ ਦੇ ਕੰਮ ਲਈ ਬਿਊਟੀ ਥੈਰੇਪਿਸਟ ਦੀ ਲੋੜ ਹੋਣ ਦੀ ਗੱਲ ਦੱਸੀ ਗਈ ਸੀ। ਗੁਰਜਿੰਦਰ ਸਿੰਘ ਵਲੋਂ ਉਸ ਨੂੰ ਇਹ ਵੀ ਕਿਹਾ ਗਿਆ ਸੀ ਕਿ ਬਿਊਟੀ ਥੈਰੇਪਿਸਟ ਦੀ ਨੌਕਰੀ ਲਈ ਬਿਨਾਂ ਕਿਸੇ ਰੁਪਏ ਤੋਂ ਉਨ੍ਹਾਂ ਨੂੰ ਨਿਊਜ਼ੀਲੈਂਡ ਬੁਲਾਇਆ ਜਾਵੇਗਾ। ਇਸ ਤੋਂ ਬਾਅਦ ਗੁਰਜਿੰਦਰ ਸਿੰਘ ਵਲੋਂ ਲਿੰਕ ਭੇਜਿਆ ਗਿਆ ਅਤੇ ਬਿਊਟੀ ਥੈਰੇਪਿਸਟ ਦੀ ਪੋਸਟ ਲਈ ਅਪਲਾਈ ਕਰਵਾਇਆ ਗਿਆ। ਸ਼ਿਕਾਇਤ ਅਨੁਸਾਰ ਇਸ ਤੋਂ ਬਾਅਦ ਜਸਵਿੰਦਰ ਕੌਰ ਦਾ ਇੰਟਰਵਿਊ ਵੀ ਕਰਵਾਇਆ ਗਿਆ। ਪੜਤਾਲ ਰਿਪੋਰਟ ਵਿਚ ਦਰਜ ਹੈ ਕਿ ਨਿਊਜ਼ੀਲੈਂਡ ਤੋਂ ਇੰਟਰਵਿਊ ਲਿਆ ਗਿਆ ਅਤੇ ਬਾਅਦ ਵਿਚ ਗੁਰਜਿੰਦਰ ਸਿੰਘ ਵਲੋਂ ਦੱਸਿਆ ਗਿਆ ਕਿ ਇੰਟਰਵਿਊ ਅਤੇ ਸਾਰੀ ਕਾਰਵਾਈ ਪੂਰੀ ਹੋ ਗਈ ਹੈ ਅਤੇ ਉਸ ਦੀ ਚੋਣ ਹੋ ਗਈ ਹੈ। ਇਸ ਤੋਂ ਬਾਅਦ ਵੀਜ਼ਾ, ਸਰਕਾਰੀ ਫ਼ੀਸਾਂ ਅਤੇ ਹੋਰ ਖ਼ਰਚਿਆਂ ਦੇ ਨਾਂ ‘ਤੇ ਰਕਮ ਦੀ ਮੰਗ ਕੀਤੀ ਜਾਣ ਲੱਗੀ। ਰਿਪੋਰਟ ਮੁਤਾਬਿਕ 16 ਜਨਵਰੀ 2026 ਨੂੰ ਇੰਟਰਵਿਊ ਹੋਣ ਤੋਂ ਬਾਅਦ 18 ਜਨਵਰੀ ਨੂੰ ਗੁਰਜਿੰਦਰ ਸਿੰਘ ਵਲੋਂ ਦੱਸਿਆ ਗਿਆ ਕਿ ਇੰਟਰਵਿਊ ਅਤੇ ਦਸਤਾਵੇਜ਼ਾਂ ਦੀ ਕਾਰਵਾਈ ਪੂਰੀ ਹੋ ਚੁੱਕੀ ਹੈ ਅਤੇ ਚੋਣ ਹੋ ਗਈ ਹੈ। ਇਸ ਤੋਂ ਬਾਅਦ ਨੌਕਰੀ ਦੀ ਤਨਖ਼ਾਹ ਅਤੇ ਵੀਜ਼ੇ ਦੀ ਕਾਰਵਾਈ ਸਬੰਧੀ ਗੱਲਬਾਤ ਹੋਈ। 21 ਜਨਵਰੀ ਨੂੰ ਜਸਵਿੰਦਰ ਕੌਰ ਦੇ ਪਤੀ ਵਲੋਂ ਗੁਰਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਵਲੋਂ ਨਿਊਜ਼ੀਲੈਂਡ ਜਾਣ ਦੀ ਕਾਰਵਾਈ ਬਾਰੇ ਭਰੋਸਾ ਦਿੱਤਾ ਗਿਆ ਅਤੇ 25 ਜਨਵਰੀ ਤੱਕ ਪਹੁੰਚ ਜਾਣ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ਪੈਸਿਆਂ ਦੀ ਮੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪੜਤਾਲ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਤੋਂ ਭਾਰਤ ਆਏ ਗੁਰਜਿੰਦਰ ਸਿੰਘ ਨੂੰ ਪੀੜਤ ਧਿਰ ਵਲੋਂ 29 ਜਨਵਰੀ ਨੂੰ 49,500 ਰੁਪਏ ਨਕਦ ਦਿੱਤੇ ਗਏ। ਇਸ ਤੋਂ ਬਾਅਦ 31 ਜਨਵਰੀ ਨੂੰ ਵੀਜ਼ੇ ਅਤੇ ਹੋਰ ਕਾਰਵਾਈ ਲਈ ਹੋਰ ਰਕਮ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਕੁੱਝ ਰਕਮ ਪਹਿਲਾਂ ਦੇਣੀ ਪਵੇਗੀ।ਰਿਪੋਰਟ ਅਨੁਸਾਰ 7 ਮਾਰਚ 2026 ਨੂੰ ਗੁਰਜਿੰਦਰ ਸਿੰਘ ਦੀ ਮਾਤਾ ਵਲੋਂ ਵੀ ਪੈਸਿਆਂ ਸਬੰਧੀ ਗੱਲ ਕੀਤੀ ਗਈ। ਰਿਪੋਰਟ ਅਨੁਸਾਰ ਗੁਰਜਿੰਦਰ ਸਿੰਘ ਦੁਆਰਾ ਕੈਸ਼ ਵਿਚ ਹੋਰ ਰੁਪਇਆਂ ਦੀ ਮੰਗ ਕਰਨ ‘ਤੇ ਅਤੇ 3 ਲੱਖ ਰੁਪਏ ਉਸ ਦੇ ਮਾਂ ਬਾਪ ਨੂੰ ਦੇਣ ਸਬੰਧੀ ਕਿਹਾ ਗਿਆ। ਜਿਸ ‘ਤੇ ਗੁਰਜਿੰਦਰ ਦੇ ਮਾਤਾ ਪਿਤਾ ਵਲੋਂ ਪੀੜਤ ਧਿਰ ਦੇ ਘਰ ਜਾ ਕੇ 3 ਲੱਖ ਰੁਪਏ ਕੈਸ਼ ਦੇ ਰੂਪ ਵਿਚ ਫੜ ਲਏ। ਇਹ ਰੁਪਏ ਦਿੱਤੇ ਹੀ ਸਨ ਕਿ ਗੁਰਜਿੰਦਰ ਸਿੰਘ ਵਲੋਂ ਹੋਰ ਰੁਪਇਆਂ ਦੀ ਮੰਗ ਕੀਤੀ ਜਾਣ ਲੱਗੀ ਅਤੇ ਸਾਢੇ 3 ਲੱਖ ਰੁਪਏ ਗੁਰਜਿੰਦਰ ਸਿੰਘ ਵਲੋਂ ਗੁਰਜਿੰਦਰ ਸਿੰਘ ਦੇ ਇੱਕ ਦੋਸਤ ਬਲਜੀਤ ਸਿੰਘ ਨੂੰ ਫੜਾਉਣ ਦੀ ਗੱਲ ਕੀਤੀ। ਜਿਸ ‘ਤੇ ਮਜਬੂਰੀ ਬੱਸ ਪੀੜਤ ਧਿਰ ਵਲੋਂ 3.50 ਲੱਖ ਰੁਪਏ ਗੁਰਜਿੰਦਰ ਸਿੰਘ ਦੇ ਦੋਸਤ ਨੂੰ ਵੀ ਕੈਸ਼ ਦੇ ਰੂਪ ਵਿਚ ਦੇ ਦਿੱਤੇ ਗਏ। ਇਸ ਤਰ੍ਹਾਂ ਪੜਤਾਲ ਰਿਪੋਰਟ ਅਨੁਸਾਰ 49,900 ਰੁਪਏ, 3 ਲੱਖ ਰੁਪਏ ਅਤੇ 3.50 ਲੱਖ ਰੁਪਏ ਕੁੱਲ ਕੁੱਲ ਲਗਭਗ 7 ਲੱਖ ਰੁਪਏ ਗੁਰਜਿੰਦਰ ਸਿੰਘ ਵਲੋਂ ਲੈਣ ਦੇ ਬਾਵਜੂਦ, ਪੀੜਤ ਧਿਰ ਤੋਂ ਕੈਸ਼ ਦੇ ਰੂਪ ਵਿਚ ਹੋਰ ਰੁਪਿਆਂ ਦੀ ਮੰਗ ਕੀਤੀ ਗਈ। ਪੀੜਤ ਧਿਰ ਨੂੰ ਆਪਣੇ ਨਾਲ ਇਹ ਧੋਖਾਧੜੀ ਹੁੰਦੀ ਦੇਖ ਕੇ ਹੋਰ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ‘ਤੇ 7 ਲੱਖ ਰੁਪਏ ਲੈਣ ਦੇ ਬਾਵਜੂਦ ਗੁਰਜਿੰਦਰ ਸਿੰਘ ਵਲੋਂ ਪੀੜਤ ਧਿਰ ਨੂੰ ਨਿਊਜ਼ੀਲੈਂਡ ਲਿਜਾਣ ਅਤੇ ਰੁਪਏ ਮੋੜਨ ਤੋਂ ਵੀ ਇਨਕਾਰ ਕਰ ਦਿੱਤਾ। ਪੁਲਿਸ ਪੜਤਾਲ ਦੌਰਾਨ ਦੋਵਾਂ ਧਿਰਾਂ ਵਲੋਂ ਪੇਸ਼ ਕੀਤੇ ਦਸਤਾਵੇਜ਼ਾਂ, ਗੱਲਬਾਤ ਦੀ ਰਿਕਾਰਡਿੰਗ ਅਤੇ ਹੋਰ ਸਮਗਰੀ ਦੀ ਜਾਂਚ ਕੀਤੀ ਗਈ। ਪੁਲਿਸ ਪੜਤਾਲ ਰਿਪੋਰਟ ਵਿਚ ਗੁਰਜਿੰਦਰ ਸਿੰਘ ਵਲੋਂ ਜਸਵਿੰਦਰ ਕੌਰ ਨੂੰ ਨਿਊਜ਼ੀਲੈਂਡ ਵਿਚ ਨੌਕਰੀ ਅਤੇ ਵੀਜ਼ਾ ਦਿਵਾਉਣ ਸਬੰਧੀ ਕੀਤੀ ਗਈ ਕਾਰਵਾਈ ਅਤੇ ਉਸ ਤੋਂ ਬਾਅਦ ਵੱਖ-ਵੱਖ ਢੰਗ ਨਾਲ ਰਕਮ ਲਏ ਜਾਣ ਦਾ ਵੇਰਵਾ ਦਰਜ ਕੀਤਾ ਗਿਆ ਹੈ। ਡੀ. ਐੱਸ. ਪੀ. ਸਮਰਾਲਾ ਦੁਆਰਾ ਕੀਤੀ ਪੜਤਾਲ ਤੋਂ ਬਾਅਦ ਧੋਖਾਧੜੀ ਤਹਿਤ ਦੋਸ਼ੀ ਪਾਏ ਗਏ ਗੁਰਜਿੰਦਰ ਸਿੰਘ ਨਿਊਜ਼ੀਲੈਂਡ ਅਤੇ ਉਸ ਦੀ ਮਾਤਾ ਕੁਲਵਿੰਦਰ ਕੌਰ ਮਹਾਂਵੀਰ ਕਾਲੋਨੀ ਮਾਛੀਵਾੜਾ ਸਾਹਿਬ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਿਸ ਮੁਤਾਬਿਕ ਮਾਮਲੇ ਵਿਚ ਗੁਰਜਿੰਦਰ ਸਿੰਘ ਅਤੇ ਕੁਲਵਿੰਦਰ ਕੌਰ ਨੂੰ ਮੁਲਜ਼ਮ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।