ਦੋਰਾਹਾ ਸਹਿਕਾਰੀ ਸਭਾ ’ਤੇ ਸਹਿਕਾਰਤਾ ਵਿਭਾਗ ਦੀ ਵੱਡੀ ਕਾਰਵਾਈ, ਪ੍ਰਬੰਧਕ ਕਮੇਟੀ ਭੰਗ
ਪ੍ਰਸ਼ਾਸਕ ਸਾਬਰ ਅਲੀ ਨੇ ਸੰਭਾਲਿਆ ਚਾਰਜ
ਦੋਰਾਹਾ, 15 ਨਵੰਬਰ (ਮਨਜੀਤ ਸਿੰਘ ਗਿੱਲ)- ਦੋਰਾਹਾ ਸਹਿਕਾਰੀ ਸਭਾ ਦੀ ਕਾਰਜਪ੍ਰਣਾਲੀ ਤੇ ਵਿੱਤੀ ਲੈਣ-ਦੇਣ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਸਹਿਕਾਰਤਾ ਵਿਭਾਗ ਵਲੋਂ ਵੱਡੀ ਕਾਰਵਾਈ ਕਰਦਿਆਂ ਸਭਾ ਦੀ ਚੁਣੀ ਹੋਈ ਪ੍ਰਬੰਧਕ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ। ਸਾਲ 2022 ਤੋਂ ਸਭਾ ਦਾ ਲਾਜ਼ਮੀ ਆਡਿਟ ਨਾ ਕਰਵਾਏ ਜਾਣ ਨੂੰ ਇਸ ਕਾਰਵਾਈ ਦਾ ਮੁੱਖ ਆਧਾਰ ਦੱਸਿਆ ਗਿਆ ਹੈ।
ਸ
ਸਾਬਰ ਅਲੀ ਜਾਣਕਾਰੀ ਦਿੰਦੇ ਹੋਏ।
16-11-2026
ਦੋਰਾਹਾ, 15 ਨਵੰਬਰ (ਮਨਜੀਤ ਸਿੰਘ ਗਿੱਲ)- ਦੋਰਾਹਾ ਸਹਿਕਾਰੀ ਸਭਾ ਦੀ ਕਾਰਜਪ੍ਰਣਾਲੀ ਤੇ ਵਿੱਤੀ ਲੈਣ-ਦੇਣ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਸਹਿਕਾਰਤਾ ਵਿਭਾਗ ਵਲੋਂ ਵੱਡੀ ਕਾਰਵਾਈ ਕਰਦਿਆਂ ਸਭਾ ਦੀ ਚੁਣੀ ਹੋਈ ਪ੍ਰਬੰਧਕ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ। ਸਾਲ 2022 ਤੋਂ ਸਭਾ ਦਾ ਲਾਜ਼ਮੀ ਆਡਿਟ ਨਾ ਕਰਵਾਏ ਜਾਣ ਨੂੰ ਇਸ ਕਾਰਵਾਈ ਦਾ ਮੁੱਖ ਆਧਾਰ ਦੱਸਿਆ ਗਿਆ ਹੈ। ਵਿਭਾਗ ਵਲੋਂ ਸਭਾ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਪ੍ਰਸ਼ਾਸਕ ਸਾਬਰ ਅਲੀ ਨੂੰ ਸੌਂਪੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ, ਲੁਧਿਆਣਾ ਵਲੋਂ 13 ਨਵੰਬਰ 2026 ਨੂੰ ਜਾਰੀ ਪੱਤਰ ਵਿੱਚ ਦੋਰਾਹਾ ਸਹਿਕਾਰੀ ਸਭਾ ਦਾ ਸਾਲ 2022 ਤੋਂ ਆਡਿਟ ਨਾ ਹੋਣ ’ਤੇ ਸਖ਼ਤ ਨੋਟਿਸ ਲਿਆ ਗਿਆ ਹੈ। ਪੰਜਾਬ ਸਹਿਕਾਰੀ ਸਭਾ ਐਕਟ, 1961 ਅਤੇ ਪੰਜਾਬ ਸਹਿਕਾਰੀ ਸਭਾ ਨਿਯਮ, 1963 ਅਨੁਸਾਰ ਹਰੇਕ ਸਹਿਕਾਰੀ ਸਭਾ ਦਾ ਨਿਯਮਿਤ ਆਡਿਟ ਕਰਵਾਉਣਾ ਲਾਜ਼ਮੀ ਹੈ। ਇਸ ਤੋਂ ਪਹਿਲਾਂ 23 ਸਤੰਬਰ 2026 ਨੂੰ ਵੀ ਵਿਭਾਗ ਵੱਲੋਂ ਆਡਿਟ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ, ਪਰ ਇਨ੍ਹਾਂ ਦੀ ਪਾਲਣਾ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਪੰਜਾਬ ਸਹਿਕਾਰੀ ਸਭਾ ਐਕਟ ਦੀਆਂ ਧਾਰਾਵਾਂ 27(1) ਅਤੇ 27(2) ਤਹਿਤ ਕਾਰਵਾਈ ਕਰਦਿਆਂ ਚੁਣੀ ਹੋਈ ਪ੍ਰਬੰਧਕ ਕਮੇਟੀ ਨੂੰ ਮੁਅੱਤਲ ਕਰਨ ਅਤੇ ਸਭਾ ਦਾ ਪ੍ਰਬੰਧ ਪ੍ਰਸ਼ਾਸਕ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਗਈ। ਚਾਰਜ ਸੰਭਾਲਣ ਪਹੁੰਚੇ ਪ੍ਰਸ਼ਾਸਕ ਨੂੰ ਨਹੀਂ ਮਿਲਿਆ ਰਿਕਾਰਡ- ਸਭਾ ਦਾ ਚਾਰਜ ਸੰਭਾਲਣ ਮੌਕੇ ਇਕ ਹੋਰ ਵਿਵਾਦ ਸਾਹਮਣੇ ਆਇਆ ਹੈ। ਪ੍ਰਸ਼ਾਸਕ ਸਾਬਰ ਅਲੀ ਨੇ ਦੋਸ਼ ਲਗਾਇਆ ਕਿ ਜਦੋਂ ਉਹ ਸਭਾ ਦਾ ਕਾਰਜਭਾਰ ਸੰਭਾਲਣ ਪਹੁੰਚੇ ਤਾਂ ਉਹਨਾਂ ਨੂੰ ਸਭਾ ਦਾ ਲੋੜੀਂਦਾ ਰਿਕਾਰਡ ਨਹੀਂ ਸੌਂਪਿਆ ਗਿਆ ਅਤੇ ਉਹ ਮੌਕੇ ਤੋਂ ਚਲੇ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐੱਸ. ਡੀ. ਐੱਮ. ਪਾਇਲ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾਇਆ ਜਾਵੇਗਾ, ਤਾਂ ਜੋ ਅਗ ਲੀ ਕਾਰਵਾਈ ਕੀਤੀ ਜਾ ਸਕੇ। ਸਾਬਰ ਅਲੀ ਅਨੁਸਾਰ, ਮਨਪ੍ਰੀਤ ਸਿੰਘ ਮਾਛੀਵਾੜਾ ਵਿਖੇ ਤਾਇਨਾਤ ਹਨ ਅਤੇ ਦੋਰਾਹਾ ਸਹਿਕਾਰੀ ਸਭਾ ਦਾ ਵਾਧੂ ਚਾਰਜ ਸੰਭਾਲ ਰਹੇ ਸਨ। ਹੁਣ ਉਨ੍ਹਾਂ ਦਾ ਵਾਧੂ ਚਾਰਜ ਹਟਾ ਕੇ ਵਿਜੇ ਕੁਮਾਰ, ਸਾਹਨੇਵਾਲ ਨੂੰ ਸਭਾ ਦਾ ਪ੍ਰਬੰਧਕੀ ਚਾਰਜ ਸੌਂਪ ਦਿੱਤਾ ਗਿਆ ਹੈ। ਬਾਹਰੀ ਏਜੰਸੀ ਕਰੇਗੀ ਆਡਿਟ, ਲੈਣ-ਦੇਣ ਦੀ ਵੀ ਹੋਵੇਗੀ ਜਾਂਚ- ਪ੍ਰਸ਼ਾਸਕ ਸਾਬਰ ਅਲੀ ਨੇ ਦੱਸਿਆ ਕਿ ਸਭਾ ਦੇ ਵਿੱਤੀ ਰਿਕਾਰਡ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਡਿਪਟੀ ਰਜਿਸਟਰਾਰ, ਲੁਧਿਆਣਾ ਤੋਂ ਬਾਹਰਲੀ ਏਜੰਸੀ ਰਾਹੀਂ ਆਡਿਟ ਕਰਵਾਉਣ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਡਿਟ ਦੌਰਾਨ ਜੇਕਰ ਕਿਸੇ ਵੀ ਤਰ੍ਹਾਂ ਦੀ ਵਿੱਤੀ ਬੇਨਿਯਮੀ ਜਾਂ ਗੜਬੜ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਭਾ ਦੇ ਪੰਪ ਆਪਰੇਟਰ ਦਲਜੀਤ ਸਿੰਘ ਵਲੋਂ ਕਥਿਤ ਤੌਰ ’ਤੇ ਕਰਵਾਏ ਗਏ ਗੈਰ-ਅਧਿਕਾਰਤ ਲੈਣ-ਦੇਣ ਨੂੰ ਲੈ ਕੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਜਾਂਚ ਅਤੇ ਆਡਿਟ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਹੋ ਸਕੇਗੀ।