ਫ਼ਤਹਿ ਗਰੁੱਪ ਵਿਖੇ ਵਿਰਾਸਤੀ ਮਹਾਂਕੁੰਭ ਸਿਖ਼ਰਾਂ ’ਤੇ ਮਲਵਈ ਗਿੱਧੇ ਤੇ ਲੋਕ-ਧੁਨਾਂ ਸੰਗ ਝੂਮਿਆ ਕੈਂਪਸ
ਰਾਮਪੁਰਾ ਫੂਲ, 6 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਵਿਖੇ ਚੱਲ ਰਿਹਾ ਬਠਿੰਡਾ-ਫ਼ਰੀਦਕੋਟ ਜ਼ੋਨਲ ਯੁਵਕ ਤੇ ਲੋਕ ਮੇਲਾ ਆਪਣੇ ਤੀਜੇ ਅਤੇ ਚੌਥੇ ਦਿਨ ਪੂਰੇ ਜਾਹੋ-ਜਲਾਲ ਨਾਲ ਕਲਾਤਮਕ ਸਿਖ਼ਰਾਂ ਵੱਲ ਵਧਿਆ। ਵੱਖ-ਵੱਖ ਕਾਲਜਾਂ ਤੋਂ ਪੁੱਜੇ ਪ੍ਰਤੀਭਾਗੀਆਂ ਨੇ ਆਪਣੀ ਮੌਲਿਕ ਸਿਰਜਣਾਤਮਕਤਾ ਅਤੇ ਪੰਜਾਬ ਦੇ ਅਮੀਰ ਲੋਕ-ਸੱਭਿਆਚਾਰ ਦੀਆਂ ਵੰਨਗੀਆਂ ਪੇਸ਼ ਕਰਕੇ ਸਮੁੱਚੇ ਕੈਂਪਸ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗ ਦਿੱਤਾ।
ਰਾਮਪੁਰਾ ਫੂਲ, 6 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਵਿਖੇ ਚੱਲ ਰਿਹਾ ਬਠਿੰਡਾ-ਫ਼ਰੀਦਕੋਟ ਜ਼ੋਨਲ ਯੁਵਕ ਤੇ ਲੋਕ ਮੇਲਾ ਆਪਣੇ ਤੀਜੇ ਅਤੇ ਚੌਥੇ ਦਿਨ ਪੂਰੇ ਜਾਹੋ-ਜਲਾਲ ਨਾਲ ਕਲਾਤਮਕ ਸਿਖ਼ਰਾਂ ਵੱਲ ਵਧਿਆ। ਵੱਖ-ਵੱਖ ਕਾਲਜਾਂ ਤੋਂ ਪੁੱਜੇ ਪ੍ਰਤੀਭਾਗੀਆਂ ਨੇ ਆਪਣੀ ਮੌਲਿਕ ਸਿਰਜਣਾਤਮਕਤਾ ਅਤੇ ਪੰਜਾਬ ਦੇ ਅਮੀਰ ਲੋਕ-ਸੱਭਿਆਚਾਰ ਦੀਆਂ ਵੰਨਗੀਆਂ ਪੇਸ਼ ਕਰਕੇ ਸਮੁੱਚੇ ਕੈਂਪਸ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗ ਦਿੱਤਾ। ਇਸ ਸੱਭਿਆਚਾਰਕ ਮਹਾਂਉਤਸਵ ਦੇ ਤੀਜੇ ਦਿਨ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਚੌਥੇ ਦਿਨ ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਨਕਈ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਦੌਰਾਨ ਕੁਲਵਿੰਦਰ ਸਿੰਘ ਭੁੱਲਰ ਅਤੇ ਉੱਘੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜ ਕੇ ਨੌਜਵਾਨ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਐੱਸ.ਐੱਸ. ਚੱਠਾ, ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ, ਐੱਮ.ਡੀ. ਮਨਜੀਤ ਕੌਰ ਚੱਠਾ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਬਘੇਲ ਸਿੰਘ ਅਤੇ ਸਹਾਇਕ ਡਾਇਰੈਕਟਰ ਹਰਪ੍ਰੀਤ ਹੈਪੀ ਸਮੇਤ ਖੇਤਰ ਦੇ ਪ੍ਰਮੁੱਖ ਪਤਵੰਤੇ ਸੱਜਣ ਹਾਜ਼ਰ ਰਹੇ। ਮੰਚਾਂ ’ਤੇ ਲੋਕ-ਕਲਾਵਾਂ ਦਾ ਦਿਲਕਸ਼ ਪ੍ਰਦਰਸ਼ਨ-ਮੇਲੇ ਦੌਰਾਨ ਚਾਰ ਵੱਖ-ਵੱਖ ਮੰਚਾਂ ’ਤੇ ਪਰੰਪਰਾਗਤ ਲੋਕ ਨਾਚ ਸੰਮੀ ਅਤੇ ਮਲਵਈ ਗਿੱਧੇ ਦੀਆਂ ਜੋਸ਼ੀਲੀਆਂ ਬੋਲੀਆਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਵਿਦਿਆਰਥੀਆਂ ਨੇ ਗਰੁੱਪ ਕੋਰੀਓਗ੍ਰਾਫ਼ੀ, ਗਰੁੱਪ ਕੱਵਾਲੀ, ਲੋਕ ਗੀਤ, ਮਿਮਿਕਰੀ ਅਤੇ ਨਾਟਕਾਂ ਰਾਹੀਂ ਸਮਾਜਿਕ ਸਰੋਕਾਰਾਂ ਨੂੰ ਛੂੰਹਦੇ ਸੰਜੀਦਾ ਸੁਨੇਹੇ ਦਿੱਤੇ। ਇਸੇ ਤਰ੍ਹਾਂ ਫ਼ੋਕ ਆਰਕੈਸਟਰਾ, ਲੋਕ ਸਾਜ਼ਾਂ ਦੀਆਂ ਧੁਨਾਂ, ਵਾਦ-ਵਿਵਾਦ, ਭਾਸ਼ਣ ਕਲਾ, ਭੰਡ ਅਤੇ ਨੁੱਕੜ ਨਾਟਕਾਂ ਰਾਹੀਂ ਨੌਜਵਾਨਾਂ ਨੇ ਆਪਣੀ ਬੌਧਿਕ ਤੇ ਕਲਾਤਮਕ ਪ੍ਰਤਿਭਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਰੰਗੋਲੀ, ਪੋਸਟਰ ਮੇਕਿੰਗ, ਮਹਿੰਦੀ, ਕਲੇਅ ਮਾਡਲਿੰਗ ਅਤੇ ਫ਼ੋਟੋਗ੍ਰਾਫ਼ੀ ਮੁਕਾਬਲਿਆਂ ਵਿੱਚ ਵੀ ਵਿਦਿਆਰਥੀਆਂ ਦੀ ਸਿਰਜਣਾਤਮਕ ਕਲਾ ਦੀ ਵਿਲੱਖਣ ਛਾਪ ਦੇਖਣ ਨੂੰ ਮਿਲੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਬਘੇਲ ਸਿੰਘ, ਪ੍ਰੋ. ਗੁਰ ਪ੍ਰੀਤ ਕੌਰ, ਪ੍ਰੋ. ਲਵਪ੍ਰੀਤ ਸਿੰਘ, ਪ੍ਰੋ. ਸੋਨੀਆ ਅਤੇ ਪ੍ਰੋ. ਨਵਜੀਤ ਕੌਰ ਵੱਲੋਂ ਸੁਚੱਜੇ, ਦਿਲਕਸ਼ ਅਤੇ ਸਾਹਿਤਕ ਅੰਦਾਜ਼ ਵਿੱਚ ਨਿਭਾਈ ਗਈ। ਤੀਜੇ ਅਤੇ ਚੌਥੇ ਦਿਨ ਫ਼ਤਿਹ ਗਰੁੱਪ ਦਾ ਸਮੁੱਚਾ ਵਾਤਾਵਰਣ ਲੋਕ-ਸਾਜ਼ਾਂ ਦੀਆਂ ਤਰੰਗਾਂ, ਦਰਸ਼ਕਾਂ ਦੀਆਂ ਤਾੜੀਆਂ ਅਤੇ ਨੌਜਵਾਨੀ ਦੇ ਅਥਾਹ ਉਤਸ਼ਾਹ ਨਾਲ ਲਗਾਤਾਰ ਮਹਿਕਦਾ ਰਿਹਾ।