12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨਿਰਵਿਘਨ ਸਪਲਾਈ ਦੇ ਸੂਬਾ ਸਰਕਾਰ ਤੇ ਸਰਕਾਰੀ ਅਧਿਕਾਰੀਆਂ ਦੇ ਦਾਅਵਿਆਂ ’ਤੇ ਉੱਠੇ ਸਵਾਲ

ਫ਼ਿਰੋਜ਼ਪੁਰ, 11 ਸਤੰਬਰ(ਕੁਲਬੀਰ ਸਿੰਘ ਸੋਢੀ)- ਸੂਬਾ ਸਰਕਾਰ ਵਲੋਂ ਨਿਰਵਿਘਨ ਸਪਲਾਈ ਦੇ ਜੋ ਵਾਅਦੇ ਕੀਤੇ ਸਨ, ਸਭ ਫੇਲ੍ਹ ਹੋ ਚੁੱਕੇ ਹਨ ਅਤੇ ਸਰਕਾਰੀ ਅਧਿਕਾਰੀਆਂ ਵਲੋਂ ਲਗਾਤਰ ਜੋ ਦਾਅਵੇ ਕੀਤੇ ਜਾ ਰਾਹ ਹਨ। ਉਨ੍ਹਾਂ ’ਤੇ ਸਵਾਲ ਉੱਠਣ ਲੱਗੇ ਹਨ।

ਅਜੀਤ ਡੈਸਕ 12-09-2026
ਫ਼ਿਰੋਜ਼ਪੁਰ, 11 ਸਤੰਬਰ(ਕੁਲਬੀਰ ਸਿੰਘ ਸੋਢੀ)- ਸੂਬਾ ਸਰਕਾਰ ਵਲੋਂ ਨਿਰਵਿਘਨ ਸਪਲਾਈ ਦੇ ਜੋ ਵਾਅਦੇ ਕੀਤੇ ਸਨ, ਸਭ ਫੇਲ੍ਹ ਹੋ ਚੁੱਕੇ ਹਨ ਅਤੇ ਸਰਕਾਰੀ ਅਧਿਕਾਰੀਆਂ ਵਲੋਂ ਲਗਾਤਰ ਜੋ ਦਾਅਵੇ ਕੀਤੇ ਜਾ ਰਾਹ ਹਨ। ਉਨ੍ਹਾਂ ’ਤੇ ਸਵਾਲ ਉੱਠਣ ਲੱਗੇ ਹਨ। ਇੱਥੇ ਦੱਸਣਾ ਅਹਿਮ ਹੈ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਤੇ ਸਰਕਾਰ ਦੇ ਆਪਸੀ ਰੇੜਕੇ ਵਿਚ ਆਮ ਜਨਤਾ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ ਕਿਉਂਕਿ ਮੀਟਰ ਰੀਡਰ ਕਰੀਬ 4 ਮਹੀਨੇ ਹੜਤਾਲ ’ਤੇ ਰਹੇ ਤਾਂ ਵਿਭਾਗ ਵਲੋਂ ਬਿਨ੍ਹਾ ਮੀਟਰਾਂ ਦੀ ਰੀਡਿੰਗ ਲਏ ਲੋਕਾਂ ਨੂੰ ਵੱਡੀ ਰਕਮ ਦੇ ਬਿੱਲ ਭੇਜ ਦਿੱਤੇ, ਜਿੰਨੇ ਲੋਕਾਂ ਦੇ ਤ੍ਰਾਹ ਕੱਢ ਦਿੱਤੇ ਜਿਸ ਪਿਛੋਂ ਲੋਕਾਂ ਵਿਚ ਆਏ ਮੋਟੇ ਬਿੱਲਾਂ ਕਰਕੇ ਰੋਸ ਪੈਦਾ ਹੋ ਗਿਆ ਅਤੇ ਵਿਭਾਗ ਦੇ ਦਫ਼ਤਰੀ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਤਲਖਬਾਜੀ ਹੋਣੀ ਸ਼ੁਰੂ ਹੋ ਗਈ। ਇਸ ਮੁੱਦੇ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਕਦਮ ਚੁੱਕਿਆ ਕਿ ਬਿੱਲ ਠੀਕ ਕਰ ਦਿੱਤੇ ਜਾਣ ਪਰ ਇਸਦਾ ਫਾਇਦਾ ਜਨਰਲ ਵਰਗ ਨੂੰ ਨਹੀਂ ਮਿਲਿਆ। ਇਸ ਦਾ ਚੱਲਦੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਅਦਾ ਕਰਨ ਦੇ ਬਾਵਜੂਦ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦਿਨ ਸਮੇਂ ਵਾਰ-ਵਾਰ ਲੰਮੇ ਬਿਜਲੀ ਕੱਟ ਲੱਗ ਰਹੇ ਹਨ ਤੇ ਕਈ ਵਾਰ 3 ਤੋਂ 4 ਘੰਟਿਆਂ ਤੱਕ ਬਿਜਲੀ ਗੁੱਲ ਰਹਿੰਦੀ ਹੈ। ਇਸਦੇ ਨਾਲ ਰਾਤ ਸਮੇਂ ਲੱਗਣ ਵਾਲੇ ਕੱਟਾਂ ਨੇ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ ਹੈ। ਬਿਜਲੀ ਬੰਦ ਰਹਿਣ ਕਾਰਨ ਘਰਾਂ ਵਿਚ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਤੌਰ ’ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬਿਜਲੀ ਦੇ ਬਿੱਲ ਸਮੇਂ ਸਿਰ ਤੇ ਭਾਰੀ ਰਕਮ ਵਿਚ ਵਸੂਲੇ ਜਾ ਰਹੇ ਹਨ ਤਾਂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਿਉਂ ਨਹੀਂ ਦਿੱਤੀ ਜਾ ਰਹੀ ਹੈ। ਸ਼ਹਿਰ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਸੂਬੇ ਵਿਚ ਨਿਰਵਿਘਨ ਬਿਜਲੀ ਸਪਲਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ’ਤੇ ਸਥਿਤੀ ਇਨ੍ਹਾਂ ਦਾਅਵਿਆਂ ਤੋਂ ਉਲਟ ਦਿਖਾਈ ਦੇ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ‘ਬਿੱਲ ਪੂਰੇ ਵਸੂਲਣੇ ਤੇ ਬਿਜਲੀ ਅਧੂਰੀ ਦੇਣੀ-ਆਖ਼ਰ ਇਹ ਕਿਹੜਾ ਨਿਆਂ ਹੈ?’ ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਬਿਜਲੀ ਬੰਦ ਹੋਣ ਕਾਰਨ ਘਰੇਲੂ ਕੰਮਕਾਜ ਤੋਂ ਇਲਾਵਾ ਪੀਣ ਵਾਲੇ ਪਾਣੀ ਦੀਆਂ ਮੋਟਰਾਂ, ਛੋਟੇ ਕਾਰੋਬਾਰਾਂ ਅਤੇ ਹੋਰ ਜ਼ਰੂਰੀ ਕੰਮਾਂ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਰਾਤ ਸਮੇਂ ਬਿਜਲੀ ਕੱਟ ਲੱਗਣ ਕਾਰਨ ਗਰਮੀ ਅਤੇ ਹੁੰਮਸ ਵਿਚ ਲੋਕਾਂ ਨੂੰ ਬੇਚੈਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਬੀਤੇ ਦਿਨ ਵੀ ਦੇਖਣ ਨੂੰ ਮਿਲਿਆ, ਜਦ ਸ਼ਾਮ ਕਰੀਬ 6 ਵਜੇ ਬਿਜਲੀ ਦਾ ਕੱਟ ਲੱਗਿਆ ਤੇ ਜਾਣਕਾਰੀ ਮਿਲੀ ਕਿ ਸਪਲਾਈ 9 ਵਜੇ ਆਏਗੀ। ਜਿਸ ਪਿੱਛੋਂ ਕਰੀਬ 10.30 ਵਜੇ ਫਿਰ ਕੱਟ ਲੱਗਿਆ ਤੇ ਦੇਰ ਰਾਤ 12 ਵਜੇ ਆਈ ਅਤੇ ਕੁਝ ਖੇਤਰਾਂ ਦੀ ਕਰੀਬ ਸਵੇਰੇ 8.15 ਤੇ ਆਈ ਸੀ। ਇਲਾਕਾ ਵਾਸੀਆਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੰਮੇ ਅਤੇ ਵਾਰ-ਵਾਰ ਲੱਗ ਰਹੇ ਬਿਜਲੀ ਕੱਟਾਂ ਦਾ ਪੱਕਾ ਹੱਲ ਕੀਤਾ ਜਾਵੇ ਤੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਜਲਦ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜ਼ਬੂਰ ਹੋ ਸਕਦੇ ਹਨ। ਫਿਲਹਾਲ ‘ਹਜ਼ਾਰਾਂ ਦੇ ਬਿੱਲ, ਫਿਰ ਵੀ ਬਿਜਲੀ ਗੁੱਲ’ ਦਾ ਮੁੱਦਾ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਲੋਕ ਬਿਜਲੀ ਵਿਭਾਗ ਤੋਂ ਜਵਾਬ ਮੰਗ ਰਹੇ ਹਨ।
ਪਿਛਲੀ ਖ਼ਬਰ ਮੰਗਾਂ ਸੰਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਮਾਸਟਰੋਲ ਇੰਪਲਾਈਜ਼ ਯੂਨੀਅਨ ਜ਼ੀਰਾ ਦੀ ਮੀਟਿੰਗ ਅਗਲੀ ਖ਼ਬਰ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਡਿਊਟੀ ਲਗਾਉਣ ਦਾ ਆਂਗਣਵਾੜੀ ਵਰਕਰਾਂ ਵਲੋਂ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।