09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅੰਦਰ ਫ਼ਾਜ਼ਿਲਕਾ ਹਲਕੇ ਤੋਂ ਟਿਕਟ ਪ੍ਰਾਪਤੀ ਦੇ ਚਾਹਵਾਨਾਂ ਦੀਆਂ ਲੱਗੀਆਂ ਕਤਾਰਾਂ

ਫ਼ਾਜ਼ਿਲਕਾ, 8 ਸਤੰਬਰ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਰ ਕੱਸੇ ਹੋਏ ਹਨ, ਉੱਥੇ ਹੀ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਅੰਦਰ ਵੱਖ-ਵੱਖ ਪਾਰਟੀਆਂ ਦੇ ਟਿਕਟ ਪ੍ਰਾਪਤੀ ਦੇ ਚਾਹਵਾਨਾਂ ਦੀ ਸਥਿਤੀ ਬੜੀ ਦਿਲਚਸਪ ਬਣੀ ਹੋਈ ਹੈ। ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਅੰਦਰ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਟਿਕਟ ਲੈਣ ਦੇ ਚਾਹਵਾਨਾਂ ਅੰਦਰ ਲੰਬੀ ਦੌੜ ਲੱਗੀ ਹੋਈ ਹੈ।

ਅਜੀਤ ਡੈਸਕ 09-09-2026
ਫ਼ਾਜ਼ਿਲਕਾ, 8 ਸਤੰਬਰ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਰ ਕੱਸੇ ਹੋਏ ਹਨ, ਉੱਥੇ ਹੀ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਅੰਦਰ ਵੱਖ-ਵੱਖ ਪਾਰਟੀਆਂ ਦੇ ਟਿਕਟ ਪ੍ਰਾਪਤੀ ਦੇ ਚਾਹਵਾਨਾਂ ਦੀ ਸਥਿਤੀ ਬੜੀ ਦਿਲਚਸਪ ਬਣੀ ਹੋਈ ਹੈ। ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਅੰਦਰ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਟਿਕਟ ਲੈਣ ਦੇ ਚਾਹਵਾਨਾਂ ਅੰਦਰ ਲੰਬੀ ਦੌੜ ਲੱਗੀ ਹੋਈ ਹੈ। ਭਾਜਪਾ ਜੋ ਕਿ ਇਕ ਆਗੂ ਦੇ ਵਿਚਾਰਧਾਰਾ ਵਜੋਂ ਮੰਨੀ ਜਾਂਦੀ ਸੀ, ਪਰ ਭਾਜਪਾ ਅੰਦਰ ਕਾਂਗਰਸ, ਅਕਾਲੀ ਦਲ ਦੇ ਆਗੂਆਂ ਦੀ ਸ਼ਮੂਲੀਅਤ ਤੋਂ ਬਾਅਦ ਭਾਜਪਾ ਵੀ ਦੂਸਰੀਆਂ ਸਿਆਸੀਆਂ ਪਾਰਟੀਆਂ ਵਾਂਗ ਰੰਗ ਦਿਖਾਉਣ ਲੱਗੀ। ਭਾਜਪਾ ਆਪਣੇ ਟਕਸਾਲੀ ਆਗੂਆਂ ਅਤੇ ਵਰਕਰਾਂ ਨੂੰ ਛੱਡ ਸਤਾ ਦੀ ਲਾਲਸਾ ਨੂੰ ਲੈ ਕੇ ਨਵੇਂ ਰਲੇ ਆਗੂਆਂ ਨੂੰ ਪਾਰਟੀ ਅੰਦਰ ਪੂਰੀ ਤਰਜ਼ੀਹ ਦੇਣ ਲੱਗੀ ਹੈ। ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਸੁਰਜੀਤ ਕੁਮਾਰ ਜਿਆਣੀ ਜਿੱਤ ਕੇ ਪੰਜਾਬ ਦੇ ਕੈਬਨਿਟ ਮੰਤਰੀ ਬਣਦੇ ਰਹੇ ਹਨ। ਜਦ ਕਿ ਹੁਣ ਇਸ ਵਾਰ ਹਾਲਾਤ ਕੁੱਝ ਹੋਰ ਬਣੇ ਹੋਏ ਹਨ। ਪਾਰਟੀ ਅੰਦਰ ਹੀ ਸ੍ਰੀ ਜਿਆਣੀ ਦੇ ਮੁਕਾਬਲੇ ਟਿਕਟ ਪ੍ਰਾਪਤੀ ਦੇ ਚਾਹਵਾਨ ਆਪਣੀਆਂ ਸਰਗਰਮੀਆਂ ਪੂਰੇ ਹੌਸਲੇ ਨਾਲ ਚਲਾ ਰਹੇ ਹਨ। ਜਿਨ੍ਹਾਂ ਵਿਚ ਨਗਰ ਕੌਂਸਲਰ ਰਮੇਸ਼ ਕਟਾਰੀਆ ਵਿਧਾਨ ਸਭਾ ਚੋਣ ਲੜਨ ਲਈ ਖੁੱਲ੍ਹਮ ਖੁੱਲ੍ਹਾ ਐਲਾਨ ਕਰ ਚੁੱਕੇ ਹਨ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ ਅਤੇ ਸ੍ਰੀ ਜਿਆਣੀ ਦੀ ਹਾਰ ਦਾ ਕਾਰਨ ਬਣੇ ਸਨ। ਰਮੇਸ਼ ਕਟਾਰੀਆਂ ਤੋਂ ਇਲਾਵਾ ਜਾਖੜ ਪਰਿਵਾਰ ਦੀ ਭਾਜਪਾ ਵਿਚ ਸ਼ਮੂਲੀਅਤ ਤੋਂ ਬਾਅਦ ਜਾਖੜ ਧੜੇ ਦੇ ਮੰਨੇ ਜਾਂਦੇ ਨੌਜਵਾਨ ਆਗੂ ਰੰਜਮ ਕਮਰਾ ਦੇ ਨਾਂਅ ਦੀ ਚਰਚਾ ਵੀ ਸੱਥਾਂ ’ਤੇ ਜ਼ੋਰਾਂ ਨਾਲ ਹੈ। ਇਸ ਤੋਂ ਇਲਾਵਾ ਸਮਾਜਸੇਵੀ ਉਦਯੋਗਪਤੀ, ਆਰਥਿਕ ਪੱਖੋਂ ਮਜ਼ਬੂਤ ਸਮਝੇ ਜਾਂਦੇ ਕਰਨ ਗਿਲਹੋਤਰਾ ਵੀ ਚੋਣ ਲੜਨ ਲਈ ਪੂਰੀ ਤਰ੍ਹਾਂ ਸਰਗਰਮੀਆਂ ਚਲਾ ਰਹੇ ਹਨ। ਉਨ੍ਹਾਂ ਦੇ ਸਬੰਧ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਚੰਗੇ ਬਣੇ ਹੋਏ ਹਨ। ਇਸ ਤੋਂ ਇਲਾਵਾ ਲੈਂਡ ਮਾਰਗੇਜ਼ ਬੈਂਕ ਦੇ ਸਾਬਕਾ ਚੇਅਰਮੈਨ ਰਾਣਾ ਰਾਜਿੰਦਰ ਸਿੰਘ ਜਮਾਲ ਕੇ ਵੀ ਚੋਣ ਲੜਨ ਲਈ ਪਿੰਡਾਂ ਅੰਦਰ ਵਰਕਰ ਮਿਲਣੀਆਂ ਕਰ ਰਹੇ ਹਨ। ਕਾਂਗਰਸ ਪਾਰਟੀ ਅੰਦਰ ਇਸੇ ਤਰ੍ਹਾਂ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਤੋਂ ਇਲਾਵਾ ਟਿਕਟ ਪ੍ਰਾਪਤੀ ਲਈ ਸਾਬਕਾ ਵਿਧਾਇਕ ਡਾ.ਮਹਿੰਦਰ ਕੁਮਾਰ ਰਿਣਵਾ, ਨੌਜਵਾਨ ਆਗੂ ਸਮਰਬੀਰ ਸਿੰਘ ਸਿੱਧੂ, ਸਾਬਕਾ ਜ਼ਿਲ੍ਹਾ ਪ੍ਰਧਾਨ ਕੌਸ਼ਲ ਕੁਮਾਰ ਬੂਕ ਤੋਂ ਇਲਾਵਾ ਹੋਰ ਵੀ ਕਈ ਆਗੂ ਸਰਗਰਮੀਆਂ ਚਲਾ ਰਹੇ ਹਨ। ਇਸੇ ਤਰ੍ਹਾਂ ਸੱਤਾਧਾਰੀ ਆਮ ਆਦਮੀ ਪਾਰਟੀ ਅੰਦਰ ਵੀ ਟਿਕਟ ਪ੍ਰਾਪਤੀ ਲਈ ਸੀਤ ਯੁੱਧ ਜਾਰੀ ਹੈ। ਜਿਨ੍ਹਾਂ ਵਿਚ ਮੌਜੂਦਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਸਰਪੰਚ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੀਤ ਸਿੰਘ ਸ਼ਾਹਰੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੁੱਲ ਨਾਗਪਾਲ ਤੋਂ ਇਲਾਵਾ ਹੋਰ ਆਗੂ ਵੀ ਟਿਕਟ ਪ੍ਰਾਪਤੀ ਲਈ ਹਾਈਕਮਾਂਡ ਤੱਕ ਪਹੁੰਚ ਕਰ ਰਹੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਕਿਸੇ ਰਾਏ ਸਿੱਖ ਬਿਰਾਦਰੀ ਨਾਲ ਸਬੰਧਿਤ ਆਗੂ ਨੂੰ ਚੋਣ ਲੜਾਉਣਾ ਚਾਹੁੰਦਾ ਹੈ। ਇਹ ਵੀ ਚਰਚਾ ਹੈ ਕਿ ਅਕਾਲੀ ਦਲ ਜਲਾਲਾਬਾਦ ਤੋਂ ਡਾ.ਰਾਜ ਸਿੰਘ ਡਿੱਬੀਪੁਰਾ ਨੂੰ ਫ਼ਾਜ਼ਿਲਕਾ ਹਲਕੇ ਤੋਂ ਚੋਣ ਲੜਾਉਣਾ ਚਾਹੁੰਦਾ ਹੈ, ਪਰ ਡਿੱਬੀਪੁਰਾ ਜਲਾਲਾਬਾਦ ਹਲਕੇ ਤੋਂ ਹੀ ਚੋਣ ਲੜਨ ਲਈ ਬੇਜ਼ਿੱਦ ਹਨ। ਇਸ ਤਰ੍ਹਾਂ ਫ਼ਾਜ਼ਿਲਕਾ ਦੇ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਪੂਰਨ ਸਿੰਘ ਘੋਗਾ ਵੀ ਚੋਣ ਮੈਦਾਨ ਵਿਚ ਉਤਾਰੇ ਜਾ ਸਕਦੇ ਹਨ। ਇਸ ਦੀ ਭਾਲ ਲਈ ਉਹ ਪੂਰੀ ਤਰ੍ਹਾਂ ਸਰਗਰਮ ਹੈ। ਅਕਾਲੀ ਦਲ ਵਾਰਿਸ ਪੰਜਾਬ ਨੇ ਨੌਜਵਾਨ ਆਗੂ ਦਵਿੰਦਰ ਸਿੰਘ ਕਮਾਲ ਵਾਲਾ ਨੂੰ ਹਲਕਾ ਇੰਚਾਰਜ ਲਗਾਇਆ ਹੈ, ਜੋ ਪੂਰੀ ਤਰ੍ਹਾਂ ਸਰਗਰਮ ਹਨ। ਇਨ੍ਹਾਂ ਸਿਆਸੀ ਪਾਰਟੀਆਂ ਤੋਂ ਇਲਾਵਾ ਸਾਬਕਾ ਕੌਂਸਲਰ ਸ੍ਰੀਮਤੀ ਪੂਜਾ ਲੂਥਰਾ ਵੀ ਫ਼ਾਜ਼ਿਲਕਾ ਹਲਕੇ ਤੋਂ ਚੋਣ ਲੜਨ ਲਈ ਚਾਹਵਾਨ ਹਨ। ਇਸ ਤਰ੍ਹਾਂ ਸਾਰੇ ਟਿਕਟ ਪ੍ਰਾਪਤੀ ਦੇ ਚਾਹਵਾਨਾਂ ਵਲੋਂ ਆਪਣੀ ਪਾਰਟੀ ਦੇ ਅਕਾਵਾਂ ਤੱਕ ਜਿੱਥੇ ਪਹੁੰਚ ਵਿਚ ਲੱਗੇ ਹਨ ਉੱਥੇ ਹੀ ਹਲਕੇ ਅੰਦਰ ਵੀ ਲੋਕਾਂ ਅੰਦਰ ਵਿਚਰ ਰਹੇ ਹਨ। ਚੋਣਾਂ ਲੜਨ ਵਾਲੇ ਆਗੂ ਹੁਣ ਆਮ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਮੂਲੀਅਤ ਕਰਦੇ ਨਜ਼ਰ ਆ ਰਹੇ ਹਨ। ਭਾਵੇਂ ਸਾਰੀਆਂ ਸਿਆਸੀ ਪਾਰਟੀਆਂ ਜਿਸ ਨੂੰ ਮਰਜ਼ੀ ਆਪਣਾ ਉਮੀਦਵਾਰ ਬਣਾਉਣ ਪਰ 2027 ਦੀਆਂ ਚੋਣਾਂ ਅੰਦਰ ਇਸ ਸਰਹੱਦੀ ਹਲਕੇ ਅੰਦਰ ਮੁਕਾਬਲਾ ਵੱਡੇ ਆਗੂਆਂ ਲਈ ਜਿੱਥੇ ਇਕ ਵੰਗਾਰ ਹੋਵੇਗੀ ਉੱਥੇ ਹੀ ਇਹ ਮੁਕਾਬਲਾ ਦਿਲਚਸਪ ਬਣੇਗਾ।
ਪਿਛਲੀ ਖ਼ਬਰ ਅਧਿਆਪਕਾਂ ਨੂੰ ਗੈਰ-ਵਿਦਿਅਕ ਡਿਊਟੀਆਂ ’ਚ ਉਲਝਾਉਣ ਦੇ ਸਰਕਾਰ ’ਤੇ ਉੱਠੇ ਸਵਾਲ ਅਗਲੀ ਖ਼ਬਰ ਕਲਮ ਛੋੜ-ਕੰਪਿਊਟਰ ਬੰਦ ਹੜਤਾਲ ਦੌਰਾਨ ਸੈਂਕੜੇ ਮੁਲਾਜ਼ਮ ਉੱਤਰੇ ਸੜਕਾਂ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।