ਅੱਠ ਰੋਜ਼ਾ ਗੁਰਬਾਣੀ ਪਾਠ ਬੋਧ ਸਮਾਗਮ ਸੰਪੰਨ
ਮਸਤੂਆਣਾ ਸਾਹਿਬ, 21 ਨਵੰਬਰ (ਦਮਦਮੀ)-ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੀ ਸਰਪ੍ਰਸਤੀ ਹੇਠ ਸੰਤ ਅਤਰ ਸਿੰਘ ਗੁਰਮਤਿ ਕਾਲਜ ਵੱਲੋਂ ਮਹਾਨ ਤਪੱਸਵੀ, ਵਿਦਿਆ ਦੇ ਦਾਨੀ ਸੰਤ ਬਾਬਾ ਅਤਰ ਸਿੰਘ ਦੀ 100 ਸਾਲਾ ਬਰਸੀ ਨੂੰ ਸਮਰਪਿਤ ਅੱਠ ਰੋਜ਼ਾ ਵਿਸ਼ੇਸ਼ ਗੁਰਬਾਣੀ ਪਾਠ ਬੋਧ ਸਮਾਗਮ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਪੂਰੀ ਧਾਰਮਿਕ ਮਰਿਆਦਾ ਅਤੇ ਸ਼ਰਧਾ ਭਾਵਨਾ ਨਾਲ ਸੰਪੰਨ ਹੋ ਗਿਆ। ਇਸ ਅੱਠ ਰੋਜ਼ਾ ਸਮਾਗਮ ਦੌਰਾਨ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਨੇ ਸਵੇਰੇ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਸੰਗਤਾਂ ਨਾਲ ਗੁਰਬਾਣੀ ਦੇ ਪਾਠ ਬੋਧ, ਅਰਥ ਬੋਧ ਅਤੇ ਗੁਰਮਤਿ ਸਿਧਾਂਤਾਂ ਦੀ ਡੂੰਘੀ ਵਿਚਾਰ ਸਾਂਝੀ ਕੀਤੀ।
ਮਸਤੂਆਣਾ ਸਾਹਿਬ, 21 ਨਵੰਬਰ (ਦਮਦਮੀ)-ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੀ ਸਰਪ੍ਰਸਤੀ ਹੇਠ ਸੰਤ ਅਤਰ ਸਿੰਘ ਗੁਰਮਤਿ ਕਾਲਜ ਵੱਲੋਂ ਮਹਾਨ ਤਪੱਸਵੀ, ਵਿਦਿਆ ਦੇ ਦਾਨੀ ਸੰਤ ਬਾਬਾ ਅਤਰ ਸਿੰਘ ਦੀ 100 ਸਾਲਾ ਬਰਸੀ ਨੂੰ ਸਮਰਪਿਤ ਅੱਠ ਰੋਜ਼ਾ ਵਿਸ਼ੇਸ਼ ਗੁਰਬਾਣੀ ਪਾਠ ਬੋਧ ਸਮਾਗਮ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਪੂਰੀ ਧਾਰਮਿਕ ਮਰਿਆਦਾ ਅਤੇ ਸ਼ਰਧਾ ਭਾਵਨਾ ਨਾਲ ਸੰਪੰਨ ਹੋ ਗਿਆ। ਇਸ ਅੱਠ ਰੋਜ਼ਾ ਸਮਾਗਮ ਦੌਰਾਨ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਨੇ ਸਵੇਰੇ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਸੰਗਤਾਂ ਨਾਲ ਗੁਰਬਾਣੀ ਦੇ ਪਾਠ ਬੋਧ, ਅਰਥ ਬੋਧ ਅਤੇ ਗੁਰਮਤਿ ਸਿਧਾਂਤਾਂ ਦੀ ਡੂੰਘੀ ਵਿਚਾਰ ਸਾਂਝੀ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸਲੋਕ ਸਹਸਕ੍ਰਿਤੀ ਅਤੇ ਭੱਟ ਸਾਹਿਬਾਨ ਦੇ ਸਵੱਈਆਂ ਦਾ ਸ਼ੁੱਧ ਪਾਠ, ਅਰਥਾਂ ਅਤੇ ਸਰਲ ਵਿਆਖਿਆ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਅਧਿਆਤਮਿਕ ਸੰਦੇਸ਼ ਤੋਂ ਜਾਣੂ ਕਰਵਾਇਆ। ਸਮਾਗਮ ਵਿੱਚ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ, ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜੀਤ ਸਿੰਘ ਸਜੂਮਾਂ, ਸੀਨੀਅਰ ਕੌਂਸਲ ਮੈਂਬਰ ਸ੍ਰ. ਗੁਰਜੰਟ ਸਿੰਘ ਦੁੱਗਾਂ, ਡਾਇਰੈਕਟਰ ਡਾ. ਗੁਰਵੀਰ ਸਿੰਘ ਅਤੇ ਪ੍ਰਿੰਸੀਪਲ ਸ੍ਰ. ਜਸਵੀਰ ਸਿੰਘ ਧੂਰਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਜਿੱਥੇ ਪੰਥ ਦੇ ਉੱਘੇ ਵਿਦਵਾਨ ਹਨ, ਉੱਥੇ ਹੀ ਉਹ ਸੰਤ ਅਤਰ ਸਿੰਘ ਦੀ ਗੁਰਮਤਿ ਪ੍ਰਚਾਰ ਦੀ ਵਿਰਾਸਤ ਨੂੰ ਅੱਗੇ ਤੋਰਨ ਵਾਲੀਆਂ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਪ੍ਰਿੰਸੀਪਲ ਸੰਤ ਤੇਜਾ ਸਿੰਘ ਤੋਂ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ ਅਤੇ ਉਨ੍ਹਾਂ ਵੱਲੋਂ ਸਾਰੀ ਉਮਰ ਗੁਰਮਤਿ ਗਿਆਨ ਵੰਡਣ ਦੀ ਨਿਭਾਈ ਸੇਵਾ ਦੇ ਸੰਕਲਪ ਨੂੰ ਅੱਜ ਵੀ ਬਾਖੂਬੀ ਅੱਗੇ ਵਧਾ ਰਹੇ ਹਨ। ਉਨ੍ਹਾਂ ਸੰਤ ਅਤਰ ਸਿੰਘ ਦੀ 100 ਸਾਲਾ ਬਰਸੀ ਨੂੰ ਸਮਰਪਿਤ ਪਹਿਲੀ ਜਨਵਰੀ ਤੋਂ 31 ਜਨਵਰੀ 2027 ਤੱਕ ਲਗਾਤਾਰ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮਾਂ ਦੀ ਰੂਪ-ਰੇਖਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਅਕਾਲ ਕਾਲਜ ਕੌਂਸਲ ਵੱਲੋਂ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਗ੍ਰੰਥੀ ਬਾਬਾ ਸੁਖਦੇਵ ਸਿੰਘ, ਮੈਨੇਜਰ ਜਸਵੀਰ ਸਿੰਘ, ਪ੍ਰੋ. ਜਸਪ੍ਰੀਤ ਸਿੰਘ, ਮੁੱਖ ਰਾਗੀ ਭਾਈ ਅਵਤਾਰ ਸਿੰਘ, ਕਥਾਵਾਚਕ ਭਾਈ ਜਸਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਅਜੈਬ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਅਨੇਕਾਂ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਹਾਜ਼ਰ ਸਨ।