ਪਾਕਿ ਦੀ ਪਿਸ਼ਾਵਰ ਛਾਉਣੀ ਵਿਚਲੇ ਇਤਿਹਾਸਕ ਗੁਰਦੁਆਰਾ ਸਿੰਘ ਸਭਾ ਨੂੰ ਖੋਲ੍ਹਣ ਦੀ ਮੰਗ
ਸੂਬਾਈ ਸਿੱਖ ਆਗੂ ਨੇ ਨਾਜਾਇਜ਼ ਕਬਜ਼ੇ ਤੇ ਲੀਜ਼ਾਂ ਰੱਦ ਕਰਨ ਲਈ ਸਰਕਾਰ ਨੂੰ ਕੀਤੀ ਅਪੀਲ ਅੰਮ੍ਰਿਤਸਰ, 7 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਪਿਸ਼ਾਵਰ ਤੋਂ ਘੱਟਗਿਣਤੀਆਂ ਦੇ ਚੇਅਰਮੈਨ ਪਰਵਿੰਦਰ ਸਿੰਘ ਨੇ ਪਾਕਿਸਤਾਨੀ ਸਰਕਾਰੀ ਅਦਾਰਿਆਂ ਅਤੇ ਉੱਚ ਅਧਿਕਾਰੀਆਂ ਨੂੰ ਪਿਸ਼ਾਵਰ ਕੈਂਟ ਸਥਿਤ ਇਤਿਹਾਸਕ ‘ਗੁਰਦੁਆਰਾ ਸਿੰਘ ਸਭਾ, ਗੱਲਾ ਮੰਡੀ’ ਨੂੰ ਸਿੱਖ ਸੰਗਤ ਲਈ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ’ਤੇ ਮੌਜੂਦ ਨਾਜਾਇਜ਼ ਕਬਜ਼ਿਆਂ, ਗੁਦਾਮਾਂ ਅਤੇ ਰਿਹਾਇਸ਼ਾਂ ਨੂੰ ਖ਼ਾਲੀ ਕਰਵਾਉਣ ਲਈ ਲੀਜ਼ ਤੁਰੰਤ ਰੱਦ ਕਰਨ ਦੀ ਵੀ ਗੁਹਾਰ ਲਗਾਈ ਹੈ।
ਅਜੀਤ ਡੈਸਕ
08-11-2026
ਅੰਮ੍ਰਿਤਸਰ, 7 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਪਿਸ਼ਾਵਰ ਤੋਂ ਘੱਟਗਿਣਤੀਆਂ ਦੇ ਚੇਅਰਮੈਨ ਪਰਵਿੰਦਰ ਸਿੰਘ ਨੇ ਪਾਕਿਸਤਾਨੀ ਸਰਕਾਰੀ ਅਦਾਰਿਆਂ ਅਤੇ ਉੱਚ ਅਧਿਕਾਰੀਆਂ ਨੂੰ ਪਿਸ਼ਾਵਰ ਕੈਂਟ ਸਥਿਤ ਇਤਿਹਾਸਕ ‘ਗੁਰਦੁਆਰਾ ਸਿੰਘ ਸਭਾ, ਗੱਲਾ ਮੰਡੀ’ ਨੂੰ ਸਿੱਖ ਸੰਗਤ ਲਈ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ’ਤੇ ਮੌਜੂਦ ਨਾਜਾਇਜ਼ ਕਬਜ਼ਿਆਂ, ਗੁਦਾਮਾਂ ਅਤੇ ਰਿਹਾਇਸ਼ਾਂ ਨੂੰ ਖ਼ਾਲੀ ਕਰਵਾਉਣ ਲਈ ਲੀਜ਼ ਤੁਰੰਤ ਰੱਦ ਕਰਨ ਦੀ ਵੀ ਗੁਹਾਰ ਲਗਾਈ ਹੈ। ਪਰਵਿੰਦਰ ਸਿੰਘ ਨੇ ‘ਅਜੀਤ’ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਗੁਰਦੁਆਰਾ ਸਿੰਘ ਸਭਾ ਦੀ ਸਥਾਪਨਾ ਬ੍ਰਿਟਿਸ਼ ਕਾਲ ਦੌਰਾਨ ਸੰਨ 1870 ’ਚ ਹੋਈ ਸੀ ਅਤੇ ਇਹ ਸੰਨ 1902 ’ਚ ਕੈਂਟੋਨਮੈਂਟ ਬੋਰਡ ਵਿਚ ਰਜਿਸਟਰਡ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ 8030 ਵਰਗ ਫੁੱਟ ਰਕਬੇ ’ਚ ਫੈਲੇ ਇਸ ਗੁਰਦੁਆਰਾ ਸਾਹਿਬ ਦੇ ਬ੍ਰਿਟਿਸ਼ ਫ਼ੌਜ ਦੇ ਜਨਰਲ, ਕਰਨਲ, ਮੇਜਰ ਅਤੇ ਕੈਪਟਨ ਆਦਿ ਉੱਚ ਅਧਿਕਾਰੀਆਂ ਦੇ ਨਾਂਅ ’ਤੇ ਦਸਤਾਵੇਜ਼ ਵੀ ਮੌਜੂਦ ਹਨ। ਸੰਨ 1947 ਦੀ ਵੰਡ ਮਗਰੋਂ ਇਸ ਦਾ ਸਾਰਾ ਰਿਕਾਰਡ ਅਤੇ ਕੰਟਰੋਲ ਮਹਿਕਮਾ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਕੋਲ ਹੈ। ਉਕਤ ਸਿੱਖ ਆਗੂ ਨੇ ਦੋਸ਼ ਲਗਾਇਆ ਕਿ ਈ. ਟੀ. ਪੀ. ਬੀ. ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਲੀਜ਼ ’ਤੇ ਦਿੱਤੀ ਹੋਈ ਹੈ, ਜਿੱਥੇ ਦੁਕਾਨਦਾਰਾਂ ਨੇ ਗੋਦਾਮ ਬਣਾਏ ਹੋਏ ਹਨ ਅਤੇ ਗੁਰਦੁਆਰਾ ਸਾਹਿਬ ਵਿਚਲੇ ਕਮਰੇ ਰਿਹਾਇਸ਼ ਲਈ ਕਿਰਾਏ ’ਤੇ ਦਿੱਤੇ ਹੋਏ ਹਨ। ਉਨ੍ਹਾਂ ਪੱਤਰ ’ਚ ਕਿਹਾ ਹੈ ਕਿ ਪਿਸ਼ਾਵਰ ਕੈਂਟ ’ਚ ਇਸ ਵੇਲੇ ਸਿੱਖ ਭਾਈਚਾਰੇ ਦੇ ਲਗਭਗ 250 ਪਰਿਵਾਰ ਰਹਿ ਰਹੇ ਹਨ, ਜਿਨ੍ਹਾਂ ਨੂੰ ਰੋਜ਼ਾਨਾ ਨਿੱਤਨੇਮ ਅਤੇ ਧਾਰਮਿਕ ਕਾਰਜਾਂ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਗਤ ਵਲੋਂ ਲੰਮੇ ਸਮੇਂ ਤੋਂ ਇਹ ਗੁਰਦੁਆਰਾ ਸਾਹਿਬ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ।