ਦੁਬਈ, 18 ਅਕਤੂਬਰ (ਪੀ.ਟੀ.ਆਈ.)-ਰਿਆਧ ’ਚ ਭਾਰਤੀ ਦੂਤਾਵਾਸ ਨੇ ਭਾਰਤੀਆਂ ਨੂੰ ਸੁਰੱਖਿਆ ਲਈ ਸਾਊਦੀ ਅਰਬ ਦੇ ਅਧਿਕਾਰੀਆਂ ਵੱਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਈਰਾਨ ਸਮਰਥਿਤ ਹੂਤੀ ਬਾਗੀਆਂ ਦੇ ਹਮਲਿਆਂ ਕਾਰਨ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਇਸ ਲਈ ਐਮਰਜੈਂਸੀ ਚੇਤਾਵਨੀ ਮਿਲਣ ’ਤੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਸੋਸ਼ਲ ਮੀਡੀਆ ’ਤੇ ਜਾਰੀ ਹਦਾਇਤਾਂ ਮੁਤਾਬਕ ਲੋਕਾਂ ਨੂੰ ਸ਼ਾਂਤ ਰਹਿਣ, ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਅਤੇ ਇਮਾਰਤ ਦੇ ਅੰਦਰ ਕਿਸੇ ਸੁਰੱਖਿਅਤ ਥਾਂ ’ਤੇ ਜਾਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਖਿੜਕੀਆਂ ਤੋਂ ਦੂਰ ਕਿਸੇ ਅੰਦਰੂਨੀ ਕਮਰੇ ’ਚ ਰਹਿਣ ਦੀ ਸਲਾਹ ਦਿੱਤੀ ਗਈ ਹੈ, ਜਦੋਂ ਤੱਕ ਖ਼ਤਰਾ ਟਲ ਨਹੀਂ ਜਾਂਦਾ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਘਰਾਂ ਜਾਂ ਇਮਾਰਤਾਂ ਨੂੰ ਉਦੋਂ ਤੱਕ ਨਾ ਛੱਡਣ ਜਦੋਂ ਤੱਕ ਖ਼ਤਰਾ ਖਤਮ ਨਹੀਂ ਹੋ ਜਾਂਦਾ।