ਨਵੀਂ ਦਿੱਲੀ, 3 ਸਤੰਬਰ (ਪੀ.ਟੀ.ਆਈ.)-ਸੀਨੀਅਰ ਆਈ.ਪੀ.ਐਸ. ਅਧਿਕਾਰੀ ਜਗ ਮੋਹਨ ਨੂੰ ਵੀਰਵਾਰ ਨੂੰ ਇੰਟੈਲੀਜੈਂਸ ਬਿਊਰੋ (ਆਈ. ਬੀ.) ਦਾ ਵਿਸ਼ੇਸ਼ ਡਾਇਰੈਕਟਰ ਨਿਯੁਕਤ ਕੀਤਾ ਗਿਆ। ਬਿਹਾਰ ਕੇਡਰ ਦੇ 1995 ਬੈਚ ਦੇ ਆਈ. ਪੀ. ਐਸ. ਅਧਿਕਾਰੀ ਮੋਹਨ ਇਸ ਸਮੇਂ ਆਈ.ਬੀ. ’ਚ ਵਧੀਕ ਡਾਇਰੈਕਟਰ ਵਜੋਂ ਸੇਵਾ ਨਿਭਾਅ ਰਹੇ ਹਨ।ਪ੍ਰਸੋਨਲ ਮੰਤਰਾਲੇ ਦੇ ਇਕ ਆਦੇਸ਼ ਅਨੁਸਾਰ, ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਮੋਹਨ ਨੂੰ ਉਨ੍ਹਾਂ ਦੀ ਸੇਵਾਮੁਕਤੀ ਦੀ ਮਿਤੀ, ਯਾਨੀ 30 ਜੂਨ, 2031 ਤੱਕ ਆਈ.ਬੀ. ਦੇ ਵਿਸ਼ੇਸ਼ ਡਾਇਰੈਕਟਰ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੇ ਬੈਚ ਦੇ ਪੰਜ ਹੋਰ ਅਧਿਕਾਰੀਆਂ ਨੂੰ ਵੀ ਉਨ੍ਹਾਂ ਦੇ ਸੰਬੰਧਿਤ ਸੰਗਠਨਾਂ ’ਚ ਵਿਸ਼ੇਸ਼ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਸੰਦੀਪ ਖੀਰਵਾਰ ਤੇ ਰਾਜੇਸ਼ ਕੁਮਾਰ ਨੂੰ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ. ਆਰ. ਪੀ. ਐਫ.) ’ਚ ਵਿਸ਼ੇਸ਼ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਸੀ.ਆਰ.ਪੀ.ਐਫ. ’ਚ ਵਧੀਕ ਡਾਇਰੈਕਟਰ ਜਨਰਲ (ਏ. ਡੀ. ਜੀ.) ਵਜੋਂ ਸੇਵਾ ਨਿਭਾਅ ਰਹੇ ਹਨ। ਪੁਨੀਤ ਰਸਤੋਗੀ ਤੇ ਸੰਤੋਸ਼ ਸ਼੍ਰੀਰਾਮਜੀ ਖੰਡਾਰੇ ਹੁਣ ਸੀਮਾ ਸੁਰੱਖਿਆ ਬਲ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਹੋਣਗੇ। ਦੋਵੇਂ ਇਸ ਸਮੇਂ ਬੀ.ਐਸ.ਐਫ. ’ਚ ਏ.ਡੀ.ਜੀ. ਵਜੋਂ ਸੇਵਾ ਨਿਭਾਅ ਰਹੇ ਹਨ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਏ.ਡੀ.ਜੀ. ਪਦਮਾਕਰ ਐਸ. ਰਾਨੀਪਸੇ ਨੂੰ ਉਸੇ ਫੋਰਸ ਦਾ ਵਿਸ਼ੇਸ਼ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ।