25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਾਹਿਤਕ ਮੇਲੇ ’ਚ ਪੁਸਤਕ ਪ੍ਰੇਮੀਆਂ ਨੇ 35 ਲੱਖ ਦੇ ਕਰੀਬ ਦੀਆਂ ਕਿਤਾਬਾਂ ਖ਼ਰੀਦੀਆਂ

ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਭਾਸ਼ਾ ਵਿਭਾਗ ਪੰਜਾਬ ਵਲੋਂ ਆਲਮੀ ਪੰਜਾਬੀ ਅਦਬ ਫ਼ਾਊਂਡੇਸ਼ਨ (ਰਜਿ.) ਫ਼ਰੀਦਕੋਟ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਅਤੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਸਹਿਯੋਗ ਨਾਲ ਪੰਜ ਰੋਜ਼ਾ ਬਾਬਾ ਫ਼ਰੀਦ ਸਾਹਿਤ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਸੰਪੰਨ ਹੋ ਗਿਆ।

ਅਜੀਤ ਡੈਸਕ 25-09-2026
ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਭਾਸ਼ਾ ਵਿਭਾਗ ਪੰਜਾਬ ਵਲੋਂ ਆਲਮੀ ਪੰਜਾਬੀ ਅਦਬ ਫ਼ਾਊਂਡੇਸ਼ਨ (ਰਜਿ.) ਫ਼ਰੀਦਕੋਟ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਅਤੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਸਹਿਯੋਗ ਨਾਲ ਪੰਜ ਰੋਜ਼ਾ ਬਾਬਾ ਫ਼ਰੀਦ ਸਾਹਿਤ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਸੰਪੰਨ ਹੋ ਗਿਆ। ਮੇਲੇ ਦਾ ਉਦਘਾਟਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਲੋਂ ਕੀਤਾ ਗਿਆ। ਰਾਹੁਲ ਚਾਬਾ ਡਿਪਟੀ ਕਮਿਸ਼ਨਰ ਫ਼ਰੀਦਕੋਟ, ਕੇਸ਼ਵ ਗੋਇਲ ਵਧੀਕ ਡਿਪਟੀ ਕਮਿਸ਼ਨਰ, ਰਾਜੇਸ਼ ਮੋਹਨ ਪ੍ਰਿੰਸੀਪਲ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਪ੍ਰਸਿੱਧ ਪੰਜਾਬੀ ਸ਼ਾਇਰ ਵਿਜੇ ਵਿਵੇਕ ਅਤੇ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਵੀ ਮੌਜੂਦ ਸਨ । ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਸਾਹਿਤ ਪੜ੍ਹਨ ਸਬੰਧੀ ਆਪਣੇ ਅਨੁਭਵ ਸਾਂਝੇ ਕੀਤੇ। ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਇਸ ਮੇਲੇ ਦੇ ਇਤਿਹਾਸ ਬਾਰੇ ਦੱਸਦਿਆਂ ਇਸ ਨੂੰ ਮਾਲਵੇ ਦਾ ਵੱਡਾ ਪੁਸਤਕ ਮੇਲਾ ਕਰਾਰ ਦਿੱਤਾ, ਜਿਸ ਵਿਚ ਹਰ ਵਾਰ ਸੈਂਕੜੇ ਨਵੀਆਂ ਕਿਤਾਬਾਂ ਰਿਲੀਜ਼ ਹੁੰਦੀਆਂ ਹਨ । ਇਸ ਵਾਰ ਮੇਲੇ ਦੌਰਾਨ 75 ਦੇ ਕਰੀਬ ਪ੍ਰਕਾਸ਼ਕਾਂ ਵਲੋਂ ਸ਼ਮੂਲੀਅਤ ਕੀਤੀ ਗਈ ਹੈ। ਮੰਚ ਸੰਚਾਲਨ ਜਸਬੀਰ ਜੱਸੀ ਨੇ ਕੀਤਾ। ਪਹਿਲੇ ਸੈਸ਼ਨ ਕਥਾ-ਕਾਰਵਾਂ ਵਿਚ ਪੰਜਾਬੀ ਕਹਾਣੀ ਦੇ ਉੱਘੇ ਹਸਤਾਖ਼ਰ ਬਲਵਿੰਦਰ ਗਰੇਵਾਲ ਅਤੇ ਜਤਿੰਦਰ ਹਾਂਸ ਨਾਲ ਗੁਰਮੀਤ ਕੜਿਆਲਵੀ ਵਲੋਂ ਸੰਵਾਦ ਰਚਾਇਆ ਗਿਆ। ਪੰਜਾਬੀ ਕਹਾਣੀ ਦੀਆਂ ਅਨੇਕ ਪਰਤਾਂ ਬਾਰੇ ਖੁੱਲ੍ਹਾ ਵਿਚਾਰ ਵਟਾਂਦਰਾ ਕੀਤਾ ਗਿਆ। ਸ਼ਾਮ ਦੇ ਸੈਸ਼ਨ ਯੁਵਾ ਸਾਹਿਤ ਦੇ ਸੰਗ ਦੌਰਾਨ ਨੌਜਵਾਨ ਕਹਾਣੀਕਾਰ ਆਗ਼ਾਜ਼ਬੀਰ ਅਤੇ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜੇਤੂ ਕਵੀ ਰਣਧੀਰ ਨਾਲ ਨੌਜਵਾਨ ਚਿੰਤਕ ਪ੍ਰੋ. ਗੁਰਦੀਪ ਸਿੰਘ ਢਿੱਲੋਂ ਵਲੋਂ ਸੰਵਾਦ ਰਚਾਇਆ ਗਿਆ, ਜਿਸ ਵਿਚ ਅਜੋਕੇ ਦੌਰ ਵਿਚ ਸਾਹਿਤ ’ਚ ਆ ਰਹੇ ਬਦਲਵੇਂ ਪੜਾਵਾਂ ਦੀ ਡੂੰਘੀ ਪੜਚੋਲ ਪੇਸ਼ ਕੀਤੀ ਗਈ। ਦੂਸਰੇ ਦਿਨ ਸਵੇਰ ਦੇ ਸੈਸ਼ਨ ਦੌਰਾਨ ‘ਦੇਹ ਕੀ ਸਾਖੀ’ ਸਿਰਲੇਖ ਤਹਿਤ ਉੱਘੇ ਨਾਵਲਕਾਰ ਡਾ. ਗੁਰਮਿੰਦਰ ਸਿੰਘ ਰੂਪੋਵਾਲੀ ਨਾਲ ਅਵਤਾਰ ਸਿੰਘ ਔਲਖ ਨੇ ਸੰਵਾਦ ਰਚਾਇਆ। ਦੁਪਹਿਰ ਦੇ ਸੈਸ਼ਨ ਦੌਰਾਨ ‘ਸਿਨੇਮਾ ਤੇ ਸਮਕਾਲ’ ਵਿਸ਼ੇ ਤਹਿਤ ਉੱਘੇ ਫਿਲਮਸਾਜ਼ ਜਸ ਗਰੇਵਾਲ ਨਾਲ ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਸੰਵਾਦ ਰਚਾਇਆ। ਮੇਲੇ ਦੇ ਤੀਜੇ ਦਿਨ ਵੀ ਪੁਸਤਕ ਪ੍ਰੇਮੀ ਪਾਠਕਾਂ ਦਾ ਉਤਸ਼ਾਹ ਪਹਿਲੇ ਦਿਨ ਵਾਂਗ ਹੀ ਬਰਕਰਾਰ ਰਿਹਾ। ਇਸ ਦਿਨ ਦੀ ਖੂਬਸੂਰਤੀ ਇਹ ਰਹੀ ਕਿ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਵਲੋਂ ਵੀ ਪੂਰਾ ਦਿਨ ਸਾਹਿਤ ਮੇਲੇ ਵਿਚ ਸ਼ਮੂਲੀਅਤ ਕੀਤੀ ਗਈ। ਮੇਲੇ ਦੇ ਤੀਸਰੇ ਦਿਨ ਰੂਬਰੂ ਸਮਾਗਮਾਂ ਦੀ ਲੜੀ ਵਿਚ ਸਵੇਰ ਦੇ ਸੈਸ਼ਨ ’ਚ ਨਾਟਕਕਾਰ ਕੇਵਲ ਧਾਲੀਵਾਲ ਦੇ ਰੰਗਮੰਚ ਦੇ ਸਫ਼ਰ ਬਾਰੇ ਡਾ. ਜਗਦੀਪ ਸਿੰਘ ਸੰਧੂ ਵਲੋਂ ਸੰਵਾਦ ਰਚਾਇਆ ਗਿਆ। ਸ਼ਾਮ ਦੇ ਸੈਸ਼ਨ ਵਿਚ ਆਰਟਿਸਟ ਅਤੇ ਵਾਰਤਕ ਲੇਖਕ ਨਿਰਲੇਪ ਸਿੰਘ ਨਾਲ ਪ੍ਰਸਿੱਧ ਲੇਖਕ ਗੁਰਪ੍ਰੀਤ ਵਲੋਂ ਗੱਲ-ਬਾਤ ਕੀਤੀ ਗਈ। ਨਿਰਲੇਪ ਸਿੰਘ ਵਲੋਂ ਗੱਲਬਾਤ ਕਰਦਿਆਂ ਮਨੁੱਖ ਦੇ ਸਦੀਵੀ ਸਫ਼ਰ ਦੇ ਹਵਾਲੇ ਨਾਲ ਆਪਣੇ ਜੀਵਨ ਸਫ਼ਰ ਬਾਰੇ ਦੱਸਿਆ ਗਿਆ। ਚੌਥੇ ਦਿਨ ਨਾਮਵਰ ਗੀਤਕਾਰ ਬਾਬੂ ਸਿੰਘ ਮਾਨ ਸਰੋਤਿਆਂ ਦੇ ਰੂਬਰੂ ਹੋਏ। ਕੁਮਾਰ ਜਗਦੇਵ ਵਲੋਂ ਸ. ਮਾਨ ਨਾਲ ਰਚਾਏ ਸੰਵਾਦ ਲਈ ਬਹੁਤ ਵੱਡੀ ਗਿਣਤੀ ’ਚ ਸਾਹਿਤ ਰਸੀਏ ਪਹੁੰਚੇ। ਚੌਥੇ ਦਿਨ ਸ਼ਾਮ ਦੇ ਸੈਸ਼ਨ ਵਿਚ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੌਰਾਨ ਸੂਬੇ ਦੇ ਕੋਨੇ-ਕੋਨੇ ’ਚੋਂ ਆਏ ਕਵੀਆਂ ਨੇ ਵੱਖ-ਵੱਖ ਵੰਨਗੀਆਂ ਦੀ ਕਾਵਿ ਰਚਨਾਵਾਂ ਰਾਹੀਂ ਸਾਹਿਤ ਉਤਸਵ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਕਵੀ ਦਰਬਾਰ ਦੀ ਪ੍ਰਧਾਨਗੀ ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਨੇ ਕੀਤੀ। ਸ਼ਾਇਰ ਤੇ ਸੰਗੀਤਕਾਰ ਪ੍ਰਿੰ. ਰਾਜੇਸ਼ ਮੋਹਨ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਕਵੀ ਦਰਬਾਰ ਵਿਚ ਤ੍ਰੈਲੋਚਨ ਲੋਚੀ, ਸਿਮਰਨ ਅਕਸ, ਸੁਨੀਲ ਚੰਦਿਆਣਵੀ, ਡਾ. ਦੇਵਿੰਦਰ ਸੈਫ਼ੀ, ਬਲਕਾਰ ਔਲਖ, ਭੁਪਿੰਦਰ ਕੌਰ ਪ੍ਰੀਤ, ਡਾ. ਅਜੀਤਪਾਲ ਜਟਾਣਾ, ਨੀਤੂ, ਸਵਾਮੀ ਅੰਤਰ ਨੀਰਵ, ਦਰਸ਼ਨ ਬੁੱਟਰ, ਪ੍ਰਿੰ. ਰਾਜੇਸ਼ ਮੋਹਨ, ਗੁਰਤੇਜ ਕੋਹਾਰਵਾਲਾ, ਵਿਜੇ ਵਿਵੇਕ ਆਦਿ ਕਵੀਆਂ ਨੇ ਆਪਣੀ ਦਮਦਾਰ ਸ਼ਾਇਰੀ ਨਾਲ ਸਮਾਂ ਬੰਨ੍ਹ ਦਿੱਤਾ। ਸਾਹਿਤ ਮੇਲੇ ਦਾ ਪੰਜਵਾਂ ਦਿਨ ਬਹੁਤ ਵੱਖਰੇ ਅਹਿਸਾਸ ਨਾਲ ਭਰਿਆ ਹੋਇਆ ਸੀ। ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ਵਿਦਾਇਗੀ ਦਾ ਸਮਾਂ ਨੇੜੇ ਆ ਗਿਆ ਸੀ। ਇਸ ਅਹਿਸਾਸ ਨੂੰ ਸ਼ਬਦਾਂ ’ਚ ਬਦਲਣ ਲਈ ਭਾਵਪੂਰਤ ਵਿਦਾਇਗੀ ਸਮਾਗਮ ਰਚਿਆ ਗਿਆ ਜਿਸ ਵਿਚ ਨਿੰਦਰ ਘੁਗਿਆਣਵੀ, ਨਵਦੀਪ ਗਿੱਲ ਖੇਡ ਲੇਖਕ, ਕੰਵਰਜੀਤ ਸਿੰਘ ਸਿੱਧੂ, ਪ੍ਰੋ. ਰਾਜੇਸ਼ ਮੋਹਨ, ਮਨਜੀਤ ਪੁਰੀ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੇ ਸੂਤਰਧਾਰ ਦੀ ਭੂਮਿਕਾ ਪ੍ਰੋ. ਰਣਜੀਤ ਸਿੰਘ ਬਾਜਵਾ ਵਲੋਂ ਨਿਭਾਈ ਗਈ। ਇਸ ਮੌਕੇ ਪ੍ਰਕਾਸ਼ਕਾਂ ਵਲੋਂ ਖੁਸ਼ਵੰਤ ਬਰਗਾੜੀ ਨੇ ਜਿੱਥੇ ਮੇਲੇ ਦੇ ਪਿਛੋਕੜ ਅਤੇ ਅੱਜ ਬਾਰੇ ਸੁਨੇਹਾ ਸਾਂਝਾ ਕੀਤਾ, ਉਥੇ ਦੀਪ ਦਿਲਬਰ ਨੇ ਆਪਣੇ ਅਹਿਸਾਸਾਂ ਨੂੰ ਕਵਿਤਾ ਰਾਹੀਂ ਪੇਸ਼ ਕੀਤਾ। ਇਸ ਦੇ ਨਾਲ ਹੀ ਹੈਰੀ ਭੋਲੂਵਾਲਾ ਨੇ ਗੀਤ ਰਾਹੀਂ ਹਾਜ਼ਰੀ ਲਵਾਈ। ਇਸ ਮੇਲੇ ਦੌਰਾਨ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਮੰਚ ਤੋਂ ਅਤੇ ਵੱਖ-ਵੱਖ ਸਟਾਲਾਂ ਤੋਂ ਲੋਕ-ਅਰਪਨ ਕੀਤੀਆਂ ਗਈਆਂ। ਮੇਲੇ ਵਿਚੋਂ ਪੁਸਤਕ ਪ੍ਰੇਮੀਆਂ ਨੇ 35 ਲੱਖ ਤੋਂ ਵੀ ਵੱਧ ਦੀਆਂ ਕਿਤਾਬਾਂ ਦੀ ਖਰੀਦ ਕੀਤੀ। ਹਰ ਸਾਲ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਲਗਾਤਾਰ ਵੱਧ ਰਿਹਾ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਇਸ ਮੇਲੇ ਨੂੰ ਨੇਪਰੇ ਚਾੜ੍ਹਨ ਵਿਚ ਦਿੱਤੇ ਸਹਿਯੋਗ ਲਈ ਸਮੂਹ ਧਿਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਰੋੜੀਕਪੂਰਾ ਤੇ ਜੈਤੋ ਪਹੁੰਚਣ ’ਤੇ ਭਰਵਾਂ ਸਵਾਗਤ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ... ਅਗਲੀ ਖ਼ਬਰ ਅੱਜ ਭੋਗ ’ਤੇ ਵਿਸ਼ੇਸ਼- ਮਾਤਾ ਪ੍ਰਕਾਸ਼ ਕੌਰ ਢਿੱਲੋਂ ਬਰਗਾੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।