ਪਟਿਆਲਾ, 27 ਅਕਤੂਬਰ (ਅ.ਸ. ਆਹਲੂਵਾਲੀਆ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਇਕ ਸ਼ੋਭਾ ਯਾਤਰਾ ਲਾਹੌਰੀ ਗੇਟ ਤੋਂ ਆਰੰਭ ਹੋਈ ਇਸ ਮੌਕੇ ਵੱਡੀ ਗਿਣਤੀ ਵਿਚ ਵਾਲਮੀਕਿ ਸਮਾਜ ਦੇ ਲੋਕਾਂ ਵਲੋਂ ਹਾਜਰੀ ਭਰੀ ਗਈ। ਇਸ ਤੋਂ ਇਲਾਵਾ ਕਈ ਪਾਰਟੀਆਂ ਦੇ ਰਾਜਨੀਤੀਕ ਆਗੂ ਵੀ ਸ਼ੋਭਾ ਯਾਤਰਾ ਦੀ ਆਰੰਭਤਾ ਮੌਕੇ ਹਾਜਰੀ ਲਵਾਉਣ ਪਹੁੰਚੇ। ਸ਼ੋਭਾ ਯਾਤਰਾ ਦਾ ਪਟਿਆਲਾ ਦੇ ਵੱਖ ਵੱਖ ਬਾਜਾਰਾਂ ਵਿਚ ਭਰਵਾਂ ਸਵਾਗਤ ਕੀਤਾ ਗਿਆ। ਕਈ ਬਾਜਾਰਾਂ ਦੀਆਂ ਐਸੋਸੀਏਸ਼ਨਾਂ ਵਲੋਂ ਸਟੇਜਾਂ ਲਗਾ ਕੇ ਸ਼ੋਭਾ ਯਾਤਰਾ ਵਿਚ ਸ਼ਾਮਲ ਲੋਕਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸ੍ਰੀ ਵਾਲਮੀਕ ਜੀ ਦੇ ਜੀਵਨ ਨਾਲ ਸੰਬੰਧਤ ਸੁੰਦਰ ਝਾਕੀਆਂ ਵੀ ਆਕਰਸ਼ਨ ਦਾ ਕੇਂਦਰ ਸਨ। ਕਈ ਥਾਈਂ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਬੈਂਡ ਪਾਰਟੀਆਂ ਵਲੋਂ ਧਾਰਮਿਕ ਧੁੰਨਾ ਨੇ ਮਾਹੌਲ ਧਾਰਮਿਕ ਰੰਗ ਵਿਚ ਰੰਗੀ ਰੱਖਿਆ। ਸਮਾਪਤੀ ਧੀਰੂ ਨਗਰ ਵਿਖੇ ਸਥਿਤ ਵਾਲਮੀਕਿ ਜੀ ਦੇ ਮੰਦਰ ਵਿਖੇ ਹੋਈ।