ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਭਾਈ ਬਗੀਚਾ ਸਿੰਘ ਰੱਤਖੇੜਾ ਦੀ ਅਹਿਮ ਬੈਠਕ
ਸਮਾਣਾ, 24 ਅਕਤੂਬਰ (ਸਾਹਿਬ ਸਿੰਘ)-ਸਮਾਜ ਸੇਵਾ ਅਤੇ ਪੰਥਕ ਮਸਲਿਆਂ ਲਈ ਯਤਨਸ਼ੀਲ ਭਾਈ ਬਗੀਚਾ ਸਿੰਘ ਰੱਤਖੇੜਾ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਤੇ ਇਲਾਕੇ ਦੀ ਟੁੱਟੀ ਸੜਕ ਦੇ ਮਸਲੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਅਹਿਮ ਬੈਠਕ ਕੀਤੀ ਗਈ। ਇਸ ਬੈਠਕ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ, ਗੂਹਲਾ ਹਲਕੇ ਦੇ ਸਾਬਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਵਿਸ਼ਵਜੀਤ ਸਿੰਘ ਰੱਤਖੇੜਾ ਅਤੇ ਭਗਵਾਨ ਸਿੰਘ ਚਾਨਚੱਕ ਸਮੇਤ ਹੋਰ ਸੱਜਣ ਹਾਜ਼ਰ ਸਨ।
ਸਮਾਣਾ, 24 ਅਕਤੂਬਰ (ਸਾਹਿਬ ਸਿੰਘ)-ਸਮਾਜ ਸੇਵਾ ਅਤੇ ਪੰਥਕ ਮਸਲਿਆਂ ਲਈ ਯਤਨਸ਼ੀਲ ਭਾਈ ਬਗੀਚਾ ਸਿੰਘ ਰੱਤਖੇੜਾ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਤੇ ਇਲਾਕੇ ਦੀ ਟੁੱਟੀ ਸੜਕ ਦੇ ਮਸਲੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਅਹਿਮ ਬੈਠਕ ਕੀਤੀ ਗਈ। ਇਸ ਬੈਠਕ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ, ਗੂਹਲਾ ਹਲਕੇ ਦੇ ਸਾਬਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਵਿਸ਼ਵਜੀਤ ਸਿੰਘ ਰੱਤਖੇੜਾ ਅਤੇ ਭਗਵਾਨ ਸਿੰਘ ਚਾਨਚੱਕ ਸਮੇਤ ਹੋਰ ਸੱਜਣ ਹਾਜ਼ਰ ਸਨ। ਭਾਈ ਵੜੈਚ ਰੱਤਾਖੇੜਾ ਅਨੁਸਾਰ ਰਾਤ 11 ਵਜੇ ਤੋਂ 12 ਵਜੇ ਤੱਕ ਲਗਭਗ ਇਕ ਘੰਟਾ ਚੱਲੀ ਇਸ ਬੈਠਕ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਜੀ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਆਪਣੀ ਮਾਤਾ ਨੂੰ ਮਿਲਣ ਲਈ ਇਕ ਹਫ਼ਤੇ ਦੀ ਪੈਰੋਲ ਦੇਣ ਦੀ ਮੰਗ ਰੱਖੀ ਗਈ। ਬਾਪੂ ਗੁਰਚਰਨ ਸਿੰਘ ਅਤੇ ਹੋਰ ਆਗੂਆਂ ਨੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ। ਮੁੱਖ ਮੰਤਰੀ ਸੈਣੀ ਨੇ ਸਾਰੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਅੱਗੇ ਵਧਾਉਣ ਲਈ ਯਤਨ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਭਾਈ ਬਗੀਚਾ ਸਿੰਘ ਰੱਤਖੇੜਾ ਨੇ ਪੰਥਕ ਮਸਲੇ ਦੇ ਨਾਲ-ਨਾਲ ਇਲਾਕੇ ਦੇ ਲੋਕਾਂ ਦੀ ਸਹੂਲਤ ਨਾਲ ਜੁੜਿਆ ਅਹਿਮ ਮੁੱਦਾ ਵੀ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਨੇ ਪਿੰਡ ਚਾਬੇ ਤੋਂ ਮੂਦਪੁਰ ਤੱਕ ਟੁੱਟੀ ਹੋਈ ਸੜਕ ਦੀ ਸਮੱਸਿਆ ਬਾਰੇ ਦੱਸਦਿਆਂ ਇਸ ਸੜਕ ਨੂੰ ਜਲਦੀ ਬਣਵਾਉਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਸੜਕ ਦੇ ਨਿਰਮਾਣ ਸਬੰਧੀ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਪੰਥਕ ਮਸਲਿਆਂ ਦੇ ਨਾਲ ਸਮਾਜ ਸੇਵਾ ਵਿਚ ਭਾਈ ਬਗੀਚਾ ਸਿੰਘ ਰੱਤਖੇੜਾ ਸਰਗਰਮ ਰਹਿੰਦੇ ਹਨ। ਬਾਪੂ ਗੁਰਚਰਨ ਸਿੰਘ ਜੀ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਮਲੇ ਨੂੰ ਮੁੱਖ ਮੰਤਰੀ ਤੱਕ ਪਹੁੰਚਾਉਣ ਲਈ ਭਾਈ ਬਗੀਚਾ ਸਿੰਘ ਰੱਤਖੇੜਾ ਵੱਲੋਂ ਕੀਤੇ ਯਤਨਾਂ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਉਮੀਦ ਜਤਾਈ ਕਿ ਸਾਂਝੇ ਯਤਨਾਂ ਨਾਲ ਇਸ ਮਾਮਲੇ ਵਿਚ ਸਕਾਰਾਤਮਕ ਨਤੀਜਾ ਸਾਹਮਣੇ ਆਵੇਗਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਤਾ ਜੀ ਨੂੰ ਮਿਲਣ ਦਾ ਮੌਕਾ ਮਿਲ ਸਕੇਗਾ।